ਬੁੱਢੇ ਨਾਲੇ ਨੂੰ ਪ੍ਰਦੁਸ਼ਣ ਮੁਕਤ ਬਣਾਉਣ ਲਈ ਨਗਰ ਨਿਗਮ ਸਖ਼ਤ, ਡੇਅਰੀ ਮਾਲਕਾਂ ਨੂੰ ਦਿੱਤੀ ਇਹ ਚਿਤਾਵਨੀ

01/21/2023 1:40:12 AM

ਲੁਧਿਆਣਾ (ਹਿਤੇਸ਼) : ਬੁੱਢੇ ਨਾਲੇ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਦੀ ਯੋਜਨਾ ਤਹਿਤ ਨਗਰ ਨਿਗਮ ਜਿੱਥੇ ਸੀਵਰੇਜ ’ਚ ਕੈਮੀਕਲ ਵਾਲਾ ਪਾਣੀ ਛੱਡਣ ਵਾਲੇ ਡਾਇੰਗ ਯੂਨਿਟਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ, ਉੱਥੇ ਸੀਵਰੇਜ ’ਚ ਗੋਹਾ ਸੁੱਟਣ ਵਾਲੀਆਂ ਡੇਅਰੀਆਂ ’ਤੇ ਵੀ ਸਖ਼ਤ ਕਾਰਵਾਈ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮਿਸ਼ਨਰ ਸ਼ੇਨਾ ਅਗਰਵਾਲ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਕਰਵਾਏ ਗਏ ਸਰਵੇ ਦੌਰਾਨ ਮਹਾਨਗਰ ਦੇ ਵੱਖ-ਵੱਖ ਇਲਾਕਿਆਂ ’ਚ ਸਥਿਤ ਕਰੀਬ 150 ਡੇਅਰੀਆਂ ਦੀ ਸ਼ਨਾਖਤ ਕੀਤੀ ਗਈ ਹੈ, ਜਿਨ੍ਹਾਂ ਵੱਲੋਂ ਗੋਹਾ ਸੀਵਰੇਜ ’ਚ ਸੁੱਟਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਪੱਛਮੀ ਬੰਗਾਲ 'ਚ ਤੀਸਰੀ ਵਾਰ ਵੰਦੇ ਭਾਰਤ ਐਕਸਪ੍ਰੈੱਸ 'ਤੇ ਹੋਇਆ ਪਥਰਾਅ, ਟੁੱਟੇ ਸ਼ੀਸ਼ੇ

ਇਨ੍ਹਾਂ ਡੇਅਰੀ ਮਾਲਕਾਂ ਨੂੰ ਸੀਵਰੇਜ ’ਚ ਪਾਉਣ ਦੀ ਬਜਾਏ ਗੋਹੇ ਦੀ ਡਿਸਪੋਜ਼ਲ ਦਾ ਪ੍ਰਬੰਧ ਕਰਨ ਲਈ ਕਈ ਵਾਰ ਚਿਤਾਵਨੀ ਦਿੱਤੀ ਗਈ ਹੈ ਪਰ ਸਮੱਸਿਆ ਦਾ ਹੱਲ ਨਹੀਂ ਹੋਇਆ, ਜਿਸ ਦਾ ਅਸਰ ਸੀਵਰੇਜ ਟ੍ਰੀਟਮੈਂਟ ਪਲਾਂਟ ਦੀ ਵਰਕਿੰਗ ’ਤੇ ਪੈ ਰਿਹਾ ਹੈ, ਜਿਸ ਦੇ ਮੱਦੇਨਜ਼ਰ ਇਨ੍ਹਾਂ ਡੇਅਰੀ ਮਾਲਕਾਂ ਨੂੰ 15 ਦਿਨ ਦਾ ਆਖਰੀ ਸਮਾਂ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਸੀਵਰੇਜ ਕੁਨੈਕਸ਼ਨ ਕੱਟਣ ਅਤੇ ਸੀਲਿੰਗ ਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਪਾਕਿਸਤਾਨ 'ਚ ਕਾਨੂੰਨ ਦੀ ਕਿਤਾਬ ਛੱਡ ਵਕੀਲਾਂ ਨੇ ਫੜੀ AK-47, ਕੀਤੀ ਤਾਬੜਤੋੜ ਫਾਇਰਿੰਗ, ਦੇਖੋ ਵੀਡੀਓ

ਦੂਜੇ ਵਿਭਾਗਾਂ ਨੂੰ ਦਿੱਤੀ ਗਈ ਬਾਹਰੀ ਏਰੀਏ ’ਚ ਐਕਸ਼ਨ ਦੀ ਜ਼ਿੰਮੇਵਾਰੀ

ਸ਼ਹਿਰ ਦੇ ਅੰਦਰੂਨੀ ਇਲਾਕਿਆਂ ਤੋਂ ਇਲਾਵਾ ਤਾਜਪੁਰ ਰੋਡ ਅਤੇ ਹੰਬੜਾਂ ਰੋਡ ’ਤੇ ਸਥਿਤ ਡੇਅਰੀਆਂ ਵੱਲੋਂ ਵੀ ਬੁੱਢੇ ਨਾਲੇ ’ਚ ਗੋਹਾ ਸੁੱਟਿਆ ਜਾ ਰਿਹਾ ਹੈ। ਇਸ ਸਮੱਸਿਆ ਦਾ ਹੱਲ ਕਰਨ ਲਈ ਦੋਵੇਂ ਜਗ੍ਹਾ ਬਾਇਓਗੈਸ ਅਤੇ ਈ. ਟੀ. ਪੀ. ਪਲਾਂਟ ਲਗਾਏ ਜਾ ਰਹੇ ਹਨ। ਇਸ ਤੋਂ ਇਲਾਵਾ ਬੁੱਢੇ ਨਾਲੇ ’ਚ ਗੋਹਾ ਸੁੱਟਣ ਵਾਲੀਆਂ ਬਾਹਰੀ ਇਲਾਕੇ ’ਚ ਸਥਿਤ ਡੇਅਰੀਆਂ ’ਤੇ ਐਕਸ਼ਨ ਲੈਣ ਦੀ ਜ਼ਿੰਮੇਵਾਰੀ ਗਲਾਡਾ ਪੰਚਾਇਤ ਅਤੇ ਦਿਹਾਤੀ ਵਿਕਾਸ ਵਿਭਾਗ ਤੇ ਪੀ. ਪੀ. ਸੀ. ਬੀ. ਨੂੰ ਦਿੱਤੀ ਗਈ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News