ਯੂ.ਪੀ. ਕਾਂਡ ਨੂੰ ਲੈ ਕੇ ਕਿਸਾਨਾਂ ਨੇ ਘੇਰਿਆ ਡੀ.ਸੀ. ਦਫ਼ਤਰ,ਕੇਂਦਰ ਤੇ ਯੂਪੀ ਸਰਕਾਰ ਵਿਰੁੱਧ ਗਰਜੇ ਕਿਸਾਨ

Monday, Oct 04, 2021 - 04:29 PM (IST)

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ): ਯੂ.ਪੀ. ਦੇ ਲਖੀਮਪੁਰ ’ਚ ਸੰਘਰਸ਼ ਕਰ ਰਹੇ ਕਿਸਾਨਾਂ ’ਤੇ ਵਾਹਨ ਚੜਾ ਕੇ ਕਿਸਾਨਾਂ ਨੂੰ ਮਾਰ ਦੇਣ ਅਤੇ ਕਈਆਂ ਨੂੰ ਜ਼ਖ਼ਮੀ ਕਰ ਦੇਣ ’ਤੇ ਭੜਕੇ ਕਿਸਾਨਾਂ ਨੇ ਅੱਜ ਵੱਖ-ਵੱਖ ਰਾਜਾਂ, ਜਿਲ੍ਹਿਆਂ ’ਚ ਰੋਹ ਭਰਪੂਰ ਧਰਨੇ ਦਿੰਦਿਆਂ ਦੋਸ਼ੀਆਂ ’ਤੇ ਕਤਲ ਦਾ ਮਾਮਲਾ ਦਰਜ ਕਰਨ ਤੇ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਸ੍ਰੀ ਮੁਕਤਸਰ ਸਾਹਿਬ ਵਿਖੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਸੋਮਵਾਰ ਨੂੰ ਵੱਖ-ਵੱਖ ਕਿਸਾਨ ਯੂਨੀਅਨਾਂ ਤੇ ਹੋਰਨਾਂ ਜਥੇਬੰਦੀਆਂ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਲਗਾ ਕੇ ਕੇਂਦਰ ਅਤੇ ਯੂ.ਪੀ. ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

ਆਗੂਆਂ ਨੇ ਦੋਸ਼ ਲਗਾਇਆ ਕਿ ਗ੍ਰਹਿ ਰਾਜ ਮੰਤਰੀ ਅਜੇ ਕੁਮਾਰ ਮਿਸ਼ਰਾ ‘ਟੋਨੀ’ ਦੇ ਬੇਟੇ ਤੇ ਉਸ ਦੇ ਸਾਥੀਆਂ ਨੇ ਇਹ ਕਾਤਲਾਨਾ ਹਮਲਾ ਕੀਤਾ ਹੈ ਜੋ ਉੱਤਰ ਪ੍ਰਦੇਸ਼ ਅਤੇ ਕੇਂਦਰ ਸਰਕਾਰ ਦੀ ਡੂੰਘੀ ਸਾਜਿਸ਼ ਨੂੰ ਦਰਸਾਉਂਦਾ ਹੈ। ਇਹ ਕੋਈ ਇਤਫਾਕ ਨਹੀਂ ਹੈ ਕਿ ਉਸੇ ਦਿਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਜਨਤਕ ਤੌਰ ’ਤੇ ਆਪਣੀ ਪਾਰਟੀ ਦੇ ਵਰਕਰਾਂ ਨੂੰ ਲਾਠੀਆਂ ਅਤੇ ਕਿਸਾਨਾਂ ਵਿਰੁੱਧ ਹਿੰਸਾ ਕਰਨ ਲਈ ਉਕਸਾ ਰਹੇ ਹਨ। ਇਨ੍ਹਾਂ ਘਟਨਾਵਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਸਵਿਧਾਨਕ ਅਹੁਦਿਆਂ ’ਤੇ ਬੈਠੇ ਇਹ ਵਿਅਕਤੀ ਸ਼ਾਂਤੀਪੂਰਨ ਅੰਦੋਲਨ ਕਰਨ ਵਾਲੇ ਅੰਨਦਾਤਾ ਵਿਰੁੱਧ ਯੋਜਨਾਬੱਧ ਹਿੰਸਾ ਲਈ ਆਪਣੇ ਅਹੁਦਿਆਂ ਦੀ ਵਰਤੋਂ ਕਰ ਰਹੇ ਹਨ। ਇਹ ਦੇਸ਼ ਦੇ ਕਾਨੂੰਨਾਂ ਅਨੁਸਾਰ ਸੰਵਿਧਾਨ ਅਤੇ ਦੇਸ਼ ਦੇ ਵਿਰੁੱਧ ਅਪਰਾਧ ਹੈ। 

ਆਗੂਆਂ ਨੇ ਮੰਗ ਕੀਤੀ ਕਿ ਕੇਂਦਰੀ ਗ੍ਰਹਿ ਮੰਤਰੀ ਅਜੈ ਮਿਸ਼ਰਾ ਟੋਨੀ ਨੂੰ ਤੁਰੰਤ ਉਨ੍ਹਾਂ ਦੇ ਅਹੁਦੇ ਤੋਂ ਬਰਖ਼ਾਸਤ ਕੀਤਾ ਜਾਵੇ ਅਤੇ ਉਨ੍ਹਾਂ ਵਿਰੁੱਧ ਹਿੰਸਾ ਭੜਕਾਉਣ ਅਤੇ ਫਿਰਕੂ ਨਫਤਰ ਫੈਲਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਜਾਵੇ, ਕੇਂਦਰੀ ਮੰਤਰੀ ਦੇ ਬੇਟੇ ਅਸ਼ੀਸ਼ ਮਿਸ਼ਰਾ ‘ਮੋਨੂੰ’ ਅਤੇ ਉਸ ਦੇ ਸਾਥੀ ਗੁੰਡਾ ਅਨਸਰਾਂ ’ਤੇ ਤੁਰੰਤ ਕਤਲ ਦਾ ਕੇਸ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਜਾਵੇ। ਇਸ ਘਟਨਾ ਦੀ ਜਾਂਚ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਇਕ ਐੱਸ.ਆਈ.ਟੀ. ਵਲੋਂ ਕੀਤੀ ਜਾਵੇ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਜੋ ਅਹੁਦੇ ਤੇ ਬਿਰਾਜਮਾਨ ਹਨ ਤੇ ਹਿੰਸਾ ਭੜਕਾਉਣ ਦੇ ਪੂਰੇ ਜਿੰਮੇਵਾਰ ਹਨ ਨੂੰ ਬਰਖਾਸਤ ਕੀਤਾ ਜਾਵੇ। ਇਸ ਦੌਰਾਨ ਧਰਨੇ ’ਤੇ ਪੁੱਜੇ ਤਹਿਸੀਲਦਾਰ ਰਮੇਸ਼ ਕੁਮਾਰ ਨੇ ਕਿਸਾਨਾਂ ਤੋਂ ਮੰਗ ਪੱਤਰ ਲੈਂਦਿਆਂ ਵਿਸ਼ਵਾਸ ਦੁਆਇਆ ਕਿ ਇਹ ਮੰਗ ਪੱਤਰ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੱਕ ਪੁੱਜਦਾ ਕੀਤਾ ਜਾਵੇਗਾ। ਇਸ ਮੌਕੇ ਜਸਵਿੰਦਰ ਸਿੰਘ ਝਬੇਲਵਾਲੀ, ਜਗਦੇਵ ਸਿੰਘ ਕਾਨਿਆਂਵਾਲੀ, ਸੁਖਦੇਵ ਸਿੰਘ ਬੂੜਾਗੁੱਜਰ, ਭਿੰਦਰ ਸਿੰਘ, ਜਰਨੈਲ ਸਿੰਘ ਰੋੜਾਂਵਾਲੀ, ਬਲਵਿੰਦਰ ਸਿੰਘ ਥਾਂਦੇਵਾਲਾ, ਗੁਰਤੇਜ ਸਿੰਘ ਉਦੇਕਰਨ, ਦਵਿੰਦਰ ਸਿੰਘ ਭੰਗੇਵਾਲਾ, ਨਿਰਮਲ ਸਿੰਘ, ਹਰਮੀਤ ਸਿੰਘ ਲੰਬੀ, ਰੁਪਿੰਦਰ ਸਿੰਘ ਡੋਹਕ, ਬਲਦੇਵ ਸਿੰਘ ਕੋਟਲੀ, ਕੁਲਦੀਪ ਸਿੰਘ ਥਾਂਦੇਵਾਲਾ ਜਮਹੂਰੀ ਕਿਸਾਨ ਸਭਾ ਦੇ ਹੋਰ ਵੀ ਯੂਨੀਅਨ ਆਗੂਆਂ ਨੇ ਸੰਬੋਧਨ ਕੀਤਾ।


Shyna

Content Editor

Related News