ਚੌਗਿਰਦੇ ਦੀ ਸੰਭਾਲ ਲਈ ਪੰਚਾਇਤ ਦਾ ਅਨੋਖਾ ਉੱਦਮ, ‘ਪਲਾਸਟਿਕ ਲਿਆਓ, ਗੁੜ-ਖੰਡ ਲੈ ਜਾਓ’
Tuesday, Jun 27, 2023 - 07:45 PM (IST)
ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)–ਪਿੰਡ ਭੈਣੀ ਮਹਿਰਾਜ ਦੀ ਗ੍ਰਾਮ ਪੰਚਾਇਤ ਨੇ ਚੌਗਿਰਦੇ ਦੀ ਸੰਭਾਲ ਲਈ ਉੱਦਮ ਕਰਦਿਆਂ ਪਿੰਡ ਨੂੰ ਪਲਾਸਟਿਕ ਮੁਕਤ ਕਰਨ ਦਾ ਸੰਕਲਪ ਲੈਂਦਿਆਂ ‘ਪਲਾਸਟਿਕ ਕੂੜਾ ਲਿਆਓ, ਗੁੜ-ਖੰਡ ਲੈ ਜਾਓ’ ਦਾ ਨਾਅਰਾ ਦਿੱਤਾ ਹੈ। ਪਿੰਡ ਦੀ ਸੱਥ ’ਚ ਕੀਤੇ ਗਏ ਆਮ ਇਜਲਾਸ ’ਚ ਪਿੰਡ ਦੀ ਵਿਉਂਤਬੰਦੀ ਦਾ ਖਾਕਾ ਗ੍ਰਾਮ ਸਭਾ ਦੇ ਮੈਂਬਰਾਂ ਨੇ ਖੁਦ ਉਲੀਕਿਆ। ਔਰਤਾਂ ਦੀ ਭਰਵੀਂ ਹਾਜ਼ਰੀ ਵਾਲੇ ਆਮ ਇਜਲਾਸ ਦੀ ਪ੍ਰਧਾਨਗੀ ਚੇਅਰਪਰਸਨ ਸੁਖਵਿੰਦਰ ਕੌਰ ਨੇ ਕੀਤੀ। ਇਸ ਮੌਕੇ ਵਾਤਾਵਰਣ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਓ. ਐੱਸ. ਡੀ. ਹਸਨਪ੍ਰੀਤ ਭਾਰਦਵਾਜ ਵੀ ਹਾਜ਼ਰ ਰਹੇ।
ਇਹ ਖ਼ਬਰ ਵੀ ਪੜ੍ਹੋ : ਮੰਦਭਾਗੀ ਖ਼ਬਰ : ਕੈਨੇਡਾ ’ਚ ਪੰਜਾਬਣ ਦੀ ਸ਼ੱਕੀ ਹਾਲਾਤ ’ਚ ਹੋਈ ਮੌਤ
ਇਸ ਮੌਕੇ ਪਿੰਡ ਦੇ ਮੋਹਤਬਰ ਆਗੂ ਗਗਨਦੀਪ ਸਿੰਘ ਤੇ ਜਤਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਨੂੰ ਪਲਾਸਟਿਕ ਮੁਕਤ ਕਰਨ ਦੇ ਉਦੇਸ਼ ਨਾਲ ਜੋ ਪਿੰਡ ਵਾਸੀ ਪੰਚਾਇਤ ਨੂੰ ਪਲਾਸਟਿਕ ਕਚਰਾ ਦੇਣਗੇ, ਉਸ ਬਦਲੇ ਮੁਫ਼ਤ ’ਚ ਗੁੜ ਜਾਂ ਖੰਡ ਦਿੱਤੀ ਜਾਵੇਗੀ। ਸਰਬਸੰਮਤੀ ਨਾਲ ਪਾਸ ਕੀਤੇ ਗਏ ਇਸ ਕਾਰਜ ਦੀ ਸ਼ੁਰੂਆਤ 1 ਜੁਲਾਈ ਤੋਂ ਕੀਤੀ ਜਾਵੇਗੀ, ਹਰ ਤਿੰਨ ਮਹੀਨਿਆਂ ਬਾਅਦ ਲੋਕਾਂ ਤੋਂ ਪਲਾਸਟਿਕ ਕਚਰਾ ਲਿਆ ਜਾਵੇਗਾ। ਇਸ ਤੋਂ ਇਲਾਵਾ ਔਰਤਾਂ ਦੇ ਸਸ਼ਕਤੀਕਰਨ ਲਈ ਕਦਮ ਵਧਾਉਂਦੇ ਹੋਏ ਲਿੰਗ ਸਮਾਨਤਾ, ਔਰਤਾਂ ਨੂੰ ਬਰਾਬਰ ਦੇ ਮੌਕੇ ਮੁਹੱਈਆ ਕਰਨਾ, ਔਰਤਾਂ ਤੇ ਕੁੜੀਆਂ ਨੂੰ ਸੁਰੱਖਿਅਤ ਮਾਹੌਲ ਦੇਣ ਆਦਿ ਬਾਰੇ ਮਤੇ ਪਾਸ ਕੀਤੇ ਗਏ।
ਇਹ ਖ਼ਬਰ ਵੀ ਪੜ੍ਹੋ : ਪੰਜਾਬਣ ਮੁਟਿਆਰ ਨੇ ਅਮਰੀਕਾ ’ਚ ਚਮਕਾਇਆ ਨਾਂ, ਸਪੈਸ਼ਲ ਈ-ਫੋਰਸ ’ਚ ਹੋਈ ਸ਼ਾਮਲ
ਗੁਰਪ੍ਰੀਤ ਸਿੰਘ ਪੰਚਾਇਤ ਸਕੱਤਰ ਨੇ ਸਾਲ 2022-23 ਦੌਰਾਨ ਦਾ ਆਮਦਨ ਤੇ ਖਰਚ ਪੜ੍ਹ ਕੇ ਸੁਣਾਇਆ। ਇਸ ਤੋਂ ਇਲਾਵਾ ਆਮ ਇਜਲਾਸ ’ਚ ਪਾਸ ਕੀਤੇ ਗਏ ਮਤਿਆਂ ’ਚ ਛੱਪੜਾਂ ਦੇ ਗੰਦੇ ਪਾਣੀ ਦੇ ਹੱਲ ਲਈ ਥਾਪਰ ਮਾਡਲ ਦਾ ਨਿਰਮਾਣ ਕਰਨਾ, ਠੋਸ ਕੂੜਾ ਪ੍ਰਬੰਧਨ ਤਹਿਤ ਪਿਟ, ਸ਼ੈੱਡ ਤੇ ਚਾਰਦੀਵਾਰੀ, ਸੁੱਕੇ-ਗਿੱਲੇ ਕੂੜੇ ਲਈ ਕੂੜੇਦਾਨ, ਮੀਂਹ ਦੇ ਪਾਣੀ ਦੀ ਸੰਭਾਲ ਲਈ ਸਾਂਝੀਆਂ ਥਾਵਾਂ ’ਤੇ ਰੇਨ ਵਾਟਰ ਰੀਚਾਰਜ ਪਿਟ, ਕਮਿਊਨਿਟੀ ਹਾਲ ਤੇ ਲਾਇਬ੍ਰੇਰੀ ਇਮਾਰਤ ਦੀ ਉਸਾਰੀ, ਬੱਸ ਸਟੈਂਡ, ਹੈਲਥ ਡਿਸਪੈਂਸਰੀ ਦੀ ਇਮਾਰਤ, ਪਾਰਕ ਦਾ ਨਿਰਮਾਣ, ਮਹਿਲਾ ਸਭਾ ਦਾ ਗਠਨ, ਵੱਖ-ਵੱਖ ਸਕੀਮਾਂ ਦੇ ਲਾਭਪਾਤਰੀਆਂ ਦੀ ਚੋਣ, ਮਿੰਨੀ ਜੰਗਲ ਤੇ ਸਾਂਝੀਆਂ ਥਾਂਵਾਂ ’ਤੇ ਬੂਟੇ ਲਾਉਣਾ ਅਤੇ ਗਲੀਆਂ-ਨਾਲੀਆਂ ਦੀ ਉਸਾਰੀ ਕਰਨ ਦੇ ਮਤੇ ਸ਼ਾਮਲ ਕੀਤੇ ਗਏ।
ਇਸ ਮੌਕੇ ਓ. ਐੱਸ. ਡੀ. ਹਸਨਪ੍ਰੀਤ ਭਾਰਦਵਾਜ ਨੇ ਪਿੰਡ ਵਾਸੀਆਂ ਨੂੰ ਪੰਜਾਬ ਸਰਕਾਰ ਦੇ ਪ੍ਰਾਜੈਕਟਾਂ ਤੋਂ ਜਾਣੂ ਕਰਵਾਇਆ ਤੇ ਕਿਹਾ ਕਿ ਪਿੰਡਾ ਦੇ ਲੋਕ ਗ੍ਰਾਮ ਸਭਾ ਦੇ ਆਮ ਇਜਲਾਸ ’ਚ ਖੁਦ ਆਪਣੇ ਪਿੰਡ ਦੇ ਵਿਕਾਸ ਦੀ ਯੋਜਨਾ ਬਣਾਉਣ। ਉਨ੍ਹਾਂ ਕਿਹਾ ਕਿ ਸਰਕਾਰ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ। ਸਰਕਾਰ ਪਿੰਡਾਂ ਦੀ ਕਾਇਆ-ਕਲਪ ਲਈ ਸਿੱਖਿਆ, ਸਿਹਤ ਸੇਵਾਵਾਂ , ਵਾਤਾਵਰਣ ਅਤੇ ਖੇਡਾਂ ਲਈ ਆਧੁਨਿਕ ਖੇਡ ਮੈਦਾਨ ਬਣਾਉਣ ਨੂੰ ਤਰਜੀਹ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣ ਮੰਤਰੀ ਮੀਤ ਹੇਅਰ ਦੇ ਨਿਰਦੇਸ਼ਾਂ ਤਹਿਤ ਪਿੰਡਾਂ ਨੂੰ ਵਾਤਵਰਣ ਪੱਖੀ ਯਤਨਾਂ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੌਕੇ ਟਿਕਾਊ ਵਿਕਾਸ ਦੇ 9 ਟੀਚਿਆਂ ਬਾਰੇ ਗ੍ਰਾਮ ਸਭਾ ਦੇ ਮੈਂਬਰਾਂ ਨੂੰ ਜਾਣੂ ਕਰਵਾਇਆ ਗਿਆ। ਸਭਾ ਦੇ ਮੈਂਬਰਾਂ ਨੇ ਟਿਕਾਊ ਵਿਕਾਸ ਦੇ ਦੋ ਥੀਮ ‘ਚੰਗੇ ਸ਼ਾਸਨ ਵਾਲਾ ਪਿੰਡ’ ਅਤੇ ‘ਮਹਿਲਾਵਾਂ ਦੇ ਅਨੁਕੂਲ ਪਿੰਡ ਦੇ ਟੀਚਿਆਂ ’ਤੇ’ ਕੰਮ ਕਰਨ ਦਾ ਸੰਕਲਪ ਲਿਆ।
ਗ੍ਰਾਮ ਸਭਾ ਦੇ ਇਜਲਾਸ ’ਚ ਵੱਖ-ਵੱਖ ਵਿਭਾਗ ਦੇ ਅਧਿਕਾਰੀਆਂ ਨੇ ਆਪਣੇ-ਆਪਣੇ ਵਿਭਾਗਾਂ ਦੀਆਂ ਸਕੀਮਾਂ ਦੀ ਜਾਣਕਾਰੀ ਦਿੱਤੀ। ਇਸ ਮੌਕੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਬਲਾਕ ਕੋਆਰਡੀਨੇਟਰ ਕੁਲਵਿੰਦਰ ਸਿੰਘ, ਪਰਮਜੀਤ ਭੁੱਲਰ ਵੀਡੀਓ, ਸਿਹਤ ਵਿਭਾਗ ਤੋਂ ਮਲਕੀਤ ਸਿੰਘ, ਪਸ਼ੂ ਪਾਲਣ ਵਿਭਾਗ ਦੇ ਕਰਮਚਾਰੀ ਗੁਰਮੇਲ ਸਿੰਘ, ਰਾਊਂਡ ਗਲਾਸ ਸੰਸਥਾ ਦੇ ਪ੍ਰੇਮਜੀਤ ਸਿੰਘ, ਪੰਚ ਜਰਨੈਲ ਸਿੰਘ, ਹਰਮੇਲ ਸਿੰਘ ਤੇ ਡਾਕਟਰ ਨਛੱਤਰ ਸਿੰਘ ਆਦਿ ਹਾਜ਼ਰ ਸਨ।