ਲੁਧਿਆਣਾ ਦੇ ਪਿੰਡ ਧਨਾਂਸੂ ’ਚ ਵੱਡਾ ਘਪਲਾ! BDPO, ਪੰਚਾਇਤ ਸਕੱਤਰ ਤੇ ਸਰਪੰਚ ਸ਼ੱਕ ਦੇ ਘੇਰੇ ’ਚ

Saturday, Jun 04, 2022 - 01:43 AM (IST)

ਲੁਧਿਆਣਾ ਦੇ ਪਿੰਡ ਧਨਾਂਸੂ ’ਚ ਵੱਡਾ ਘਪਲਾ! BDPO, ਪੰਚਾਇਤ ਸਕੱਤਰ ਤੇ ਸਰਪੰਚ ਸ਼ੱਕ ਦੇ ਘੇਰੇ ’ਚ

ਲੁਧਿਆਣਾ (ਖੁਰਾਣਾ) : ਆਮ ਤੌਰ ’ਤੇ ਸੁਰਖੀਆਂ 'ਚ ਰਹਿਣ ਵਾਲਾ ਵਿਕਾਸ ਅਤੇ ਪੰਚਾਇਤ ਵਿਭਾਗ ਲੁਧਿਆਣਾ ਬਲਾਕ-2 ਦੇ ਤਹਿਤ ਪੈਂਦਾ ਪਿੰਡ ਧਨਾਂਸੂ ਇਕ ਵਾਰ ਫਿਰ ਵੱਡੇ ਘਪਲੇ ਦੀਆਂ ਚਰਚਾਵਾਂ ਨੂੰ ਲੈ ਕੇ ਵਿਵਾਦਾਂ ਵਿੱਚ ਆ ਗਿਆ ਹੈ। ਤਾਜ਼ਾ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਵਿਭਾਗ ਦੇ ਪਹਿਲੇ ਬੀ. ਡੀ. ਪੀ. ਓ. ਗੁਰਪ੍ਰੀਤ ਸਿੰਘ, ਪੰਚਾਇਤ ਸਕੱਤਰ ਬਲਵਿੰਦਰ ਸਿੰਘ ਸਮੇਤ ਪਿੰਡ ਧਨਾਂਸੂ ਦੇ ਸਰਪੰਚ ਸੌਦਾਗਰ ਸਿੰਘ ਕਥਿਤ ਵੱਡੇ ਘਪਲੇ ਨੂੰ ਲੈ ਕੇ ਸ਼ੱਕ ਦੇ ਘੇਰੇ ਵਿੱਚ ਆ ਗਏ ਹਨ। ਕਥਿਤ ਘਪਲਾ ਮਾਮਲੇ ਦਾ ਸ਼ੱਕ ਪ੍ਰਗਟ ਕਰਦਿਆਂ ਬਲਾਕ-2 'ਚ ਹੀ ਤਾਇਨਾਤ ਰਹੇ ਬੀ. ਡੀ. ਪੀ. ਓ. ਗੁਰਪ੍ਰਤਾਪ ਸਿੰਘ ਨੇ ਮਾਮਲੇ ਦੀ ਜਾਂਚ ਕਰਵਾਉਣ ਦਾ ਮੁੱਦਾ ਕਰੀਬ ਇਕ ਮਹੀਨਾ ਪਹਿਲਾਂ ਉਠਾਇਆ ਸੀ ਪਰ ਲੰਬਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਉੱਚ ਅਧਿਕਾਰੀ ਮਾਮਲੇ ਨੂੰ ਲੈ ਕੇ ਕਿਸੇ ਖਾਸ ਨਤੀਜੇ ’ਤੇ ਨਹੀਂ ਪੁੱਜ ਸਕੇ।

ਇਹ ਵੀ ਪੜ੍ਹੋ : ਮੋਗਾ ਦੇ ਕਸਬਾ ਬੱਧਨੀ ਕਲਾਂ 'ਚ ਦਿਨ-ਦਿਹਾੜੇ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਗਲ਼ਾ

ਸੂਤਰਾਂ ਦੀ ਮੰਨੀਏ ਤਾਂ ਮਾਮਲੇ ਨੂੰ ਜਾਣਬੁੱਝ ਕੇ ਠੰਡੇ ਬਸਤੇ ਵਿੱਚ ਪਾਉਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਕਿਉਂਕਿ ਉਕਤ ਮਾਮਲੇ 'ਚ ਵਿਭਾਗ ਦੇ ਕਈ ਅਧਿਕਾਰੀਆਂ, ਮੁਲਾਜ਼ਮਾਂ ਅਤੇ ਸਿਆਸੀ ਨੇਤਾਵਾਂ ਦੀ ਪੋਲ ਖੁੱਲ੍ਹ ਸਕਦੀ ਹੈ, ਜੋ ਪਿਛਲੇ ਕਈ ਸਾਲਾਂ ਤੋਂ ਪੰਚਾਇਤ ਵਿਭਾਗ ਵਿੱਚ ਰਹਿ ਕੇ ਪੰਜਾਬ ਸਰਕਾਰ ਦੀਆਂ ਜੜ੍ਹਾਂ ਖੋਖਲੀਆਂ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਪਿੰਡ ਧਨਾਂਸੂ ਭ੍ਰਿਸ਼ਟਾਚਾਰ, ਰਿਸ਼ਵਤਖੋਰੀ ਤੇ ਘਪਲੇ ਵਰਗੇ ਦੋਸ਼ਾਂ ਨੂੰ ਲੈ ਕੇ ਮੀਡੀਆ ’ਚ ਸੁਰਖੀਆਂ ਬਟੋਰਦਾ ਰਿਹਾ ਹੈ। ਅਸਲ 'ਚ ਪੰਚਾਇਤੀ ਰਾਜ ਐਕਟ ਨਿਯਮਾਂ ਅਤੇ ਸ਼ਰਤਾਂ ਮੁਤਾਬਕ ਸਰਕਾਰ ਵੱਲੋਂ ਹਥਿਆਈ ਗਈ ਜ਼ਮੀਨ ਤੋਂ ਪ੍ਰਾਪਤ ਆਮਦਨ ਦੀ ਫਿਕਸ ਡਿਪਾਜ਼ਿਟ (ਐੱਫ. ਡੀ.) ਕਰਵਾਉਣਾ ਅਤਿ-ਜ਼ਰੂਰੀ ਹੈ। ਇਸ ਮਾਮਲੇ ਨੂੰ ਲੈ ਕੇ ਅਧਿਕਾਰੀ ਗੁਰਪ੍ਰਤਾਪ ਵੱਲੋਂ ਪੱਤਰ ਨੰਬਰ 297-98 ਦਿਨ 1 ਫਰਵਰੀ 2022 ਅਤੇ 890-91 ਦਿਨ 21 ਮਾਰਚ 2022 ਵੱਲੋਂ ਜ਼ਮੀਨ ਵੇਚਣ ਤੋਂ ਪ੍ਰਾਪਤ ਆਮਦਨ ਦੀਆਂ ਵੱਡੀਆਂ ਰਕਮਾਂ ਖੁੱਲ੍ਹਵੀਆਂ ਰੱਖਣ ਦਾ ਮਾਮਲਾ ਉਠਾਇਆ ਗਿਆ ਸੀ ਅਤੇ ਇਸ ਮਾਮਲੇ ਨੂੰ ਲੈ ਕੇ ਐੱਫ. ਡੀ. ਕਰਵਾਉਣ ਸਬੰਧੀ ਲਿਖਿਆ ਗਿਆ ਸੀ ਪਰ ਸਰਪੰਚ ਸੌਦਾਗਰ ਸਿੰਘ ਤੇ ਪੰਚਾਇਤ ਸਕੱਤਰ ਬਲਵਿੰਦਰ ਸਿੰਘ ਵੱਲੋਂ ਮਾਮਲੇ ਨੂੰ ਲੈ ਕੇ ਵੱਡੀ ਲਾਪ੍ਰਵਾਹੀ ਅਪਣਾਈ ਗਈ, ਜੋ ਕਿ ਖੁੱਲ੍ਹੇ ਤੌਰ ’ਤੇ ਸਰਕਾਰ ਦੇ ਹੁਕਮਾਂ ਦੀਆਂ ਧੱਜੀਆਂ ਉਡਾਉਣ ਦਾ ਮਾਮਲਾ ਹੈ।

ਇਹ ਵੀ ਪੜ੍ਹੋ : ਹਸਪਤਾਲ ਵੱਲੋਂ ਪੈਸੇ ਮੰਗਣ 'ਤੇ ਪਰਿਵਾਰ ਨੇ ਜ਼ਬਰਦਸਤੀ ਚੁੱਕਿਆ ਬੱਚਾ, ਹੋਇਆ ਝਗੜਾ

ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਧਨਾਂਸੂ ਗ੍ਰਾਮ ਪੰਚਾਇਤ ਦੇ ਖਾਤੇ ’ਚੋਂ ਕਰੀਬ 3,37,82,849 ਦੀ ਰਕਮ ਦਾ ਭੁਗਤਾਨ ਵੱਖ-ਵੱਖ ਖਾਤਿਆਂ ਵਿੱਚ ਦਿਖਾਇਆ ਗਿਆ ਹੈ। ਇਸ ਤੋਂ ਇਲਾਵਾ 25-25 ਹਜ਼ਾਰ ਦੀ ਰਕਮ ਕਈ ਵਾਰ ਬੈਂਕ ’ਚੋਂ ਕੱਢਵਾਈ ਗਈ ਹੈ। ਅਧਿਕਾਰੀ ਨੇ ਖੁਲਾਸਾ ਕੀਤਾ ਹੈ ਕਿ ਬੀ. ਡੀ. ਪੀ. ਓ. ਗੁਰਪ੍ਰੀਤ ਸਿੰਘ, ਪੰਚਾਇਤ ਸਕੱਤਰ ਬਲਵਿੰਦਰ ਸਿੰਘ ਅਤੇ ਸਰਪੰਚ ਸੌਦਾਗਰ ਸਿੰਘ ਵੱਲੋਂ ਧਨਾਂਸੂ ਗ੍ਰਾਮ ਪੰਚਾਇਤ ਦੇ ਖਾਤੇ ’ਚੋਂ ਕੱਢਵਾਈ ਗਈ ਵੱਡੀ ਰਕਮ ਅਤੇ ਕੀਤੇ ਭੁਗਤਾਨ ’ਤੇ ਸ਼ੱਕ ਜ਼ਾਹਿਰ ਹੁੰਦਾ ਹੈ। ਉਨ੍ਹਾਂ ਸ਼ੱਕ ਪ੍ਰਗਟ ਕਰਦਿਆਂ ਸਵਾਲ ਕੀਤਾ ਕਿ ਕੀ ਸੱਚ ਵਿੱਚ ਰਿਕਾਰਡ 'ਚ ਦਿਖਾਇਆ ਗਿਆ ਸਾਰਾ ਮਟੀਰੀਅਲ ਲੱਗ ਚੁੱਕਾ ਹੈ?

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਲੈ ਕੇ ਵੱਡਾ ਫੈਸਲਾ ਲੈ ਸਕਦੀ ਹੈ ਕਾਂਗਰਸ, ਰਾਜਾ ਵੜਿੰਗ ਨੇ ਦਿੱਤਾ ਇਹ ਬਿਆਨ

ਇਸ ਲਈ ਉਚਿਤ ਰਹੇਗਾ ਕਿ ਉਕਤ ਰਾਸ਼ੀਆਂ ਦੇ ਨਾਲ ਪੰਚਾਇਤ ਵੱਲੋਂ ਕਰਵਾਏ ਗਏ ਵਿਕਾਸ ਕਾਰਜਾਂ ਦੀ ਪੜਤਾਲ ਤਕਨੀਕੀ ਅਧਿਕਾਰੀਆਂ, ਕਾਰਜਕਾਰੀ ਇੰਜੀਨੀਅਰ, ਉਪ ਮੰਡਲ ਅਧਿਕਾਰੀ, ਪੰਚਾਇਤੀ ਰਾਜ ਵੱਲੋਂ ਕਰਵਾਈ ਜਾਵੇ ਤਾਂ ਕਿ ਮੌਕੇ ’ਤੇ ਹੋਏ ਵਿਕਾਸ ਕੰਮਾਂ ਦੀ ਅਸਲ ਤਸਵੀਰ ਸਾਹਮਣੇ ਆ ਸਕੇ। ਉਕਤ ਮਾਮਲਾ ਗੁਰਪ੍ਰਤਾਪ ਸਿੰਘ ਵੱਲੋਂ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਭੇਜਿਆ ਗਿਆ ਹੈ ਤਾਂ ਕਿ ਸਰਕਾਰ ਨੂੰ ਕਿਸੇ ਤਰ੍ਹਾਂ ਦਾ ਚੂਨਾ ਨਾ ਲੱਗ ਸਕੇ। ਵਿਭਾਗੀ ਸੂਤਰਾਂ ਦੀ ਮੰਨੀਏ ਤਾਂ ਉਕਤ ਮਾਮਲੇ ਨੂੰ ਲੈ ਕੇ ਬੀ. ਡੀ. ਪੀ. ਓ., ਪੰਚਾਇਤ ਸਕੱਤਰ ਅਤੇ ਸਰਪੰਚ ਵੱਲੋਂ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਜ਼ਰੂਰੀ ਤਕਨੀਕੀ ਅਤੇ ਪ੍ਰਬੰਧਕੀ ਮਨਜ਼ੂਰੀ ਵੀ ਨਹੀਂ ਲਈ ਗਈ ਅਤੇ ਇਸ ਵਿੱਚ ਸਿਰਫ ਇਕ ਹੀ ਹਫਤੇ 'ਚ ਆਰ. ਕੇ. ਬਿਲਡਰ ਨੂੰ 1,33,5655 ਦੀ ਵੱਡੀ ਰਕਮ ਦਾ ਭੁਗਤਾਨ ਵੀ ਕੀਤਾ ਗਿਆ ਸੀ।


author

Mukesh

Content Editor

Related News