ਕੈਨੇਡਾ ਲੈ ਜਾਣ ਦਾ ਝਾਂਸਾ ਦੇ ਕੇ 25.65 ਲੱਖ ਠੱਗੇ

08/21/2019 1:23:35 AM

ਮੋਗਾ, (ਆਜ਼ਾਦ)- ਪਿੰਡ ਮਹਿਣਾ ਵਾਸੀ ਨਿਰਮਲ ਸਿੰਘ ਦੇ ਬੇਟੇ ਨਾਲ ਵਿਆਹ ਕਰ ਕੇ ਉਸ ਨੂੰ ਪੱਕੇ ਤੌਰ ’ਤੇ ਕੈਨੇਡਾ ਲੈ ਜਾਣ ਦਾ ਝਾਂਸਾ ਦੇ ਕੇ ਆਈਲੈੱਟਸ ਪਾਸ ਦੁੱਨੇਕੇ ਵਾਸੀ ਇਕ ਲਡ਼ਕੀ ਵੱਲੋਂ ਆਪਣੇ ਪਰਿਵਾਰ ਨਾਲ ਕਥਿਤ ਮਿਲੀਭੁਗਤ ਕਰ ਕੇ 25 ਲੱਖ 65 ਹਜ਼ਾਰ ਰੁਪਏ ਦੀ ਠੱਗੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਕੀ ਹੈ ਸਾਰਾ ਮਾਮਲਾ ?

ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ’ਚ ਨਿਰਮਲ ਸਿੰਘ ਪੁੱਤਰ ਗੁਰਦੇਵ ਸਿੰਘ ਨੇ ਕਿਹਾ ਕਿ ਉਸ ਦਾ ਲੜਕਾ ਰਮਨਦੀਪ ਸਿੰਘ 12ਵੀਂ ਪਾਸ ਹੈ, ਜੋ ਵਿਦੇਸ਼ ਜਾਣ ਦਾ ਚਾਹਵਾਨ ਸੀ। ਸਾਨੂੰ ਅਰਵਿੰਦਰ ਸਿੰਘ ਵਾਸੀ ਪਿੰਡ ਮਹਿਣਾ ਨੇ ਦੱਸਿਆ ਕਿ ਗੁਰਪ੍ਰੀਤ ਕੌਰ ਪੁੱਤਰੀ ਮਨਜੀਤ ਸਿੰਘ ਵਾਸੀ ਦੁੱਨੇਕੇ, ਜੋ ਆਈਲੈੱਟਸ ਪਾਸ ਹੈ ਅਤੇ ਉਸ ਦਾ ਪਰਿਵਾਰ ਉਸ ਨੂੰ ਪੱਕੇ ਤੌਰ ’ਤੇ ਕੈਨੇਡਾ ਭੇਜਣਾ ਚਾਹੁੰਦਾ ਹੈ ਅਤੇ ਉਹ ਅਜਿਹਾ ਲਡ਼ਕਾ ਲੱਭ ਰਹੇ ਹਨ, ਜੋ ਲੜਕੀ ਦੇ ਕੈਨੇਡਾ ਜਾਣ ਅਤੇ ਉੱਥੇ ਪਡ਼੍ਹਾਈ ਆਦਿ ਦਾ ਸਾਰਾ ਖਰਚਾ ਕਰ ਸਕੇ, ਜਿਸ ’ਤੇ ਅਸੀਂ ਗੁਰਪ੍ਰੀਤ ਕੌਰ ਦੇ ਘਰ ਜਾ ਕੇ ਉਸ ਦੇ ਪਿਤਾ ਮਨਜੀਤ ਸਿੰਘ, ਉਸ ਦੀ ਮਾਤਾ ਜਸਵੀਰ ਕੌਰ ਅਤੇ ਭਰਾ ਗੁਰਕੀਰਤ ਸਿੰਘ ਨੂੰ ਮਿਲੇ। ਉਨ੍ਹਾਂ ਕਿਹਾ ਕਿ ਸਾਡੀ ਬੇਟੀ ਗੁਰਪ੍ਰੀਤ ਕੌਰ ਵਿਆਹ ਕਰ ਕੇ ਤੁਹਾਡੇ ਬੇਟੇ ਨੂੰ ਵੀ ਕੈਨੇਡਾ ਬੁਲਾ ਲਵੇਗੀ ਪਰ ਵਿਆਹ ਅਤੇ ਪਡ਼੍ਹਾਈ ਦਾ ਸਾਰਾ ਖਰਚਾ ਤੁਹਾਨੂੰ ਕਰਨਾ ਪਵੇਗਾ, ਜਿਸ ’ਤੇ ਸਾਡੀ ਦੋਵਾਂ ਪਰਿਵਾਰਾਂ ’ਚ ਸਹਿਮਤੀ ਹੋਣ ਦੇ ਬਾਅਦ 1 ਦਸੰਬਰ, 2017 ਨੂੰ ਗੁਰਪ੍ਰੀਤ ਕੌਰ ਨਾਲ ਮੇਰੇ ਬੇਟੇ ਰਮਨਦੀਪ ਸਿੰਘ ਦਾ ਮਾਹੀ ਪੈਲੇਸ ਕੋਕਰੀ ਕਲਾਂ ਵਿਖੇ ਵਿਆਹ ਹੋਇਆ। ਇਸੇ ਦੌਰਾਨ ਗੁਰਪ੍ਰੀਤ ਕੌਰ ਕੈਨੇਡਾ ਚਲੀ ਗਈ, ਜਿਸ ਦਾ ਸਾਰਾ ਖਰਚਾ ਅਸੀਂ ਕੀਤਾ, ਜਿਸ ’ਤੇ ਕਰੀਬ ਸਾਡਾ 25 ਲੱਖ 65 ਹਜ਼ਾਰ ਰੁਪਏ ਦਾ ਖਰਚਾ ਹੋਇਆ, ਜਦੋਂ ਅਸੀਂ ਲਡ਼ਕੀ ਦੇ ਮਾਪਿਆਂ ਨੂੰ ਮੇਰੇ ਬੇਟੇ ਰਮਨਦੀਪ ਸਿੰਘ ਦੀ ਕੈਨੇਡਾ ਜਾਣ ਦੀ ਫਾਈਲ ਲਵਾਉਣ ਬਾਰੇ ਕਿਹਾ ਤਾਂ ਉਹ ਟਾਲ-ਮਟੋਲ ਕਰਨ ਲੱਗ ਪਏ ਅਤੇ ਬਾਅਦ ਵਿਚ ਕਹਿਣ ਲੱਗ ਪਏ ਕਿ ਅਸੀਂ ਆਪਣੀ ਲਡ਼ਕੀ ਨੂੰ ਕੈਨੇਡਾ ਭੇਜਣਾ ਸੀ ਭੇਜ ਦਿੱਤਾ। ਉਸ ਨੇ ਤੁਹਾਡੇ ਲਡ਼ਕੇ ਨੂੰ ਨਹੀਂ ਬੁਲਾਉਣਾ, ਸਾਡੀ ਬੇਟੀ ਨੇ ਆਪਣੇ-ਆਪ ਨੂੰ ਅਨਮੈਰਿਡ ਲਿਖਵਾਇਆ ਹੋਇਆ ਹੈ। ਇਸ ਤਰ੍ਹਾਂ ਸਾਰਿਆਂ ਨੇ ਮਿਲੀਭੁਗਤ ਕਰ ਕੇ ਸਾਡੇ ਨਾਲ 25 ਲੱਖ 65 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ।

ਕੀ ਹੋਈ ਪੁਲਸ ਕਾਰਵਾਈ?

ਇਸ ਮਾਮਲੇ ਦੀ ਜਾਂਚ ਐੱਸ.ਪੀ.ਆਈ. ਮੋਗਾ ਵੱਲੋਂ ਕੀਤੀ ਗਈ। ਜਾਂਚ ਸਮੇਂ ਜਾਂਚ ਅਧਿਕਾਰੀ ਨੇ ਦੋਵਾਂ ਧਿਰਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ। ਜਾਂਚ ਦੇ ਬਾਅਦ ਥਾਣਾ ਸਿਟੀ ਮੋਗਾ ਵੱਲੋਂ ਨਿਰਮਲ ਸਿੰਘ ਦੇ ਬਿਆਨਾਂ ’ਤੇ ਮਨਜੀਤ ਸਿੰਘ, ਉਸ ਦੀ ਪਤਨੀ ਜਸਵੀਰ ਕੌਰ, ਪੁੱਤਰ ਗੁਰਕੀਰਤ ਸਿੰਘ ਸਾਰੇ ਵਾਸੀ ਪਿੰਡ ਦੁੱਨੇਕੇ ਅਤੇ ਗੁਰਪ੍ਰੀਤ ਕੌਰ ਵਾਸੀ ਪਿੰਡ ਦੁੱਨੇਕੇ ਹਾਲ ਕੈਨੇਡਾ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਥਾਣਾ ਸਿਟੀ ਮੋਗਾ ਵੱਲੋਂ ਕੀਤੀ ਜਾ ਰਹੀ ਹੈ, ਗ੍ਰਿਫਤਾਰੀ ਬਾਕੀ ਹੈ।


Bharat Thapa

Content Editor

Related News