ਚੋਰਾਂ ਦਾ ਕਹਿਰ: ਦੋ ਕਾਰਾਂ ਦੇ ਸ਼ੀਸ਼ੇ ਤੋੜ ਲੈਪਟਾਪ ਤੇ ਨਕਦੀ ਨਾਲ ਭਰਿਆ ਪਰਸ ਕੀਤਾ ਚੋਰੀ

Monday, Aug 31, 2026 - 05:58 PM (IST)

ਚੋਰਾਂ ਦਾ ਕਹਿਰ: ਦੋ ਕਾਰਾਂ ਦੇ ਸ਼ੀਸ਼ੇ ਤੋੜ ਲੈਪਟਾਪ ਤੇ ਨਕਦੀ ਨਾਲ ਭਰਿਆ ਪਰਸ ਕੀਤਾ ਚੋਰੀ

ਲੁਧਿਆਣਾ (ਰਾਜ)- ਪੌਸ਼ ਇਲਾਕੇ ਸਿਵਲ ਲਾਈਨਜ਼ 'ਚ ਚੋਰਾਂ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਪੈਦਲ ਘੁੰਮ ਰਹੇ ਇੱਕ ਸ਼ਾਤਰ ਚੋਰ ਨੇ ਸੁੰਨਸਾਨ ਸੜਕ 'ਤੇ ਖੜ੍ਹੀਆਂ ਦੋ ਲਗਜ਼ਰੀ ਕਾਰਾਂ ਦੇ ਸ਼ੀਸ਼ੇ ਤੋੜ ਕੇ ਅੰਦਰ ਪਿਆ ਕੀਮਤੀ ਸਾਮਾਨ ਚੋਰੀ ਕਰ ਲਿਆ। ਚੋਰ ਇੱਕ ਕਾਰ 'ਚੋਂ ਲੈਪਟਾਪ ਅਤੇ ਦੂਜੀ ਕਾਰ 'ਚੋਂ ਨਕਦੀ ਨਾਲ ਭਰਿਆ ਪਰਸ ਚੋਰੀ ਕਰਕੇ ਆਰਾਮ ਨਾਲ ਫਰਾਰ ਹੋ ਗਿਆ। ਇਹ ਪੂਰੀ ਵਾਰਦਾਤ ਨੇੜੇ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ।

ਹੈਰਾਨੀ ਵਾਲੀ ਗੱਲ ਇਹ ਹੈ ਕਿ ਜਦੋਂ ਪੀੜਤ ਆਪਣੀ ਸ਼ਿਕਾਇਤ ਲੈ ਕੇ ਥਾਣਾ ਡਿਵੀਜ਼ਨ ਨੰਬਰ 8 ਪਹੁੰਚੇ ਤਾਂ ਰਾਤ ਸਮੇਂ ਥਾਣੇ ਦਾ ਮੁੱਖ ਗੇਟ ਹੀ ਬੰਦ ਮਿਲਿਆ ਅਤੇ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ, ਜਿਸ ਕਾਰਨ ਲੋਕਾਂ 'ਚ ਪੁਲਸ ਖਿਲਾਫ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਸਿਵਲ ਲਾਈਨਜ਼ ਇਲਾਕੇ 'ਚ ਰਾਤ ਵੇਲੇ ਇੱਕ ਨੌਜਵਾਨ ਪੈਦਲ ਘੁੰਮ ਰਿਹਾ ਸੀ ਅਤੇ ਸੁੰਨਸਾਨ ਥਾਂ 'ਤੇ ਖੜ੍ਹੀਆਂ ਗੱਡੀਆਂ ਦੀ ਰੇਕੀ ਕਰ ਰਿਹਾ ਸੀ। ਚੋਰ ਨੇ ਪਹਿਲਾਂ ਇੱਕ ਕਾਰ ਦਾ ਸਾਈਡ ਸ਼ੀਸ਼ਾ ਤੋੜਿਆ ਅਤੇ ਅੰਦਰ ਪਿਆ ਕੀਮਤੀ ਲੈਪਟਾਪ ਚੋਰੀ ਕਰ ਲਿਆ। ਇਸ ਤੋਂ ਬਾਅਦ ਉਸਨੇ ਦੂਜੀ ਕਾਰ ਨੂੰ ਨਿਸ਼ਾਨਾ ਬਣਾਇਆ, ਉਸਦਾ ਵੀ ਸ਼ੀਸ਼ਾ ਤੋੜ ਕੇ ਅੰਦਰੋਂ ਨਕਦੀ ਨਾਲ ਭਰਿਆ ਪਰਸ ਜਿਸ 'ਚ ਜ਼ਰੂਰੀ ਦਸਤਾਵੇਜ਼ ਅਤੇ ਨਕਦੀ ਸੀ, ਚੋਰੀ ਕਰ ਲਿਆ।

 ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਬੇਖੌਫ਼ ਅੰਦਾਜ਼ 'ਚ ਪੈਦਲ ਹੀ ਮੌਕੇ ਤੋਂ ਫਰਾਰ ਹੋ ਗਿਆ। ਇਹ ਪੂਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰੇ 'ਚ ਰਿਕਾਰਡ ਹੋ ਗਈ ਹੈ। ਸਵੇਰੇ ਜਦੋਂ ਗੱਡੀ ਮਾਲਕਾਂ ਨੂੰ ਗੱਡੀਆਂ ਦੇ ਸ਼ੀਸ਼ੇ ਟੁੱਟੇ ਮਿਲੇ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਘਟਨਾ ਤੋਂ ਤੁਰੰਤ ਬਾਅਦ ਜਦੋਂ ਪੀੜਤ ਸ਼ਿਕਾਇਤ ਦਰਜ ਕਰਵਾਉਣ ਲਈ ਥਾਣਾ ਡਿਵੀਜ਼ਨ ਨੰਬਰ 8 ਪਹੁੰਚੇ ਤਾਂ ਉੱਥੋਂ ਦਾ ਹਾਲ ਦੇਖ ਕੇ ਉਨ੍ਹਾਂ ਦਾ ਗੁੱਸਾ ਸੱਤਵੇਂ ਅਸਮਾਨ 'ਤੇ ਪਹੁੰਚ ਗਿਆ। ਪੀੜਤਾਂ ਦਾ ਦੋਸ਼ ਹੈ ਕਿ ਰਾਤ ਸਮੇਂ ਜਦੋਂ ਉਹ ਥਾਣੇ ਪਹੁੰਚੇ ਤਾਂ ਥਾਣੇ ਦਾ ਮੁੱਖ ਗੇਟ ਅੰਦਰੋਂ ਬੰਦ ਸੀ। ਉਨ੍ਹਾਂ ਕਾਫੀ ਦੇਰ ਤੱਕ ਗੇਟ ਖੜਕਾਇਆ ਅਤੇ ਅਵਾਜ਼ਾਂ ਮਾਰੀਆਂ, ਪਰ ਅੰਦਰੋਂ ਕਿਸੇ ਨੇ ਵੀ ਗੇਟ ਨਹੀਂ ਖੋਲ੍ਹਿਆ।


author

Shivani Bassan

Content Editor

Related News