ਪੇਪਰ ਲੀਕ ਮਾਮਲੇ ’ਚ ਫਰਾਰ ਦੋ ਮੁਲਜ਼ਮ ਕਾਬੂ, ਚਾਰ ਦਿਨਾ ਰਿਮਾਂਡ ’ਤੇ

Sunday, Sep 30, 2018 - 07:09 AM (IST)

ਪੇਪਰ ਲੀਕ ਮਾਮਲੇ ’ਚ ਫਰਾਰ ਦੋ ਮੁਲਜ਼ਮ ਕਾਬੂ, ਚਾਰ ਦਿਨਾ ਰਿਮਾਂਡ ’ਤੇ

ਚੰਡੀਗਡ਼੍ਹ, (ਸੁਸ਼ੀਲ)- ਹਰਿਆਣਾ ਵਿਚ 109 ਜੱਜਾਂ ਦੀ ਭਰਤੀ ਸਬੰਧੀ  ਹੋਏ ਪੇਪਰ ਲੀਕ ਮਾਮਲੇ ’ਚ ਆਯੂਸ਼ੀ ਗੋਦਰਾ ਦੇ ਫਰਾਰ ਪਿਤਾ ਸੁਭਾਸ਼ ਗੋਦਰਾ ਤੇ ਮਾਮਾ ਸੁਸ਼ੀਲ ਭਾਦੂ ਨੂੰ ਐੱਸ. ਆਈ. ਟੀ. ਨੇ ਹਰਿਆਣਾ ਤੋਂ ਗ੍ਰਿਫਤਾਰ ਕਰ ਲਿਆ। ਦੋਵਾਂ ਮੁਲਜ਼ਮਾਂ ਨੂੰ ਐੱਸ. ਆਈ. ਟੀ. ਨੇ ਜ਼ਿਲਾ ਅਦਾਲਤ ’ਚ ਪੇਸ਼ ਕੀਤਾ, ਜਿਥੋਂ ਉਨ੍ਹਾਂ ਨੂੰ ਚਾਰ ਦਿਨਾ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਗਿਆ। ਐੱਸ. ਆਈ. ਟੀ. ਹੁਣ ਮਾਮਲੇ ਵਿਚ ਫਰਾਰ ਤੀਸਰੇ ਮੁਲਜ਼ਮ ਤੇਜਿੰਦਰ ਦੀ ਭਾਲ ਕਰ ਰਹੀ ਹੈ।
 ਤੇਜਿੰਦਰ ਬਿਸ਼ਨੋਈ ਨੇ ਪ੍ਰੀਖਿਆ ’ਚ ਦੂਸਰਾ ਸਥਾਨ ਹਾਸਲ ਕੀਤਾ ਸੀ। ਐੱਸ. ਆਈ. ਟੀ. ਨੇ ਕੁਝ ਦਿਨ ਪਹਿਲਾਂ ਹੀ ਸੁਭਾਸ਼ ਗੋਦਰਾ, ਸੁਸ਼ੀਲ ਭਾਦੂ ਤੇ ਤੇਜਿੰਦਰ ਬਿਸ਼ਨੋਈ ’ਤੇ 50-50 ਹਜ਼ਾਰ ਰੁਪਏ ਦਾ ਇਨਾਮ ਰੱਖਿਆ ਸੀ। ਐੱਸ. ਆਈ. ਟੀ. ਨੇ ਜਾਂਚ ਵਿਚ ਪਾਇਆ ਸੀ ਕਿ ਆਯੂਸ਼ੀ  ਦੇ ਪਿਤਾ ਸੁਭਾਸ਼ ਤੇ ਮਾਮਾ ਸੁਸ਼ੀਲ ਨੇ ਦੂਸਰੇ ਟਾਪਰ ਤੇਜਿੰਦਰ ਬਿਸ਼ਨੋਈ ਤੋਂ ਲੱਖਾਂ ਰੁਪਏ ਲੈ ਕੇ ਪੇਪਰ ਵੇਚਿਆ ਸੀ। 
 ਇੰਝ ਸਾਹਮਣੇ ਆਇਆ ਸੀ ਮਾਮਲਾ
 ਪਿੰਜੌਰ ਦੀ ਰਹਿਣ ਵਾਲੀ ਸੁਮਨ ਨੇ ਪਟੀਸ਼ਨ ਦਰਜ ਕਰਕੇ ਕਿਹਾ ਸੀ ਕਿ ਹਰਿਆਣਾ ਨੇ ਐੱਚ. ਸੀ. ਐੱਸ. ਜੁਡੀਸ਼ੀਅਲ ਦੇ 109 ਅਹੁਦਿਅਾਂ ਲਈ ਅਰਜ਼ੀਆਂ ਮੰਗੀਆਂ ਸਨ। ਪੇਪਰ ਦੀ ਤਿਆਰੀ ਲਈ ਉਹ ਕੋਚਿੰਗ ਸੈਂਟਰ ਗਈ। ਇਸ ਵਿਚ ਉਸ ਦੀ ਦੋਸਤੀ ਸੁਸ਼ੀਲਾ ਨਾਲ ਹੋ ਗਈ। ਗਲਤੀ ਨਾਲ ਸੁਸ਼ੀਲਾ ਨੇ ਉਸ ਨੂੰ ਇਕ ਅਜਿਹੀ ਆਡੀਓ ਰਿਕਾਰਡਿੰਗ ਭੇਜ ਦਿੱਤੀ, ਜਿਸ ਵਿਚ ਉਹ ਹੋਰ ਲਡ਼ਕੀ ਨਾਲ ਡੇਢ ਕਰੋਡ਼ ਵਿਚ ਨਿਯੁਕਤੀ ਦੀ ਗੱਲ ਕਰ ਰਹੀ ਸੀ। ਬਾਅਦ ’ਚ ਪੇਪਰ ਲੀਕ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ।
 ਇਸ ਤੋਂ ਬਾਅਦ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਹੁਕਮਾਂ ’ਤੇ ਐੱਸ. ਪੀ. ਰਵੀ ਕੁਮਾਰ ਦੀ ਅਗਵਾਈ ਵਿਚ ਐੱਸ. ਆਈ. ਟੀ. ਬਣਾ ਕੇ ਸੈਕਟਰ-3 ਥਾਣਾ ਪੁਲਸ ਨੇ ਸੁਨੀਤਾ, ਸੁਸ਼ੀਲਾ ਤੇ ਹਾਈ ਕੋਰਟ ਦੇ ਸਾਬਕਾ ਰਜਿਸਟਰਾਰ ਡਾ. ਬਲਵਿੰਦਰ ਖਿਲਾਫ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਸੀ।
 ਇਸ ਤੋਂ ਬਾਅਦ ਪੁਲਸ ਨੇ ਕਾਂਗਰਸੀ ਅਾਗੂ ਸੁਨੀਲ ਕੁਮਾਰ ਚੋਪਡ਼ਾ ਉਰਫ ਟੀਟੂ  ਤੇ ਆਯੂਸ਼ੀ ਗੋਦਾਰਾ ਨੂੰ ਕਾਬੂ ਕੀਤਾ ਸੀ।


Related News