ਮਾਨਸਿਕ ਤਣਾਅ ਕਾਰਨ ਔਰਤ ਨੇ ਖਾਧਾ ਜ਼ਹਿਰੀਲਾ ਪਦਾਰਥ

Thursday, Jun 19, 2025 - 04:44 PM (IST)

ਮਾਨਸਿਕ ਤਣਾਅ ਕਾਰਨ ਔਰਤ ਨੇ ਖਾਧਾ ਜ਼ਹਿਰੀਲਾ ਪਦਾਰਥ

ਅਬੋਹਰ (ਜ. ਬ.) : ਸਥਾਨਕ ਮੁਹੱਲਾ ਚੰਡੀਗੜ੍ਹ ਵਾਸੀ ਅਤੇ ਪਟਿਆਲਾ ’ਚ ਵਿਆਹੀ ਇਕ ਔਰਤ ਨੇ ਮਾਨਸਿਕ ਤਣਾਅ ਕਾਰਨ ਕੋਈ ਜ਼ਹਿਰੀਲਾ ਪਦਾਰਥ ਖਾ ਲਿਆ। ਉਸ ਦੇ ਭਰਾ ਨੇ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਸ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਰੈਫਰ ਕਰ ਦਿੱਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਔਰਤ ਦੇ ਭਰਾ ਸਾਗਰ ਨੇ ਦੱਸਿਆ ਕਿ ਉਸ ਦੀ ਭੈਣ ਵੀਨਾ, ਜਿਸ ਦੀ ਉਮਰ ਲਗਭਗ 30 ਸਾਲ ਹੈ, ਦਾ ਵਿਆਹ ਲਗਭਗ 10 ਸਾਲ ਪਹਿਲਾਂ ਪਟਿਆਲਾ ਨਿਵਾਸੀ ਸੂਰਜ ਕੁਮਾਰ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਨ੍ਹਾਂ ਦੇ ਘਰ ਚਾਰ ਧੀਆਂ ਪੈਦਾ ਹੋਈਆਂ।

ਉਸ ਨੇ ਦੱਸਿਆ ਕਿ ਵੀਨਾ ਦਾ ਪਤੀ ਨਸ਼ੇੜੀ ਹੈ ਅਤੇ ਚਿੱਟੇ ਦਾ ਆਦੀ ਹੈ ਅਤੇ ਅਕਸਰ ਉਸ ਨੂੰ ਕੁੱਟਦਾ ਹੈ। ਜਿਸ ਕਾਰਨ ਉਸ ਦੀ ਭੈਣ ਵੀਨਾ ਪਿਛਲੇ ਤਿੰਨ ਸਾਲਾਂ ਤੋਂ ਅਬੋਹਰ ’ਚ ਇੱਕ ਧੀ ਨਾਲ ਆਪਣੇ ਪੇਕੇ ਰਹਿ ਰਹੀ ਹੈ। ਸਾਗਰ ਨੇ ਦੱਸਿਆ ਕਿ ਉਸ ਦੀ ਭੈਣ ਆਪਣੇ ਪਤੀ ਅਤੇ ਸਹੁਰਿਆਂ ਵੱਲੋਂ ਤੰਗ-ਪ੍ਰੇਸ਼ਾਨ ਕਰਨ ਕਾਰਨ ਮਾਨਸਿਕ ਤੌਰ ’ਤੇ ਪਰੇਸ਼ਾਨ ਸੀ। ਅੱਜ ਜਦੋਂ ਉਹ ਅਤੇ ਉਸ ਦੀ ਮਾਂ ਗੰਗਾ ਕੰਮ ’ਤੇ ਗਏ ਹੋਏ ਸੀ ਤਾਂ ਵੀਨਾ ਨੇ ਕੋਈ ਜ਼ਹਿਰੀਲਾ ਪਦਾਰਥ ਖਾ ਲਿਆ। ਜਦੋਂ ਉਹ ਦੁਪਹਿਰ ਦੇ ਖਾਣੇ ਲਈ ਘਰ ਆਇਆ ਤਾਂ ਉਸ ਨੇ ਦੇਖਿਆ ਕਿ ਵੀਨਾ ਬਿਸਤਰੇ ਤੋਂ ਹੇਠਾਂ ਪਈ ਸੀ ਅਤੇ ਬੇਹੋਸ਼ ਸੀ। ਉਹ ਤੁਰੰਤ ਉਸ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲੈ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮੁੱਢਲੀ ਸਹਾਇਤਾ ਦਿੱਤੀ ਅਤੇ ਫਿਰ ਉਸ ਨੂੰ ਰੈਫਰ ਕਰ ਦਿੱਤਾ।

ਇਸ ਸਬੰਧੀ ਜਦੋਂ ਨਗਰ ਥਾਣਾ ਨੰਬਰ 2 ਦੇ ਇੰਚਾਰਜ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਹੁਣ ਤੱਕ ਉਨ੍ਹਾਂ ਨੂੰ ਹਸਪਤਾਲ ਤੋਂ ਅਜਿਹੀ ਕੋਈ ਜਾਣਕਾਰੀ ਨਹੀਂ ਮਿਲੀ ਹੈ ਅਤੇ ਨਾ ਹੀ ਪਰਿਵਾਰ ਨੇ ਕੋਈ ਸ਼ਿਕਾਇਤ ਦਿੱਤੀ ਹੈ, ਫਿਰ ਵੀ ਉਹ ਇਸ ਬਾਰੇ ਪਤਾ ਲਗਾਉਣ ਲਈ ਇਕ ਕਰਮਚਾਰੀ ਭੇਜਣਗੇ।


author

Gurminder Singh

Content Editor

Related News