ਫਰਾਰ ਪ੍ਰੇਮੀ ਜੋੜੇ ਨੂੰ ਲੱਭਣ ਲਈ ਪੁਲਸ ਕਰਦੀ ਰਹੀ ਹਿੰਮਤਪੁਰਾ ਪਿੰਡ ਦੀ ਸਰਚ

04/26/2018 11:29:01 AM

ਨਿਹਾਲ ਸਿੰਘ ਵਾਲਾ/ਬਿਲਾਸਪੁਰ (ਬਾਵਾ/ਜਗਸੀਰ) - ਸਰਸਾ ਦੇ ਘਰੋਂ ਭੱਜੇ ਇਕ ਪ੍ਰੇਮੀ ਜੋੜੇ ਨੂੰ ਗ੍ਰਿਫਤਾਰ ਕਰਨ ਲਈ ਸਰਸਾ ਦੇ ਹੀ ਇਕ ਐੱਸ. ਪੀ. ਰੈਂਕ ਦੇ ਅਧਿਕਾਰੀ ਦੀ ਅਗਵਾਈ 'ਚ ਪੁਲਸ ਪਾਰਟੀ ਸਾਰਾ ਦਿਨ ਭਗੌੜੇ ਜੋੜੇ ਦੀ ਤਲਾਸ਼ ਕਰਦੀ ਰਹੀ। ਪੁਲਸ ਸੂਤਰਾਂ ਅਨੁਸਾਰ ਇਕ ਨਾਮੀ ਪਰਿਵਾਰ ਦੀ ਲੜਕੀ ਜੋ ਆਪਣੇ ਪ੍ਰੇਮੀ ਨਾਲ ਕੁਝ ਦਿਨਾਂ ਤੋਂ ਫਰਾਰ ਦੱਸੀ ਜਾ ਰਹੀ ਹੈ। ਇਸ ਲੜਕੀ ਦੇ ਪਰਿਵਾਰ ਦੇ ਇਕ ਰਿਸ਼ਤੇਦਾਰ ਆਈ. ਪੀ. ਐੱਸ. ਅਧਿਕਾਰੀ ਦੀ ਅਗਵਾਈ 'ਚ ਇਕ ਟੀਮ ਹਲਕੇ ਦੇ ਪਿੰਡ ਹਿੰਮਤਪੁਰਾ ਵਿਖੇ ਪਹੁੰਚੀ। 
ਪਤਾ ਲੱਗਾ ਹੈ ਕਿ ਪ੍ਰੇਮੀ ਜੋੜੇ ਦੀ ਮੋਬਾਇਲ ਲੋਕੇਸ਼ਨ ਪਿੰਡ ਹਿੰਮਤਪੁਰਾ ਦੀ ਆ ਰਹੀ ਸੀ, ਜਿਸ ਕਾਰਨ ਟੀਮ ਪਿੰਡ ਹਿੰਮਤਪੁਰਾ ਵਿਖੇ ਪਹੁੰਚੀ। ਆਈ. ਪੀ. ਐੱਸ. ਅਧਿਕਾਰੀ ਨੇ ਪੁਲਸ ਚੌਕੀ ਬਿਲਾਸਪੁਰ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੇ ਧਿਆਨ 'ਚ ਇਸ ਮਾਮਲੇ ਨੂੰ ਲਿਆਂਦਾ। ਇਹ ਵੀ ਪਤਾ ਲੱਗਾ ਹੈ ਕਿ ਲੜਕੀ ਦਾ ਪਰਿਵਾਰ ਸਰਸਾ ਦਾ ਇਕ ਨਾਮੀ ਪਰਿਵਾਰ ਹੈ ਅਤੇ ਉਹ ਲੜਕੀ ਦੇ ਫਰਾਰ ਹੋਣ ਦੀ ਘਟਨਾ ਨੂੰ ਬਹੁਤ ਗੁਪਤ ਤਰੀਕੇ ਨਾਲ ਹੱਲ ਕਰਨਾ ਚਾਹੁੰਦਾ ਹੈ। ਲੜਕੀ ਨੂੰ ਲਿਜਾਣ ਵਾਲਾ ਲੜਕਾ ਚੰਡੀਗੜ੍ਹ ਦਾ ਦੱਸਿਆ ਜਾ ਰਿਹਾ ਹੈ।  ਆਈ. ਪੀ. ਐੱਸ. ਅਧਿਕਾਰੀ ਪਰਿਵਾਰ ਨਾਲ ਸਾਰਾ ਦਿਨ ਪਿੰਡ ਹਿੰਮਤਪੁਰਾ ਵਿਖੇ ਲੜਕੀ ਅਤੇ ਲੜਕੇ ਦੀ ਤਲਾਸ਼ ਕਰਦੇ ਰਹੇ ਪਰ ਉਨ੍ਹਾਂ ਨੂੰ ਲੜਕੀ ਅਤੇ ਲੜਕੇ ਬਾਰੇ ਕੁਝ ਵੀ ਪਤਾ ਨਹੀਂ ਲੱਗ ਸਕਿਆ।


Related News