ਧਰਨੇ ਦੌਰਾਨ ਪ੍ਰਦਰਸ਼ਨਕਾਰੀ ਮਹਿਲਾ ਦੀ ਮੌਤ

09/17/2019 8:05:46 PM

ਫਿਰੋਜ਼ਪੁਰ, (ਕੁਮਾਰ)- ਆਪਣੀਆਂ ਮੰਗਾਂ ਨੂੰ ਪੂਰਾ ਕਰਵਾਉਣ ਲਈ 28 ਅਗਸਤ ਤੋਂ ਲਗਾਤਾਰ ਪ੍ਰਦਰਸ਼ਨ ਕਰ ਰਹੀ ਮਲਟੀਪਰਪਜ਼ ਹੈਲਥ ਵਰਕਰਜ਼ ਯੂਨੀਅਨ ਫਿਰੋਜ਼ਪੁਰ ਦੀ ਇਕ ਮਹਿਲਾ ਸਾਥੀ ਦੀ ਮੌਤ ਹੋ ਗਈ ਅਤੇ ਪ੍ਰਦਰਸ਼ਨਕਾਰੀਆਂ ਨੇ ਆਪਣੀ ਸਾਥੀ ਮਹਿਲਾ ਕਰਮਚਾਰੀ ਦੀ ਮੌਤ ਦਾ ਕਾਰਣ ਟੈਨਸ਼ਨ ਕਰਾਰ ਦਿੱਤਾ ਹੈ। ਯੂਨੀਅਨ ਆਗੂ ਕਮਲਜੀਤ ਕੌਰ ਦੀ ਅਗਵਾਈ ਹੇਠ ਜ਼ਿਲਾ ਹੈੱਡ ਕੁਆਰਟਰ 'ਤੇ ਪ੍ਰਦਰਸ਼ਨ ਕਰ ਰਹੇ ਮਲਟੀਪਰਪਜ਼ ਹੈਲਥ ਵਰਕਰਾਂ ਨੇ ਕਿਹਾ ਕਿ ਉਹ ਪਿਛਲੇ 15 ਸਾਲਾਂ ਤੋਂ ਕੰਮ ਕਰ ਰਹੇ ਹਨ ਪਰ ਅੱਜ ਤੱਕ ਉਨ੍ਹਾਂ ਦੀ ਕੋਈ ਵੀ ਮੰਗ ਸਰਕਾਰ ਨੇ ਪੂਰੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਖਿਲਾਫ ਪ੍ਰਦਰਸ਼ਨ ਦੌਰਾਨ ਉਨ੍ਹਾਂ ਦੀ ਸਾਥੀ ਵਰਕਰ ਮੋਨਿਕਾ ਜੋ ਕਿ ਕੈਂਟ ਡਿਸਪੈਂਸਰੀ 'ਚ ਤਾਇਨਾਤ ਸੀ, ਦੀ ਮੌਤ ਹੋ ਗਈ। ਉਹ ਹਰ ਰੋਜ਼ ਧਰਨੇ 'ਚ ਸ਼ਾਮਲ ਹੋ ਕੇ ਆਪਣਾ ਰੋਸ ਜ਼ਾਹਿਰ ਕਰਦੀ ਸੀ ਪਰ ਸਰਕਾਰ ਵੱਲੋਂ ਤਨਖਾਹ ਨਾ ਮਿਲਣ ਅਤੇ ਮੰਗਾਂ ਪੂਰੀਆਂ ਨਾ ਹੋਣ ਦੀ ਸੂਰਤ 'ਚ ਉਹ ਟੈਨਸ਼ਨ ਕਾਰਣ ਬੀਮਾਰ ਰਹਿਣ ਲੱਗੀ, ਜਿਸ ਕਾਰਣ ਉਸ ਦੀ ਮੌਤ ਹੋ ਗਈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸਰਕਾਰ ਵੱਲੋਂ ਕੋਈ ਸਹੂਲਤ ਨਾ ਮਿਲਣ ਕਾਰਣ ਹੀ ਉਨ੍ਹਾਂ ਦੀ ਸਾਥੀ ਅੱਜ ਉਨ੍ਹਾਂ ਤੋਂ ਦੂਰ ਹੋ ਗਈ ਹੈ ਅਤੇ ਉਸ ਦੇ ਪਰਿਵਾਰ ਦਾ ਉਸ ਤੋਂ ਇਲਾਵਾ ਕੋਈ ਸਹਾਰਾ ਨਹੀਂ ਸੀ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਮ੍ਰਿਤਕ ਵਰਕਰ ਦੇ ਪਰਿਵਾਰ ਨੂੰ ਆਰਥਕ ਸਹਾਇਤਾ ਦਿੱਤੀ ਜਾਵੇ ਅਤੇ ਉਸ ਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।


Bharat Thapa

Content Editor

Related News