ਔਰਤ ਦੇ ਗਲ਼ੇ ’ਚੋਂ ਸੋਨੇ ਦੀ ਚੇਨ ਝਪਟਣ ਦੀ ਕੋਸ਼ਿਸ਼ ਕਰਨ ਵਾਲੇ ਝਪਟਮਾਰਾਂ ਦੀ ਔਰਤ ਨੇ ਕੀਤੀ ਥੱਪੜ ਪਰੇਡ
Monday, Jul 25, 2022 - 09:36 PM (IST)
 
            
            ਭਵਾਨੀਗੜ੍ਹ (ਕਾਂਸਲ) : ਸ਼ਹਿਰ 'ਚ ਘੁੰਮ ਰਹੇ ਮੋਟਰਸਾਈਕਲ ਸਵਾਰ ਝਪਟਮਾਰਾਂ ਵੱਲੋਂ ਅੱਜ ਸਵੇਰੇ ਇਕ ਔਰਤ ਦੇ ਗਲ਼ੇ ’ਚੋ ਸੋਨੇ ਦੀ ਚੇਨ ਝਪਟਣ ਦੀ ਕੋਸ਼ਿਸ਼ ਕਰਨ 'ਤੇ ਔਰਤ ਵੱਲੋਂ ਝਪਟਮਾਰਾਂ ਦੀ ਥੱਪੜ ਪ੍ਰੇਡ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਅਨਾਜ ਮੰਡੀ ਦੀ ਬੈਕ ਸਾਈਡ ਰਹਿੰਦੇ ਵਿੰਨੀ ਕੁਮਾਰ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਉਸ ਦੀ ਪਤਨੀ ਘਰੇਲੂ ਸਾਮਾਨ ਲੈਣ ਆਪਣੀ ਸਕੂਟਰੀ ਘਰੋਂ ਬਾਹਰ ਕੱਢ ਰਹੀ ਸੀ ਤਾਂ ਇਕ ਮੋਟਰਸਾਈਕਲ 'ਤੇ 2 ਅਣਪਛਾਤਿਆਂ ਨੇ ਜਦੋਂ ਉਸ ਦੀ ਪਤਨੀ ਦੇ ਗਲ਼ੇ ’ਚੋਂ ਸੋਨੇ ਦੀ ਚੇਨ ਝਪਟਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀ ਪਤਨੀ ਨੇ ਝਪਟਮਾਰ ਦਾ ਹੱਥ ਫੜ ਲਿਆ ਅਤੇ ਪੂਰੀ ਮੁਸਤੈਦੀ ਨਾਲ ਇਨ੍ਹਾਂ ਝਪਟਮਾਰਾਂ ਦਾ ਮੁਕਾਬਲਾ ਕਰਦਿਆਂ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ।
ਖ਼ਬਰ ਇਹ ਵੀ : ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ
ਔਰਤ ਵੱਲੋਂ ਰੌਲਾ ਪਾਉਣ ’ਤੇ ਇਹ ਝਪਟਮਾਰ ਭੱਜਣ ’ਚ ਸਫ਼ਲ ਹੋ ਗਏ। ਉਨ੍ਹਾਂ ਇਸ ਘਟਨਾ ਦੀ ਸੂਚਨਾ ਸਬ-ਡਵੀਜ਼ਨ ਦੇ ਡੀ.ਐੱਸ.ਪੀ. ਨੂੰ ਕਰਦਿਆਂ ਮੰਗ ਕੀਤੀ ਕਿ ਸ਼ਹਿਰ ’ਚ ਘੁੰਮ ਰਹੇ ਇਨ੍ਹਾਂ ਝਪਟਮਾਰਾਂ ਨੂੰ ਤੁਰੰਤ ਕਾਬੂ ਕੀਤਾ ਜਾਵੇ। ਮਿਲੀ ਜਾਣਕਾਰੀ ਅਨੁਸਾਰ ਪੁਲਸ ਵੱਲੋਂ ਇਨ੍ਹਾਂ ਝਪਟਮਾਰਾਂ ਨੂੰ ਕਾਬੂ ਕਰਨ ਲਈ ਸ਼ਹਿਰ ’ਚ ਲੱਗੇ ਸੀ.ਸੀ.ਟੀ.ਵੀ ਕੈਮਰੇ ਖੰਗਾਲੇ ਜਾ ਰਹੇ ਹਨ। ਸਥਾਨਕ ਵਪਾਰ ਮੰਡਲ ਦੇ ਪ੍ਰਧਾਨ ਹਨੀ ਕਾਂਸਲ ਨੇ ਵੀ ਸ਼ਹਿਰ ’ਚ ਬੇਖੌਫ਼ ਘੁੰਮ ਰਹੇ ਇਨ੍ਹਾਂ ਝਪਟਮਾਰਾਂ ਦੀ ਸੀ.ਸੀ.ਟੀ.ਵੀ. ’ਚ ਕੈਦ ਹੋਈ ਫੋਟੋ ਸੋਸ਼ਲ ਮੀਡੀਆ 'ਤੇ ਸਾਂਝੀ ਕਰਦਿਆਂ ਇਲਾਕਾ ਨਿਵਾਸੀਆਂ ਨੂੰ ਇਨ੍ਹਾਂ ਤੋਂ ਸੁਚੇਤ ਰਹਿਣ ਤੇ ਇਨ੍ਹਾਂ ਦੀ ਸੂਚਨਾ ਸਥਾਨਕ ਪੁਲਸ ਨੂੰ ਦੇਣ ਦੀ ਅਪੀਲ ਕੀਤੀ।
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            