ਗਰੇਵਾਲ, ਸਿੰਗਲਾ, ਮੂਣਕ ਸਮੇਤ ਇਨ੍ਹਾਂ ਆਗੂਆਂ ਨੇ ਸਲਾਬਤਪੁਰਾ ਡੇਰੇ ’ਚ ਨਾਮ ਚਰਚਾ ਦੌਰਾਨ ਲਵਾਈ ਹਾਜ਼ਰੀ

Monday, Jan 10, 2022 - 01:30 AM (IST)

ਗਰੇਵਾਲ, ਸਿੰਗਲਾ, ਮੂਣਕ ਸਮੇਤ ਇਨ੍ਹਾਂ ਆਗੂਆਂ ਨੇ ਸਲਾਬਤਪੁਰਾ ਡੇਰੇ ’ਚ ਨਾਮ ਚਰਚਾ ਦੌਰਾਨ ਲਵਾਈ ਹਾਜ਼ਰੀ

ਭਾਈਰੂਪਾ (ਸ਼ੇਖਰ) : ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਵੱਲੋਂ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਪਵਿੱਤਰ ਅਵਤਾਰ ਮਹੀਨਾ ਅੱਜ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਡੇਰਾ ਰਾਜਗੜ੍ਹ ਸਲਾਬਤਪੁਰਾ ’ਚ ਨਾਮ ਚਰਚਾ ਕਰਕੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਭਾਜਪਾ ਦੇ ਵੱਡੇ ਆਗੂ ਹਰਜੀਤ ਸਿੰਘ ਗਰੇਵਾਲ, ਸੁਰਜੀਤ ਸਿੰਘ ਜਿਆਣੀ, ਕਾਂਗਰਸ ਦੇ ਵਿਜੇਇੰਦਰ ਸਿੰਗਲਾ, ਸਾਧੂ ਸਿੰਘ ਧਰਮਸੌਤ, ਮੰਗਤ ਰਾਏ ਬਾਂਸਲ, ਡਾ. ਮੰਜੂ ਬਾਂਸਲ, ਹਰਮੰਦਰ ਜੱਸੀ, ਅਕਾਲੀ ਦਲ ਦੇ ਗੁਲਜ਼ਾਰ ਸਿੰਘ ਮੂਣਕ ਅਤੇ ‘ਆਪ’ ਦੇ ਬਠਿੰਡਾ ਤੋਂ ਉਮੀਦਵਾਰ ਜਗਰੂਪ ਸਿੰਘ ਗਿੱਲ ਨੇ ਹਾਜ਼ਰੀ ਲਵਾਈ।

ਇਹ ਵੀ ਪੜ੍ਹੋ : ਜਲੰਧਰ 'ਚ ਬੇਲਗਾਮ ਹੋ ਰਿਹੈ ਕੋਰੋਨਾ, ਸਿਰਫ 7 ਦਿਨਾਂ ’ਚ 141 ਤੋਂ 1400 ਹੋਏ ਐਕਟਿਵ ਕੇਸ

ਖਰਾਬ ਮੌਸਮ ਦੇ ਬਾਵਜੂਦ ਨਾਮ ਚਰਚਾ ’ਚ ਸਾਧ ਸੰਗਤ ਪੂਰੇ ਉਤਸ਼ਾਹ ਨਾਲ ਪੁੱਜੀ। ਇਸ ਦੌਰਾਨ ਕੋਰੋਨਾ ਨਿਯਮਾਂ ਦੀ ਪੂਰੀ ਪਾਲਣਾ ਕੀਤੀ ਗਈ ਅਤੇ ਵੱਡੀ ਗਿਣਤੀ 'ਚ ਪੁੱਜੀ ਹੋਈ ਸਾਧ ਸੰਗਤ ਨੇ ਦੋਵੇਂ ਹੱਥ ਖੜ੍ਹੇ ਕਰਕੇ ਡੇਰਾ ਸੱਚਾ ਸੌਦਾ ਪ੍ਰਤੀ ਦ੍ਰਿੜ੍ਹ ਵਿਸ਼ਵਾਸ, ਆਪਸੀ ਏਕਤਾ ਕਾਇਮ ਰੱਖਣ ਅਤੇ ਭਲਾਈ ਕਾਰਜਾਂ ’ਚ ਡਟੇ ਰਹਿਣ ਦਾ ਪ੍ਰਣ ਕੀਤਾ। ਇਸ ਮੌਕੇ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਦੇ ਰਿਕਾਰਡ ਅਨਮੋਲ ਬਚਨ ਸੁਣਾਏ ਗਏ, ਜੋ ਸਾਧ ਸੰਗਤ ਨੇ ਸ਼ਰਧਾਪੂਰਵਕ ਸਰਵਣ ਕੀਤੇ। ਉਪਰੰਤ ਸ਼ਾਹ ਸਤਿਨਾਮ ਜੀ ਮਹਾਰਾਜ ਦੇ ਪਵਿੱਤਰ ਜੀਵਨ ’ਤੇ ਚਾਨਣਾ ਪਾਇਆ ਗਿਆ ਅਤੇ ਉਨ੍ਹਾਂ ਵੱਲੋਂ ਮਾਨਵਤਾ ’ਤੇ ਕੀਤੇ ਗਏ ਉਪਕਾਰਾਂ ਦਾ ਗੁਣਗਾਨ ਕੀਤਾ ਗਿਆ।

ਇਹ ਵੀ ਪੜ੍ਹੋ : ਅੰਮ੍ਰਿਤਸਰ : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੋਰੋਨਾ ਨੇ ਫੜੀ ਰਫ਼ਤਾਰ, 305 ਨਵੇਂ ਮਾਮਲੇ ਆਏ ਸਾਹਮਣੇ

ਇਸ ਮੌਕੇ ਸਾਧ ਸੰਗਤ ਨੂੰ ਸੰਬੋਧਨ ਕਰਦਿਆਂ ਸਾਧ ਸੰਗਤ ਰਾਜਨੀਤਕ ਵਿੰਗ ਦੇ ਮੈਂਬਰ ਚੇਅਰਮੈਨ ਰਾਮ ਸਿੰਘ ਇੰਸਾਂ ਅਤੇ 45 ਮੈਂਬਰ ਹਰਚਰਨ ਸਿੰਘ ਇੰਸਾਂ ਨੇ ਕਿਹਾ ਕਿ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਮਾਨਵਤਾ ਭਲਾਈ ਦੇ ਜੋ 135 ਕਾਰਜ ਚਲਾਏ ਹਨ, ਉਨ੍ਹਾਂ ਨੂੰ ਹੋਰ ਗਤੀ ਦਿੱਤੀ ਜਾਵੇ ਤਾਂ ਜੋ ਵੱਧ ਤੋਂ ਵੱਧ ਲੋੜਵੰਦਾਂ ਦੀ ਮੱਦਦ ਹੋ ਸਕੇ । ਉਨ੍ਹਾਂ ਭਲਾਈ ਕਾਰਜਾਂ ਦੇ ਤਹਿਤ ਅੱਜ 53 ਲੋੜਵੰਦਾਂ ਨੂੰ ਕੰਬਲ, 21 ਲੋੜਵੰਦਾਂ ਨੂੰ ਸਿਲਾਈ ਮਸ਼ੀਨਾਂ, 25 ਲੋੜਵੰਦਾਂ ਨੂੰ ਰਾਸ਼ਨ ਅਤੇ 3 ਦਿਵਿਆਂਗਾਂ ਨੂੰ ਟ੍ਰਾਈਸਾਈਕਲ ਤੇ 2 ਲੋੜਵੰਦ ਪਰਿਵਾਰਾਂ ਨੂੰ ਬਣਾ ਕੇ ਦਿੱਤੇ ਗਏ ਮਕਾਨ ਦੀ ਚਾਬੀ ਸੌਂਪੀ ਗਈ। ਇਸ ਤੋਂ ਇਲਾਵਾ ਆਪਣੀ ਕਿਡਨੀ ਦਾਨ ਕਰਕੇ ਕਿਸੇ ਦੀ ਜਾਨ ਬਚਾਉਣ 'ਚ ਮੱਦਦ ਕਰਨ ਵਾਲੇ 4 ਜਣਿਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਕਈ ਪਿੰਡਾਂ ਦੀਆਂ ਪੰਚਾਇਤਾਂ, ਸਮਾਜ ਸੇਵੀ ਸੰਸਥਾਵਾਂ ਦੇ ਅਹੁਦੇਦਾਰ ਵੀ ਪੁੱਜੇ। ਨਾਮ ਚਰਚਾ ਦੀ ਸਮਾਪਤੀ ’ਤੇ ਪੁੱਜੀ ਹੋਈ ਸਾਧ ਸੰਗਤ ਨੂੰ ਲੰਗਰ ਵੀ ਛਕਾਇਆ ਗਿਆ।

ਇਹ ਵੀ ਪੜ੍ਹੋ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Karan Kumar

Content Editor

Related News