ਕਾਰ ਸਵਾਰ ਔਰਤਾਂ ਬਜ਼ੁਰਗ ਔਰਤ ਦੇ ਹੱਥੋਂ 16 ਗ੍ਰਾਮ ਸੋਨੇ ਦਾ ਕੰਗਣ ਲਾਹ ਕੇ ਫਰਾਰ
Sunday, May 04, 2025 - 05:48 PM (IST)

ਜੈਤੋ (ਜਿੰਦਲ, ਲਵਿਸ਼)- ਚੌਧਰੀ ਬ੍ਰਿਜ ਲਾਲ ਸਟ੍ਰੀਟ ’ਚ ਕਾਰ ਸਵਾਰ 2 ਔਰਤਾਂ 80 ਸਾਲਾ ਬਜ਼ੁਰਗ ਔਰਤ ਤ੍ਰਿਸ਼ਨਾ ਦੇਵੀ ਪਤਨੀ ਰਾਜ ਕੁਮਾਰ ਦੇ ਹੱਥੋਂ 16 ਗ੍ਰਾਮ ਸੋਨੇ ਦਾ ਕੰਗਣ ਲਾਹ ਕੇ ਫਰਾਰ ਹੋ ਗਈਆਂ। ਇਸ ਸਬੰਧੀ ਪੀੜਤ ਬਜ਼ੁਰਗ ਔਰਤ ਨੇ ਦੱਸਿਆ ਕਿ ਉਹ ਘਰ ਦੇ ਬਾਹਰ ਖੜ੍ਹੀ ਸੀ। ਅਚਾਨਕ ਇਕ ਕਾਰ ਉਸ ਦੇ ਨੇੜੇ ਆ ਕੇ ਰੁਕੀ, ਜਿਸ ’ਚ ਪਿਛਲੀ ਸੀਟ ’ਤੇ 2 ਧੋਖੇਬਾਜ਼ ਔਰਤਾਂ ਬੈਠੀਆਂ ਸਨ। ਕਾਰ ਦਾ ਨੰਬਰ ਵੀ ਗਲਤ ਸੀ।
ਕਾਰ ’ਚ ਬੈਠੀ ਇਕ ਔਰਤ ਨੇ ਬਜ਼ੁਰਗ ਕੋਲੋਂ ਪਾਣੀ ਮੰਗਿਆ ਤੇ ਕਿਹਾ ਕਿ ਗੱਡੀ ’ਚ ਤੁਹਾਡੀ ਭੈਣ ਵੀ ਬੈਠੀ ਹੈ। ਤੁਸੀਂ ਕਾਰ ਦੇ ਦੂਜੇ ਪਾਸੇ ਆ ਕੇ ਉਸ ਨੂੰ ਮਿਲ ਲਵੋ। ਜਦੋਂ ਉਹ ਉੱਥੇ ਪਹੁੰਚੀ ਤਾਂ ਕਾਰ ਵਿਚ ਬੈਠੀ ਔਰਤ ਨੇ ਦਰਵਾਜ਼ਾ ਖੋਲ੍ਹਿਆ ਅਤੇ ਬਜ਼ੁਰਗ ਔਰਤ ਨੂੰ ਜੱਫੀ ਪਾਉਣ ਦੀ ਕੋਸ਼ਿਸ਼ ਕੀਤੀ ਅਤੇ ਉਸ ਦੀ ਬਾਂਹ ’ਚ ਪਾਇਆ ਸੋਨੇ ਦਾ ਕੰਗਣ ਲਾਹ ਲਿਆ। ਇਸ ਦਾ ਔਰਤ ਨੂੰ ਬਿਲਕੁਲ ਵੀ ਪਤਾ ਨਹੀਂ ਲੱਗਾ। ਕਾਰ ਸਵਾਰ ਔਰਤਾਂ ਫਰਾਰ ਹੋ ਗਈਆਂ। ਪੁਲਸ ਮੌਕੇ ’ਤੇ ਪਹੁੰਚ ਕੇ ਜਾਂਚ ਕਰ ਰਹੀ ਹੈ।