ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਨਾਬਾਲਗਾ ਨੂੰ ਬਣਾਇਆ ਹਵਸ ਦਾ ਸ਼ਿਕਾਰ
Monday, Aug 26, 2019 - 02:24 AM (IST)

ਮੋਗਾ, (ਆਜ਼ਾਦ)- ਨੇੜਲੇ ਪਿੰਡ ਦੀ 14 ਸਾਲਾ ਨਾਬਾਲਗ ਵਿਦਿਆਰਥਣ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਇਕ ਲਡ਼ਕੇ ਵੱਲੋਂ ਕਈ ਵਾਰ ਆਪਣੀ ਹਵਸ ਦਾ ਸ਼ਿਕਾਰ ਬਣਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਕੀ ਹੈ ਸਾਰਾ ਮਾਮਲਾ
ਜ਼ਿਲਾ ਪੁਲਸ ਮੁਖੀ ਨੂੰ ਦਿੱਤੇ ਸ਼ਿਕਾਇਤ ਪੱਤਰ ’ਚ ਪੀਡ਼ਤਾ ਦੀ ਮਾਂ ਨੇ ਕਿਹਾ ਕਿ ਸਾਡੇ ਪਿੰਡ ਦੇ ਇਕ ਨੌਜਵਾਨ ਦੀ ਕਥਿਤ ਦੋਸ਼ੀ ਰਵਦੀਪ ਸਿੰਘ ਵਾਸੀ ਪਿੰਡ ਜਲਾਲਾਬਾਦ ਪੂਰਬੀ ਨਾਲ ਦੋਸਤੀ ਸੀ ਕਿਉਂਕਿ ਉਹ ਇਕੱਠੇ ਹੀ ਭੱਠੇ ’ਤੇ ਕੰਮ ਕਰਦੇ ਸਨ, ਜਿਸ ਕਾਰਣ ਰਵਦੀਪ ਸਿੰਘ ਅਕਸਰ ਹੀ ਸਾਡੇ ਪਿੰਡ ਆਪਣੇ ਦੋਸਤ ਨੂੰ ਮਿਲਣ ਆਉਂਦਾ ਸੀ ਅਤੇ ਉਸ ਨੇ ਆਪਣੇ ਦੋਸਤ ਦੀ ਸਹਾਇਤਾ ਨਾਲ ਮੇਰੀ ਬੇਟੀ ਨੂੰ ਆਪਣੇ ਜਾਲ ’ਚ ਫਸਾ ਲਿਆ ਅਤੇ ਮਿਲਣ ਲੱਗਾ ਅਤੇ ਉਸ ਨਾਲ ਮੋਬਾਇਲ ਫੋਨ ’ਤੇ ਗੱਲਾਂ-ਬਾਤਾਂ ਕਰਨ ਲੱਗਾ। ਉਸ ਨੇ ਮੇਰੀ ਬੇਟੀ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਕਈ ਵਾਰ ਆਪਣੀ ਹਵਸ ਦਾ ਸ਼ਿਕਾਰ ਬਣਾਇਆ, ਜਦੋਂ ਮੇਰੀ ਬੇਟੀ ਚਾਰ ਮਹੀਨੇ ਦੀ ਗਰਭਵਤੀ ਹੋ ਗਈ ਤਾਂ ਉਸ ਨੇ ਮੈਨੂੰ ਦੱਸ ਦਿੱਤਾ, ਜਿਸ ’ਤੇ ਅਸੀਂ ਜਦੋਂ ਲਡ਼ਕੇ ਦੇ ਪਰਿਵਾਰ ਵਾਲਿਆਂ ਨਾਲ ਗੱਲਬਾਤ ਕਰਨ ਲਈ ਉਨ੍ਹਾਂ ਦੇ ਘਰ ਪਹੁੰਚੇ ਤਾਂ ਉਨ੍ਹਾਂ ਨੇ ਗਰਭਪਾਤ ਕਰਵਾਉਣ ਅਤੇ ਬਾਅਦ ’ਚ ਆਪਣੇ ਬੇਟੇ ਰਵਦੀਪ ਦਾ ਵਿਆਹ ਤੁਹਾਡੀ ਲਡ਼ਕੀ ਨਾਲ ਕਰਨ ਦੀ ਗੱਲ ਕਹੀ, ਜਿਸ ’ਤੇ ਪਿੰਡ ਦੇ ਇਕ ਕਲੀਨਿਕ ’ਚ ਮੈਂ ਆਪਣੀ ਬੇਟੀ ਦਾ ਗਰਭਪਾਤ ਕਰਵਾ ਦਿੱਤਾ। ਇਸ ਦੇ ਬਾਅਦ ਜਦੋਂ ਅਸੀਂ ਉਨ੍ਹਾਂ ਨੂੰ ਕਿਹਾ ਕਿ ਹੁਣ ਸਾਡੀ ਬੇਟੀ ਦਾ ਵਿਆਹ ਆਪਣੇ ਲੜਕੇ ਨਾਲ ਕਰਵਾ ਦਿਓ ਤਾਂ ਉਨ੍ਹਾਂ ਅਤੇ ਕਥਿਤ ਦੋਸ਼ੀ ਨੌਜਵਾਨ ਰਵਦੀਪ ਸਿੰਘ ਨੇ ਵੀ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਇਸ ਦੇ ਬਾਅਦ ਉਹ ਸਾਡੇ ਖਿਲਾਫ ਪੁਲਸ ਕੋਲ ਝੂਠੀਆਂ ਸ਼ਿਕਾਇਤਾਂ ਕਰਨ ਲੱਗੇ। ਇਸ ਤਰ੍ਹਾਂ ਕਥਿਤ ਦੋਸ਼ੀ ਲਡ਼ਕੇ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਮਿਲ ਕੇ ਮੇਰੀ ਬੇਟੀ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੈ।
ਕੀ ਹੋਈ ਪੁਲਸ ਕਾਰਵਾਈ
ਇਸ ਮਾਮਲੇ ਦੀ ਜਾਂਚ ਜ਼ਿਲਾ ਮੋਗਾ ਦੇ ਇਕ ਡੀ.ਐੱਸ.ਪੀ. ਵੱਲੋਂ ਕੀਤੀ ਗਈ। ਜਾਂਚ ਅਧਿਕਾਰੀ ਵੱਲੋਂ ਦੋਵਾਂ ਧਿਰਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਸੱਦਿਆ ਗਿਆ। ਜਾਂਚ ਸਮੇਂ ਜਾਂਚ ਅਧਿਕਾਰੀ ਨੂੰ ਪਤਾ ਲੱਗਾ ਕਿ ਰਵਦੀਪ ਸਿੰਘ ਵਾਸੀ ਪਿੰਡ ਜਲਾਲਾਬਾਦ ਪੂਰਬੀ ਨੇ ਪੀਡ਼ਤ ਔਰਤ ਦੀ ਬੇਟੀ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਕਈ ਵਾਰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਅਤੇ ਬਾਅਦ ਵਿਚ ਵਿਆਹ ਕਰਵਾਉਣ ਤੋਂ ਵੀ ਇਨਕਾਰ ਕਰ ਦਿੱਤਾ। ਕਥਿਤ ਦੋਸ਼ੀ ਰਵਦੀਪ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪੀਡ਼ਤ ਲਡ਼ਕੀ ਦਾ ਸਿਵਲ ਹਸਪਤਾਲ ਮੋਗਾ ’ਚੋਂ ਮੈਡੀਕਲ ਚੈੱਕਅਪ ਕਰਵਾਉਣ ਦੇ ਇਲਾਵਾ ਉਸ ਦੇ ਮਾਣਯੋਗ ਅਦਾਲਤ ਵਿਚ ਬਿਆਨ ਵੀ ਦਰਜ ਕਰਵਾਏ ਜਾਣਗੇ। ਇਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਕਥਿਤ ਦੋਸ਼ੀ ਨੂੰ ਕਾਬੂ ਕਰਨ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ।