ਦਾਜ ਦੀ ਮੰਗ ਤੋਂ ਪ੍ਰੇਸ਼ਾਨ ਵਿਆਹੁਤਾ ਨੇ ਕੀਤੀ ਖੁਦਕੁਸ਼ੀ, ਪਤੀ ਤੇ ਸਹੁਰੇ ਖ਼ਿਲਾਫ਼ ਕੇਸ ਦਰਜ

Friday, Feb 25, 2022 - 04:03 PM (IST)

ਬਰਨਾਲਾ (ਪੁਨੀਤ ਮਾਨ) : ਜ਼ਿਲ੍ਹੇ ਦੇ ਪਿੰਡ ਸੇਖਾਂ 'ਚ ਦਾਜ ਅਤੇ ਕਾਰ ਦੀ ਮੰਗ ਤੋਂ ਤੰਗ ਆ ਕੇ ਵਿਆਹੁਤਾ ਨੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਲੜਕੀ ਦਾ ਵਿਆਹ 5 ਸਾਲ ਪਹਿਲਾਂ ਹੋਇਆ ਸੀ ਸਹੁਰਾ ਪਰਿਵਾਰ ਵੱਲੋਂ ਉਸ ਨੂੰ ਦਾਜ ਲਈ ਅਕਸਰ ਤੰਗ ਕੀਤਾ ਜਾਂਦਾ ਸੀ ਤੇ ਹੁਣ ਕਾਰ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਤੋਂ ਤੰਗ ਆ ਕੇ ਲੜਕੀ ਨੇ ਖੁਦਕੁਸ਼ੀ ਕਰ ਲਈ, ਜਦਕਿ ਮ੍ਰਿਤਕਾ ਦੇ ਸਹੁਰੇ, ਪਿੰਡ ਸੇਖਾਂ ਦੀ ਸਰਪੰਚ ਤੇ ਹੋਰਨਾਂ ਨੇ ਦਾਜ ਦੀ ਮੰਗ ਤੋਂ ਇਨਕਾਰ ਕੀਤਾ ਹੈ। ਪੁਲਸ ਨੇ ਮ੍ਰਿਤਕਾ ਦੇ ਪਤੀ ਤੇ ਸਹੁਰਾ ਪਰਿਵਾਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਬਿਕਰਮ ਮਜੀਠੀਆ ਨੂੰ ਪਟਿਆਲਾ ਜੇਲ੍ਹ 'ਚ ਕੀਤਾ ਸ਼ਿਫਟ

ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕਾ ਸੰਦੀਪ ਕੌਰ ਦੇ ਭਰਾ ਸਤਪਾਲ ਦਾਸ ਤੇ ਉਸ ਨਾਲ ਆਏ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਦਾ ਵਿਆਹ ਕਰੀਬ 5 ਸਾਲ ਪਹਿਲਾਂ ਪਿੰਡ ਸੇਖਾਂ ਦੇ ਰਹਿਣ ਵਾਲੇ ਸੁਖਪ੍ਰੀਤ ਦਾਸ ਨਾਲ ਹੋਇਆ ਸੀ। ਉਨ੍ਹਾਂ ਦਾ ਇਕ 4 ਸਾਲ ਦਾ ਬੇਟਾ ਵੀ ਹੈ। ਉਸ ਨੇ ਦੱਸਿਆ ਕਿ ਉਸ ਦੀ ਭੈਣ ਨੂੰ ਸਹੁਰੇ ਵਾਲੇ ਅਕਸਰ ਦਾਜ ਲਈ ਤੰਗ ਕਰਦੇ ਸਨ ਅਤੇ ਹੁਣ ਕਾਰ ਦੀ ਮੰਗ ਕੀਤੀ ਜਾ ਰਹੀ ਸੀ। ਉਸ ਦੀ ਭੈਣ ਦੀ ਉਸ ਦੇ ਪਤੀ ਵੱਲੋਂ ਪਹਿਲਾਂ ਵੀ ਕਈ ਵਾਰ ਕੁੱਟਮਾਰ ਕੀਤੀ ਜਾ ਚੁੱਕੀ ਹੈ ਅਤੇ ਪੰਚਾਇਤ ਵੱਲੋਂ ਰਾਜ਼ੀਨਾਮਾ ਕੀਤਾ ਗਿਆ ਸੀ। ਉਨ੍ਹਾਂ ਮ੍ਰਿਤਕਾ ਦੇ ਪਤੀ ਅਤੇ ਸਹੁਰੇ 'ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਉਸ ਦੀ ਭੈਣ ਦੀ ਹੱਤਿਆ ਕਰਨ ਤੋਂ ਬਾਅਦ ਲਾਸ਼ ਨੂੰ ਪੱਖੇ ਨਾਲ ਲਟਕਾ ਕੇ ਖੁਦਕੁਸ਼ੀ ਦਾ ਨਾਂ ਦਿੱਤਾ ਜਾ ਰਿਹਾ ਹੈ। ਉਸ ਨੇ ਇਸ ਪੂਰੇ ਮਾਮਲੇ 'ਤੇ ਮ੍ਰਿਤਕਾ ਦੇ ਪਤੀ, ਸਹੁਰਾ ਅਤੇ ਨਣਾਨ ਖ਼ਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਅਤੇ ਕਿਹਾ ਕਿ ਜੇਕਰ ਦੋਸ਼ੀਆਂ ਖ਼ਿਲਾਫ਼ ਸਖਤ ਕਾਰਵਾਈ ਨਾ ਕੀਤੀ ਗਈ ਤਾਂ ਉਹ ਸੰਘਰਸ਼ ਕਰਨਗੇ।

ਇਹ ਵੀ ਪੜ੍ਹੋ : ਤਪਾ ਮੰਡੀ ਨਜ਼ਦੀਕ ਵਾਪਰਿਆ ਭਿਆਨਕ ਹਾਦਸਾ, ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਦੀ ਦਰਦਨਾਕ ਮੌਤ

ਦੂਜੇ ਪਾਸੇ ਇਸ ਮਾਮਲੇ 'ਤੇ ਮ੍ਰਿਤਕਾ ਸੰਦੀਪ ਕੌਰ ਦੇ ਸਹੁਰਾ ਪਿੰਡ ਸੇਖਾਂ ਦੇ ਸਰਪੰਚ ਸੁਰਜੀਤ ਸਿੰਘ ਅਤੇ ਸਾਬਕਾ ਸਰਪੰਚ ਜਰਨੈਲ ਸਿੰਘ ਨੇ ਮ੍ਰਿਤਕਾ ਦੇ ਭਰਾ ਵੱਲੋਂ ਸੰਦੀਪ ਕੌਰ ਦੀ ਹੱਤਿਆ ਕਰਕੇ ਲਾਸ਼ ਪੱਖੇ ਨਾਲ ਲਟਕਾਉਣ ਦੇ ਆਰੋਪ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਮ੍ਰਿਤਕਾ ਦੇ ਸਹੁਰੇ ਪੱਖ ਵੱਲੋਂ ਸੰਦੀਪ ਕੌਰ ਦੀ ਹੱਤਿਆ ਨਹੀਂ ਕੀਤੀ ਗਈ, ਸਗੋਂ ਉਸ ਨੇ ਆਪਣੇ ਘਰ ਵਿੱਚ ਹੀ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮ੍ਰਿਤਕਾ ਅਤੇ ਉਸ ਦੇ ਪਤੀ ਵਿਚਕਾਰ ਪਹਿਲਾਂ ਕੋਈ ਝਗੜਾ ਨਹੀਂ ਹੋਇਆ। ਦੂਜੇ ਪਾਸੇ ਉਨ੍ਹਾਂ ਕਿਹਾ ਕਿ ਇਹ ਪਰਿਵਾਰ ਦਿਹਾੜੀ ਕਰਕੇ ਆਪਣਾ ਗੁਜ਼ਾਰਾ ਚਲਾ ਰਿਹਾ ਹੈ ਅਤੇ ਮੋਟਰਸਾਈਕਲ ਰੱਖਣ ਦੇ ਸਮਰੱਥ ਨਹੀਂ ਹਨ ਤਾਂ ਫਿਰ ਕਾਰ ਦੀ ਮੰਗ ਕਿਵੇਂ ਕਰ ਸਕਦੇ ਹਨ।

ਇਹ ਵੀ ਪੜ੍ਹੋ : ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਦੇ ਮਾਮਲੇ 'ਚ ਦੋਸ਼ੀ ਨੂੰ 20 ਸਾਲ ਦੀ ਕੈਦ

ਇਸ ਸਬੰਧੀ ਥਾਣਾ ਸਦਰ ਦੇ ਮੁਖੀ ਸਬ-ਇੰਸਪੈਕਟਰ ਅਜੈਬ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ 7 ਵਜੇ ਦੇ ਕਰੀਬ ਮ੍ਰਿਤਕਾ ਸੰਦੀਪ ਕੌਰ ਨੇ ਆਪਣੇ ਘਰ 'ਚ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ, ਜਿਸ ਤੋਂ ਬਾਅਦ ਪੁਲਸ ਪਾਰਟੀ ਮੌਕੇ 'ਤੇ ਪਹੁੰਚੀ ਤੇ ਲਾਸ਼ ਨੂੰ ਹੇਠਾਂ ਉਤਾਰ ਕੇ ਪੋਸਟਮਾਰਟਮ ਲਈ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਰਖਵਾਇਆ ਗਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕਾ ਦੇ ਭਰਾ ਸਤਪਾਲ ਦਾਸ ਦੇ ਬਿਆਨਾਂ ਦੇ ਆਧਾਰ 'ਤੇ ਮ੍ਰਿਤਕਾ ਦੇ ਪਤੀ ਸੁਖਪ੍ਰੀਤ ਦਾਸ ਤੇ ਸਹੁਰੇ ਮੁਖਤਿਆਰ ਦਾਸ ਖ਼ਿਲਾਫ਼ ਧਾਰਾ 304-ਬੀ ਤਹਿਤ ਮਾਮਲਾ ਦਰਜ ਕਰਕੇ ਆਰੋਪੀਆਂ ਦੀ ਗ੍ਰਿਫ਼ਤਾਰੀ ਸ਼ੁਰੂ ਕਰ ਦਿੱਤੀ ਹੈ।

 

ਇਹ ਵੀ ਪੜ੍ਹੋ : ਕੈਨੇਡਾ ਦੀ PR ਦਿਵਾਉਣ ਦੇ ਨਾਂ 'ਤੇ ਠੱਗੇ 60 ਲੱਖ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Anuradha

Content Editor

Related News