ਸਕੂਲਾਂ-ਕਾਲਜਾਂ ਨੇੜੇ ਤੰਬਾਕੂ ਵੇਚਣ ਵਾਲਿਆਂ ’ਤੇ ਸਿਹਤ ਵਿਭਾਗ ਦੀ ਕਾਰਵਾਈ
Wednesday, May 06, 2026 - 01:36 PM (IST)
ਪਟਿਆਲਾ/ਸਨੌਰ (ਮਨਦੀਪ ਜੋਸਨ) : ਜ਼ਿਲ੍ਹਾ ਸਹਾਇਕ ਸਿਹਤ ਅਫ਼ਸਰ ਡਾ. ਇੰਦਰਜੀਤ ਰੰਧਾਵਾ ਦੀ ਅਗਵਾਈ ਹੇਠ ਤੰਬਾਕੂ ਕੰਟਰੋਲ ਸੈੱਲ ਦੀ ਟੀਮ ਵੱਲੋਂ ਤੰਬਾਕੂ ਕੰਟਰੋਲ ਐਕਟ ਦੀ ਉਲੰਘਣਾ ਕਰਨ ਵਾਲੇ 5 ਵਿਅਕਤੀਆਂ ਦੇ ਚਲਾਨ ਕੱਟੇ ਅਤੇ ਮੌਕੇ ’ਤੇ ਜੁਰਮਾਨਾ ਵਸੂਲ ਕੀਤਾ ਗਿਆ। ਜ਼ਿਲ੍ਹਾ ਨੋਡਲ ਅਫ਼ਸਰ ਨੈਸ਼ਨਲ ਕੰਟਰੋਲ ਪ੍ਰੋਗਰਾਮ ਅਫ਼ਸਰ ਡਾ. ਇੰਦਰਪ੍ਰੀਤ ਰੰਧਾਵਾ ਨੇ ਦੱਸਿਆ ਕਿ ਟੀਮ ਵੱਲੋਂ ਲੱਕੀ ਹਾਈ ਮਾਡਲ ਸਕੂਲ ਦੇ ਸਾਹਮਣੇ, ਰਾਘੋਮਾਜਰਾ, ਮਹਾਵੀਰ ਚੌਕ, ਐੱਨ. ਆਈ. ਐੱਸ. ਅਤੇ ਸ਼ੀਸ਼ ਮਹਿਲ ਦੇ ਨੇੜਲੇ ਇਲਾਕਿਆਂ ’ਚ ਚੈਕਿੰਗ ਕੀਤੀ ਗਈ। ਇਸ ਦੌਰਾਨ ਜਨਤਕ ਥਾਵਾਂ ਅਤੇ ਵਿਦਿਅਕ ਸੰਸਥਾਵਾਂ ਦੇ ਨੇੜੇ ਤੰਬਾਕੂ ਵੇਚਣ ਵਾਲੀਆਂ ਦੁਕਾਨਾਂ ਤੇ ਖੋਖਿਆਂ ਦੀ ਜਾਂਚ ਕੀਤੀ ਗਈ।
ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟਣ ਦੇ ਨਾਲ-ਨਾਲ ਦੁਕਾਨਦਾਰਾਂ ਨੂੰ ਤੰਬਾਕੂ ਦੇ ਖ਼ਤਰਿਆਂ ਬਾਰੇ ਜਾਗਰੂਕ ਵੀ ਕੀਤਾ ਗਿਆ। ਜ਼ਿਲ੍ਹਾ ਸਿਹਤ ਅਫ਼ਸਰ ਵੱਲੋਂ ਆਮ ਜਨਤਾ ਨੂੰ ਅਪੀਲ ਕੀਤੀ ਗਈ ਕਿ ਉਹ ਤੰਬਾਕੂ ਉਤਪਾਦਾਂ ਤੋਂ ਦੂਰ ਰਹਿ ਕੇ ਆਪਣੀ ਅਤੇ ਸਮਾਜ ਦੀ ਸਿਹਤ ਦੀ ਰੱਖਿਆ ਕਰਨ। ਇਸ ਮੌਕੇ ਹੈਲਥ ਸੁਪਰਵਾਈਜ਼ਰ ਅਨਿਲ ਗੁਰੂ ਵੀ ਮੌਜੂਦ ਸਨ।
