ਔਰਤ ਨੇ 108 ਐਂਬੂਲੈਂਸ ''ਚ ਦਿੱਤਾ ਬੇਟੇ ਨੂੰ ਜਨਮ

10/20/2019 11:26:40 PM

ਬਠਿੰਡਾ, (ਪਰਮਿੰਦਰ)— ਪਿੰਡ ਕੋਟਲੀ ਵਾਸੀ ਇਕ ਗਰਭਵਤੀ ਔਰਤ ਨੇ 108 ਐਂਬੂਲੈਂਸ 'ਚ ਹੀ ਇਕ ਬੇਟੇ ਨੂੰ ਜਨਮ ਦਿੱਤਾ। ਉਕਤ ਐਂਬੂਲੈਂਸ 'ਚ ਤਾਇਨਾਤ ਈ. ਐੱਮ. ਟੀ. ਤੇ ਹੋਰ ਸਟਾਫ ਨੇ ਜ਼ਿੰਮੇਵਾਰੀ ਨਿਭਾਉਂਦੇ ਹੋਏ ਬੱਚੇ ਦੀ ਜਾਨ ਬਚਾਈ। 108 ਐਂਬੂਲੈਂਸ ਦੇ ਜ਼ਿਲਾ ਇੰਚਾਰਜ ਗੁਰਮਨ ਸਿੰਘ ਨੇ ਦੱਸਿਆ ਕਿ ਪਿੰਡ ਕੋਟਲੀ 'ਚ ਇਕ ਗਰਭਵਤੀ ਔਰਤ ਨੂੰ ਹਸਪਤਾਲ ਪਹੁੰਚਣ ਸਬੰਧੀ ਉਨ੍ਹਾਂ ਨੂੰ ਹੈੱਡਕੁਆਰਟਰ 'ਚ ਸੂਚਨਾ ਮਿਲੀ ਸੀ। ਇਸ 'ਤੇ ਉਨ੍ਹਾਂ ਨੇ ਐਂਬੂਲੈਂਸ-11 ਨੂੰ ਪਿੰਡ ਕੋਟਲੀ ਭੇਜਿਆ, ਜਿਸ 'ਚ ਪਾਇਲਟ ਸਰਬਜੀਤ ਸਿੰਘ ਅਤੇ ਈ. ਐੱਮ. ਟੀ. (ਐਮਰਜੈਂਸੀ ਮੈਡੀਕਲ ਟੈਕਨੀਸ਼ੀਅਨ) ਬਖਸ਼ੀਸ਼ ਸਿੰਘ ਸਵਾਰ ਸੀ। ਉਕਤ ਦੋਵਾਂ ਨੇ ਪਿੰਡ ਕੋਟਲੀ ਪਹੁੰਚ ਕੇ ਔਰਤ ਰੁਪਿੰਦਰ ਕੌਰ ਪਤਨੀ ਬਲਵਿੰਦਰ ਸਿੰਘ ਨੂੰ ਐਂਬੂਲੈਂਸ 'ਚ ਪਾਇਆ ਤੇ ਸਿਵਲ ਹਸਪਤਾਲ ਗੋਨਿਆਣਾ ਲਈ ਰਵਾਨਾ ਹੋ ਗਏ ਪਰ ਰਸਤੇ 'ਚ ਹੀ ਪਿੰਡ ਮਹਿਮਾ ਸਰਜਾ ਨਜ਼ਦੀਕ ਔਰਤ ਨੂੰ ਜਣੇਪਾ ਦਰਦ ਸ਼ੁਰੂ ਹੋ ਗਈ। ਇਸ 'ਤੇ ਈ. ਐੱਮ. ਟੀ. ਬਖ਼ਸ਼ੀਸ਼ ਸਿੰਘ ਨੇ ਡਾ. ਸੀਮਾ ਤੇ ਆਸ਼ਾ ਵਰਕਰ ਬੇਅੰਤ ਕੌਰ ਦੀ ਆਨਲਾਈਨ ਮਦਦ ਨਾਲ ਡਲਿਵਰੀ ਕਰਵਾਈ ਅਤੇ ਔਰਤ ਨੇ ਇਕ ਬੇਟੇ ਨੂੰ ਜਨਮ ਦਿੱਤਾ। ਬਾਅਦ 'ਚ ਦੋਵੇਂ ਮਾਂ-ਬੇਟੇ ਨੂੰ ਸਿਵਲ ਹਸਪਤਾਲ ਪਹੁੰਚਾ ਦਿੱਤਾ ਗਿਆ ਜਿਥੇ ਉਨ੍ਹਾਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ।

ਐਂਬੂਲੈਂਸ 'ਚ 70 ਡਲਿਵਰੀ ਕਰਵਾ ਚੁੱਕੇ ਹਨ ਬਖ਼ਸ਼ੀਸ਼ ਸਿੰਘ
108 ਐਂਬੂਲੈਂਸ ਪੰਜਾਬ ਦੇ ਆਪ੍ਰੇਸ਼ਨ ਮੈਨੇਜਰ ਮੁਨੀਸ਼ ਬੱਤਰਾ ਨੇ ਦੱਸਿਆ ਕਿ ਈ. ਐੱਮ. ਟੀ. ਬਖ਼ਸ਼ੀਸ਼ ਸਿੰਘ ਹੁਣ ਤੱਕ ਐਂਬੂਲੈਂਸ 'ਚ ਹੀ 70 ਡਲਿਵਰੀ ਕਰਵਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਜਿਸ 'ਚ 3 ਜੁੜਵਾ ਬੱਚੇ ਅਤੇ 4 ਸੱਤਵੇ ਮਹੀਨੇ 'ਚ ਜਨਮੇ ਬੱਚੇ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਬਖ਼ਸ਼ੀਸ਼ ਸਿੰਘ ਨੇ ਸਾਰੀਆਂ ਮਾਤਾਵਾਂ ਅਤੇ ਬੱਚਿਆਂ ਦੀਆਂ ਕੀਮਤੀਆਂ ਜ਼ਿੰਦਗੀਆਂ ਨੂੰ ਬਚਾਇਆ ਤੇ ਆਪਣੀ ਡਿਊਟੀ ਬਿਹਤਰੀਨ ਢੰਗ ਨਾਲ ਨਿਭਾਈ ਹੈ।


KamalJeet Singh

Content Editor

Related News