ਤ੍ਰਿਪਤ ਬਾਜਵਾ ਨੇ ਸਮਾਰਟ ਵਿਲੇਜ ਮੁਹਿੰਮ ਮੋਬਾਇਲ ਐਪ ਕੀਤੀ ਲਾਂਚ

12/12/2019 1:35:56 AM

ਚੰਡੀਗੜ੍ਹ,(ਭੁੱਲਰ) : ਸਮਾਰਟ ਵਿਲੇਜ ਕੰਪੇਨ ਅਧੀਨ ਹੋ ਰਹੇ ਵਿਕਾਸ ਕਾਰਜਾਂ 'ਚ ਪਾਰਦਰਸ਼ਤਾ ਲਿਆਉਣ ਅਤੇ ਲੋਕਾਂ ਦੀ ਰਾਏ ਜਾਣਨ ਲਈ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵਲੋਂ ਅੱਜ ਇਥੇ ਸਮਾਰਟ ਵਿਲੇਜ ਮੁਹਿੰਮ ਮੋਬਾਇਲ ਐਪਲੀਕੇਸ਼ਨ ਲਾਂਚ ਕੀਤਾ ਗਿਆ। ਇਸ ਐਪ 'ਚ ਇਕ ਸਿਟੀਜ਼ਨ ਇੰਟਰਫੇਸ ਹੈ ਜੋ ਕਿ ਕਿਸੇ ਵੀ ਨਾਗਰਿਕ ਨੂੰ ਰਾਜ ਭਰ ਵਿਚ ਮੁਹਿੰਮ ਅਧੀਨ ਪ੍ਰਾਜੈਕਟਾਂ ਦੀ ਸਥਿਤੀ ਦੀ ਜਾਂਚ ਕਰਨ ਦੀ ਸਹੂਲਤ ਦਿੰਦਾ ਹੈ। ਐਪ ਅੰਗਰੇਜ਼ੀ ਅਤੇ ਪੰਜਾਬੀ ਦੋਵਾਂ ਭਾਸ਼ਾਵਾਂ 'ਚ
ਗੂਗਲ ਪਲੇਅ ਸਟੋਰ ਅਤੇ ਐਪਲ ਆਈ. ਓ. ਐੱਸ. ਸਟੋਰ 'ਤੇ ਉਪਲਬਧ ਹੈ। ਇਸ ਮੌਕੇ ਰਾਸ਼ਟਰੀ ਇਨਾਮ ਜੇਤੂ ਜ਼ਿਲਾ ਪ੍ਰੀਸ਼ਦਾਂ, ਬਲਾਕ ਸੰਮਤੀਆਂ ਅਤੇ ਪੰਚਾਇਤਾਂ ਨੂੰ ਵੀ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਨੇ ਸਨਮਾਨਿਤ ਕੀਤਾ। ਪੇਂਡੂ ਵਿਕਾਸ ਮੰਤਰੀ ਨੇ ਦੱਸਿਆ ਕਿ ਐਪ ਵਿਚ ਕੰਮਾਂ ਅਤੇ ਅਨੁਮਾਨਾਂ ਦੀਆਂ ਤਸਵੀਰਾਂ ਅਤੇ ਕਈ ਪੱਧਰਾਂ 'ਤੇ ਡੈਸ਼ਬੋਰਡਸ ਹਨ, ਜਿਸ ਨਾਲ ਕੰਮਾਂ ਦੀ ਨਿਗਰਾਨੀ ਵਿਚ ਪ੍ਰਸ਼ਾਸਨ ਦੀ ਸਹਾਇਤਾ ਹੋਵੇਗੀ।

ਉਨ੍ਹਾਂ ਨਾਲ ਹੀ ਕਿਹਾ ਕਿ ਸਮਾਰਟ ਵਿਲੇਜ ਮੁਹਿੰਮ ਪੰਜਾਬ ਵਿਚ ਬੁਨਿਆਦੀ ਢਾਂਚੇ ਦੀ ਉਸਾਰੀ ਲਈ ਸਰਕਾਰੀ ਯੋਜਨਾਵਾਂ ਦੀ ਪੂਰਤੀ ਕਰ ਕੇ ਅਤੇ ਸਿਹਤ, ਸਿੱਖਿਆ ਅਤੇ ਵਾਤਾਵਰਣ ਦੀਆਂ ਜ਼ਰੂਰੀ ਸਹੂਲਤਾਂ ਪ੍ਰਦਾਨ ਕਰ ਕੇ ਪੇਂਡੂ ਖੇਤਰਾਂ ਵਿਚ ਸੁਧਾਰ ਲਿਆਉਣ ਦੇ ਉਦੇਸ਼ ਨਾਲ ਚਲਾਈ ਜਾ ਰਹੀ ਹੈ। ਇਸ ਮੌਕੇ ਜਾਣਕਾਰੀ ਸਾਂਝੀ ਕਰਦਿਆਂ ਪੇਂਡੂ ਵਿਕਾਸ ਵਿਭਾਗ ਦੀ ਵਿੱਤ ਕਮਿਸ਼ਨਰ ਸੀਮਾ ਜੈਨ ਨੇ ਦੱਸਿਆ ਕਿ ਸਮਾਰਟ ਵਿਲੇਜ ਮੁਹਿੰਮ ਅਧੀਨ ਅਧੀਨ ਕੁਲ 796 ਕਰੋੜ ਰੁਪਏ ਦੀ ਰਕਮ ਉਪਲੱਬਧ ਕਰਵਾਈ ਗਈ ਹੈ ਅਤੇ 18808 ਕੰਮਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਮੌਕੇ ਵਿੱਤ ਕਮਿਸ਼ਨਰ ਸੀਮਾ ਜੈਨ, ਡਾ. ਰੋਜ਼ੀ ਵੈਦ ਪ੍ਰੋਫੈਸਰ ਅਤੇ ਮੁਖੀ ਸਟੇਟ ਇੰਸਟੀਚਿਊਟ ਆਫ ਰੂਰਲ ਡਿਵੈੱਲਪਮੈਂਟ, ਹਰਦਿਆਲ ਸਿੰਘ ਚੱਠਾ ਡਿਪਟੀ ਡਾਇਰੈਕਟਰ ਪੇਂਡੂ ਵਿਕਾਸ ਵਿਭਾਗ ਤੋਂ ਇਲਾਵਾ ਵਿਭਾਗ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।


Related News