ਬਾਰਸ਼ ਤੇ ਗੜੇਮਾਰੀ ਕਾਰਨ ਹਜ਼ਾਰਾਂ ਏਕਡ਼ ਫਸਲ ਤਬਾਹ

01/24/2019 12:47:01 AM

 ਸੰਦੌਡ਼/ਸ਼ੇਰਪੁਰ, (ਰਿਖੀ,ਬੋਪਾਰਾਏ,ਅਨੀਸ਼, ਸਿੰਗਲਾ)- ਲੰਘੀ ਸ਼ਾਮ ਹੋਈ ਤੇਜ਼ ਬਾਰਿਸ਼ ਅਤੇ ਗਡ਼ੇਮਾਰੀ ਨੇ ਇਲਾਕੇ ਦੇ ਕਈ ਪਿੰਡਾਂ ਵਿਚ ਭਾਰੀ ਨੁਕਸਾਨ ਕਰ ਦਿੱਤਾ ਹੈ, ਜਿਸ ਨਾਲ ਕਿਸਾਨਾਂ ਦਾ ਕਰੀਬ 500 ਏਕਡ਼ ਕਣਕ ਅਤੇ ਸਬਜ਼ੀਆਂ ਦੀ ਫਸਲ ਦੇ ਨੁਕਸਾਨ ਦਾ ਅਨੁਮਾਨ ਹੈ। ਇਸ ਮੌਕੇ ਮੀਡੀਆ ਵੱਲੋਂ ਇਲਾਕੇ ਦੇ ਕੀਤੇ ਗਏ ਸਰਵੇਖਣ ਅਨੁਸਾਰ ਪਿੰਡ ਸੰਦੌਡ਼, ਮਾਣਕੀ, ਪੰਜਗਰਾਈਆਂ, ਖੁਰਦ, ਦੁਲਮਾਂ, ਬਾਪਲਾ ਵਧੇਰੇ ਪ੍ਰਭਾਵਿਤ ਹੋਏ ਹਨ, ਜਿਥੇ ਕਣਕ ਦੀਆਂ ਫਸਲਾਂ ਗਡ਼ਿਆਂ ਨਾਲ ਚਿੱਟੀ ਚਾਦਰ ਵਾਂਗ ਨਜ਼ਰ ਆਉਣ ਲੱਗੀਆਂ ਹਨ ਅਤੇ ਬਹੁਤੇ ਥਾਵੇਂ ਕਣਕ ਪਾਣੀ ਨਾਲ ਭਰ ਗਈ ਹੈ ਅਤੇ  ਫਸਲਾਂ ਟੋਭੇ ਦੀ ਤਰ੍ਹਾਂ ਭਰ ਗਈਆਂ ਹਨ।  ਜਾਣਕਾਰੀ ਅਨੁਸਾਰ ਇਲਾਕੇ ’ਚ ਹਰਾ ਚਾਰਾ ਵੀ ਬੁਰੀ ਤਰ੍ਹਾਂ ਨਸ਼ਟ ਹੋ ਗਿਆ ਹੈ।
 ਪੰਜਗਰਾਈਆਂ ’ਚ ਆਲੂ ਦੀ ਫਸਲ ਤਬਾਹ, ਲੱਖਾਂ ਦਾ ਨੁਕਸਾਨ 
 ਪਿੰਡ ਪੰਜਗਰਾਈਆਂ ’ਚ ਕਿਸਾਨ ਜੋਗਿੰਦਰ ਸਿੰਘ ਅਤੇ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਕਰੀਬ 11 ਏਕਡ਼ ਆਲੂ ਦੀ ਫਸਲ ਗਡ਼ਿਆਂ ਨਾਲ  ਤਬਾਹ ਹੋ ਗਈ ਅਤੇ ਉਨ੍ਹਾਂ ਦਾ ਕਰੀਬ 11 ਲੱਖ ਦਾ ਨੁਕਸਾਨ ਹੋ ਗਿਆ ਹੈ।
 ਟਰੈਕਟਰਾਂ ਨਾਲ ਕੱਢਣੀ ਪਈ ਬਰਫ
 ਇਲਾਕੇ ’ਚ ਗਡ਼ੇਮਾਰੀ ਇੰਨੀ ਤੇਜ਼ ਸੀ ਕਿ ਕਰੀਬ ਦੋ-ਦੋ ਫੁੱਟ ਬਰਫ ਵਿਛ ਗਈ, ਜਿਸ ਨਾਲ ਸਾਰਾ ਜਨ-ਜੀਵਨ ਪ੍ਰਭਾਵਿਤ ਹੋ ਗਿਆ ਅਤੇ ਲੋਕਾਂ ਨੂੰ ਰਸਤਾ ਬਣਾਉਣ  ਲਈ ਟਰੈਕਟਰਾਂ ਦੇ ਨਾਲ ਬਰਫ ਨੂੰ ਹਟਾ ਕੇ ਕੰਮ ਚਲਾਉਣਾ ਪਿਆ।
 ਬਰਫ ਕਰਕੇ ਕਈ  ਜਾਨਵਰ ਮਰੇ 
    ਪਿੰਡ ਪੰਜਗਰਾਈਆਂ ਦੇ ਸਰਪੰਚ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਵਿਚ ਕਈ ਕੁੱਤੇ ਅਤੇ ਬਹੁਤ ਸਾਰੇ ਜਾਨਵਰ ਮਰ ਗਏ, ਜਿਨ੍ਹਾਂ  ਨੂੰ ਬੀਮਾਰੀ ਫੈਲਣ ਦੇ ਡਰੋਂ ਸੇਵਾਦਾਰਾਂ ਦੀ ਮਦਦ ਨਾਲ  ਨਿਪਟਾਰਾ ਕੀਤਾ ਗਿਆ ਹੈ।
 ਕਈ ਘਰਾਂ ਦੀਆਂ ਛੱਤਾਂ ਡਿੱਗੀਆਂ 
ਪਿੰਡ ਪੰਜਗਰਾਈਆਂ ’ਚ ਅੱਧੀ ਦਰਜਨ ਘਰਾਂ ਦੇ ਡਿੱਗ ਜਾਣ ਦਾ ਸਮਾਚਾਰ ਵੀ ਹੈ। ਲੋਕਾਂ ਦੀ ਵਿਭਾਗ ਤੋਂ ਮੰਗ ਹੈ ਕਿ ਜਲਦੀ ਹੀ ਮੁਆਵਜ਼ਾ ਦਿੱਤਾ ਜਾਵੇ।
 ਸਾਬਕਾ ਮੰਤਰੀ ਵੱਲੋਂ ਪਿੰਡ ਮਾਣਕੀ ਦਾ ਜਾਇਜ਼ਾ 
 ਪਿੰਡ ਮਾਣਕੀ ਵਿਖੇ ਹੋਏ ਨੁਕਸਾਨ ਦਾ ਸਾਬਕਾ ਅਕਾਲੀ ਮੰਤਰੀ ਨੁਸਰਤ ਇਕਰਾਮ ਖਾਂ ਬੱਗਾ ਵੱਲੋਂ ਪਹੁੰਚ ਕੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਗਿਆ।  ਇਸ ਮੌਕੇ ਉਨ੍ਹਾਂ  ਕਿਹਾ ਕਿ ਕਿਸਾਨਾਂ ਦਾ ਬਹੁਤ ਸਾਰਾ ਨੁਕਸਾਨ ਹੋਇਆ ਹੈ ਇਸ ਲਈ ਉਨ੍ਹਾਂ  ਨੂੰ ਤੁਰੰਤ ਮੁਆਵਜ਼ਾ ਮਿਲਣਾ ਚਾਹੀਦਾ ਹੈ।
 ਪਟਵਾਰੀ ਨੇ ਕੀਤੀ ਗਿਰਦਾਵਰੀ 
 ਪਿੰਡ ਪੰਜਗਰਾਈਆਂ ’ਚ ਉੱਚ ਅਧਿਕਾਰੀਆਂ ਦੇ ਹੁਕਮਾਂ ’ਤੇ ਹਲਕਾ ਪਟਵਾਰੀ ਭੁਪਿੰਦਰ ਸਿੰਘ ਨੇ ਮੌਕਾ ਵੇਖਿਆ,  ਉਨ੍ਹਾਂ  ਕਿਹਾ ਕਿ ਪਿੰਡ ਵਿਚ ਕਰੀਬ 1650 ਏਕਡ਼ ਫਸਲ ਪ੍ਰਭਾਵਿਤ ਹੋਈ ਹੈ ਬਾਕੀ ਪਾਣੀ ਨਿਕਲਣ ’ਤੇ ਦੁਬਾਰਾ ਵੇਖਿਆ ਜਾਵੇਗਾ। ਉਨ੍ਹਾਂ  ਦੱਸਿਆ ਕਿ ਕਈ ਘਰ ਵੀ ਡਿੱਗ ਗਏ ਹਨ। ਓਧਰ ਸੰਦੌਡ਼ ਵਿਖੇ ਵੀ ਪਟਵਾਰੀ ਬਲਵਿੰਦਰ ਸਿੰਘ ਅਤੇ ਨਾਇਬ ਤਹਿਸੀਲਦਾਰ ਨਰਿੰਦਰਪਾਲ ਸਿੰਘ ਨੇ  ਮੌਕੇ ਦਾ ਜਾਇਜ਼ਾ ਲਿਆ।
 ਟੋਭੇ ਦੀਆਂ ਮੱਛੀਆਂ ਮਰੀਆਂ, 6 ਲੱਖ ਦਾ ਨੁਕਸਾਨ 
 ਪਿੰਡ ਪੰਜਗਰਾਈਆਂ ’ਚ ਗਡ਼ੇਮਾਰੀ ਇੰਨੀ ਤੇਜ਼ ਸੀ ਕਿ ਪਿੰਡ ’ਚ ਮੱਛੀ ਪਾਲਣ ਦਾ ਧੰਦਾ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਇਸ  ਸਮੇਂ ਮੱਛੀ ਪਾਲਕ ਠੇਕੇਦਾਰ ਰਹਿਮਦੀਨ ਨੇ ਦੱਸਿਆ ਕਿ ਇਸ ਮੌਸਮ ਨਾਲ  ਬਹੁਤ ਸਾਰੀਆਂ ਮੱਛੀਆਂ ਮਰ ਗਈਆਂ ਬਾਕੀ ਪਾਣੀ ਵਿਚ ਵਹਿ ਗਈਆਂ ਹਨ ਉਨ੍ਹਾਂ ਦੱਸਿਆ ਕਿ ਇਸ ਕਰਕੇ ਪੰਜ ਛੇ ਲੱਖ ਦਾ ਨੁਕਸਾਨ ਹੋਇਆ ਹੈ।
 ਪਿੰਡ ਮਾਣਕੀ ਤੇ ਸੰਦੌਡ਼ ’ਚ ਦਰਜਨਾਂ ਕਿਸਾਨਾਂ ਦਾ ਨੁਕਸਾਨ 
 ਪਿੰਡ ਸੰਦੌਡ਼ ਵਿਖੇ ਇਕੱਤਰ ਕੀਤੀ ਜਾਣਕਾਰੀ ਦੇ ਅਨੁਸਾਰ ਕਿਸਾਨ ਮਨਜੀਤ ਸਿੰਘ ਖਾਲਸਾ, ਬਲਵੀਰ ਸਿੰਘ, ਸੁਖਵਿੰਦਰ ਸਿੰਘ ਸੰਦੌਡ਼, ਸਾਬਕਾ ਸਰਪੰਚ ਗੁਰਪਾਲ ਸਿੰਘ, ਬਲਦੇਵ ਸਿੰਘ ਦੁਲਮਾਂ, ਨੰਬਰਦਾਰ ਗੁਲਜ਼ਾਰ ਸਿੰਘ, ਨੰਬਰਦਾਰ ਜੀਤ ਸਿੰਘ, ਕੇਵਲ ਸਿੰਘ, ਅਮਰ ਸਿੰਘ ਮਾਣਕੀ, ਮਨਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ  ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਹੈ। ਮਾਣਕੀ ਦੇ ਅਮਰ ਸਿੰਘ ਨੇ ਦੱਸਿਆ ਕਿ ਉਨ੍ਹਾਂ  ਦੇ ਤਿੰਨ ਏਕਡ਼ ਫੁੱਲ ਅਤੇ ਤਿੰਨ ਏਕਡ਼ ਸਬਜ਼ੀਆਂ ਤਬਾਹ ਹੋ ਗਈਆਂ ਹਨ। ਸੰਦੌਡ਼ ਦੇ ਕਿਸਾਨਾਂ ਨੇ ਦੱਸਿਆ ਕਿ ਕਣਕ ਦੀ ਫਸਲ ਪਾਣੀ ਨਾਲ ਭਰ ਗਈ ਹੈ ਅਤੇ ਹਰਾ ਚਾਰਾ ਵੀ ਨਸ਼ਟ ਹੋ ਗਿਆ ਹੈ।
 ਕੀ ਕਹਿੰਦੇ ਨੇ ਖੇਤੀਬਾਡ਼ੀ ਅਫਸਰ
 ਪਿੰਡ ਫਤਿਹਗਡ਼੍ਹ ਪੰਜਗਰਾਈਆਂ ਵਿਖੇ   ਭਾਰੀ ਬਾਰਿਸ਼ ਅਤੇ ਗਡ਼ੇਮਾਰੀ ਹੋਈ ਹੈ, ਜਿਸ ਨਾਲ  ਫਸਲਾਂ ਦਾ ਨੁਕਸਾਨ ਹੋਇਆ ਹੈ
ਫਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਖੇਤਬਾਡ਼ੀ ਅਫਸਰ ਧੂਰੀ/ਸ਼ੇਰਪੁਰ ਡਾ. ਜਸਵਿੰਦਰਪਾਲ ਸਿੰਘ ਗਰੇਵਾਲ ਸਮੇਤ ਟੀਮ, ਜਿਸ ’ਚ ਡਾ. ਸਤਿੰਦਰਬੀਰ ਸਿੰਘ ਏ. ਡੀ. ਓ., ਸ਼੍ਰੀ ਹਰਵਿੰਦਰ ਸਿੰਘ ਖੇਤੀਬਾਡ਼ੀ ਵਿਸਥਾਰ ਅਫਸਰ ਅਤੇ ਸ਼੍ਰੀ ਅਮਰਿੰਦਰ ਸਿੰਘ ਏ. ਟੀ. ਐੱਮ. ਮੌਜੂਦ ਸਨ, ਨੇ ਨੁਕਸਾਨੀਆਂ ਫਸਲਾਂ ਦਾ ਜਾਇਜ਼ਾ ਸ਼੍ਰੀ ਗੁਰਪ੍ਰੀਤ ਸਿੰਘ ਸਰਪੰਚ ਪੰਜਗਰਾਈਆਂ,  ਭੁਪਿੰਦਰ ਸਿੰਘ ਪਟਵਾਰੀ ਸਬੰਧਤ ਹਲਕਾ ਅਤੇ ਹੋਰ ਪਿੰਡ ਦੇ ਮੋਹਤਬਰ ਬੰਦਿਆਂ ਨੂੰ ਨਾਲ ਲੈ ਕੇ ਖੇਤਾਂ ’ਚ ਜਾ ਕੇ ਲਿਆ।
 ਡਾ. ਗਰੇਵਾਲ ਨੇ ਦੱਸਿਆ ਕਿ  ਪਟਵਾਰੀ ਨੂੰ ਨਾਲ ਲੈ ਕੇ ਕੀਤੇ ਸਰਵੇ ਅਨੁਸਾਰ ਪਾਇਆ ਗਿਆ ਕਿ ਮੀਂਹ ਅਤੇ ਗਡ਼ੇਮਾਰੀ ਨਾਲ ਤਕਰੀਬਨ 40 ਫੀਸਦੀ ਰਕਬਾ (1400 ਏਕਡ਼) ਪ੍ਰਭਾਵਿਤ ਹੋਇਆ ਹੈ, ਜ਼ਿਆਦਾ ਨੁਕਸਾਨ ਬਰਸੀਮ ਅਤੇ ਸਬਜ਼ੀਆਂ ਦਾ ਹੋਇਆ ਹੈ, ਤਕਰੀਬਨ 34 ਤੋਂ 40 ਫੀਸਦੀ ਕਣਕ ਦੇ ਰਕਬੇ ਵਿਚ ਪਾਣੀ ਖਡ਼੍ਹਾ ਹੈ। ਖੇਤੀ ਮਾਹਰਾਂ ਦੀ ਟੀਮ ਨੇ ਦੱਸਿਆ ਕਿ ਅਸਲ ਫਸਲਾਂ ਦੇ ਨੁਕਸਾਨ ਸਬੰਧੀ ਰੈਵੀਨਿਊ ਵਿਭਾਗ ਵਲੋਂ ਸਪੈਸ਼ਲ ਗਿਰਦਾਵਰੀ ਕਰਨ ਉਪਰੰਤ ਹੀ ਪਤਾ ਚੱਲੇਗਾ ਕਿਉਂਕਿ ਪਾਣੀ ਦਾ ਵਹਾਅ ਖੇਤਾਂ ’ਚ ਚੱਲ ਰਿਹਾ ਹੈ ਅਤੇ ਹੋਰ ਫਸਲਾਂ ਦਾ ਨੁਕਸਾਨ ਆਉਣ ਵਾਲੇ ਸਮੇਂ ’ਚ ਮੌਸਮ ’ਤੇ ਨਿਰਭਰ ਕਰੇਗਾ।  ਇਸ ਸਬੰਧੀ ਲੋਡ਼ੀਂਦੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਹੈ।  ਟੀਮ ਦਾ ਜਾਇਜ਼ਾ ਲੈਣ ਸਮੇਂ ਪਿੰਡ ਦੇ ਸਰਪੰਚ ਗੁਰਪ੍ਰੀਤ ਸਿੰਘ ਅਤੇ ਹੋਰ ਮੋਹਤਬਰ ਬੰਦੇ ਹਾਜ਼ਰ ਸਨ


Related News