ਚੋਰੀ ਦੇ 9 ਮੋਟਰਸਾਈਕਲਾਂ ਅਤੇ 3 ਐਕਟਿਵਾ ਸਣੇ 1 ਕਾਬੂ

03/14/2020 4:02:47 PM

ਮੋਗਾ (ਸੰਜੀਵ, ਆਜ਼ਾਦ): ਥਾਣਾ ਸਿਟੀ ਮੋਗਾ ਨੇ ਵ੍ਹੀਕਲ ਚੋਰ ਗਿਰੋਹ ਦਾ ਪਰਦਾਫਾਸ਼ ਕਰਦਿਆਂ 1 ਮੈਂਬਰ ਨੂੰ ਕਾਬੂ ਕਰ ਕੇ ਚੋਰੀ ਦੇ 9 ਮੋਟਰਸਾਈਕਲਾਂ ਅਤੇ 3 ਐਕਟਿਵਾ ਬਰਾਮਦ ਕੀਤੀਆਂ ਹਨ, ਜਦਕਿ ਉਸ ਦਾ ਇਕ ਸਾਥੀ ਪੁਲਸ ਦੇ ਕਾਬੂ ਨਹੀਂ ਆ ਸਕਿਆ। ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਸਿਟੀ ਪਰਮਜੀਤ ਸਿੰਘ ਸੰਧੂ ਨੇ ਦੱਸਿਆ ਕਿ ਥਾਣਾ ਸਿਟੀ ਮੋਗਾ ਦੇ ਇੰਚਾਰਜ ਇੰਸਪੈਕਟਰ ਗੁਰਪ੍ਰੀਤ ਸਿੰਘ ਅਤੇ ਸਬ-ਇੰਸਪੈਕਟਰ ਸੰਦੀਪ ਸਿੰਘ ਜਦ ਪੁਲਸ ਪਾਰਟੀ ਸਮੇਤ ਇਲਾਕੇ 'ਚ ਗਸ਼ਤ ਕਰਦਿਆਂ ਪੁਲ ਸੂਆ ਦੁੱਨੇਕੇ ਕੋਲ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਗੁਪਤ ਸੂਤਰਾਂ ਤੋਂ ਜਾਣਕਾਰੀ ਮਿਲੀ ਕਿ ਰਵਿੰਦਰ ਸਿੰਘ ਉਰਫ ਰਵੀ ਨਿਵਾਸੀ ਬੰਸੀ ਗੇਟ ਫਿਰੋਜ਼ਪੁਰ ਅਤੇ ਬਲਜਿੰਦਰ ਸਿੰਘ ਉਰਫ ਬੱਲੀ ਨਿਵਾਸੀ ਪਿੰਡ ਆਲੇਵਾਲ (ਫਿਰੋਜ਼ਪੁਰ) ਮੋਟਰਸਾਈਕਲ ਚੋਰੀ ਕਰਨ ਦਾ ਕੰਮ ਕਰਦੇ ਹਨ। ਅੱਜ ਵੀ ਉਹ ਚੋਰੀ ਦੇ ਮੋਟਰਸਾਈਕਲ ਨੂੰ ਵਿਕਰੀ ਕਰਨ ਲਈ ਮੋਗਾ ਆ ਰਹੇ ਹਨ, ਜੇਕਰ ਨਾਕਾਬੰਦੀ ਕੀਤੀ ਜਾਵੇ ਤਾਂ ਉਹ ਕਾਬੂ ਆ ਸਕਦੇ ਹਨ। ਪੁਲਸ ਵੱਲੋਂ ਕੀਤੀ ਗਈ ਨਾਕਾਬੰਦੀ ਦੌਰਾਨ ਰਵਿੰਦਰ ਸਿੰਘ ਉਰਫ ਰਵੀ ਨੂੰ ਜਦ ਰੋਕ ਕੇ ਮੋਟਰਸਾਈਕਲ ਦੇ ਦਸਤਾਵੇਜ਼ ਦਿਖਾਉਣ ਨੂੰ ਕਿਹਾ ਤਾਂ ਉਹ ਕੋਈ ਦਸਤਾਵੇਜ਼ ਨਹੀਂ ਦਿਖਾ ਸਕਿਆ, ਜਿਸ 'ਤੇ ਪੁਲਸ ਪਾਰਟੀ ਨੇ ਉਸ ਨੂੰ ਆਪਣੀ ਹਿਰਾਸਤ ਵਿਚ ਲੈ ਲਿਆ। ਪੁੱਛਗਿੱਛ ਕਰਨ 'ਤੇ ਉਸ ਨੇ ਦੱਸਿਆ ਕਿ ਉਕਤ ਮੋਟਰਸਾਈਕਲ ਉਸ ਨੇ ਨੇਚਰ ਪਾਰਕ ਮੋਗਾ ਤੋਂ ਚੋਰੀ ਕੀਤਾ ਸੀ। ਉਸ ਦਾ ਸਾਥੀ ਹਰਜਿੰਦਰ ਸਿੰਘ ਉਰਫ ਬੱਲੀ ਪੁਲਸ ਦੇ ਕਾਬੂ ਨਹੀਂ ਆ ਸਕਿਆ। ਕਾਬੂ ਕੀਤੇ ਗਏ ਕਥਿਤ ਦੋਸ਼ੀ ਦੀ ਨਿਸ਼ਾਨਦੇਹੀ 'ਤੇ ਚੋਰੀ ਦੇ 8 ਮੋਟਰ ਸਾਈਕਲ ਅਤੇ ਤਿੰਨ ਐਕਟਿਵਾ ਫਿਰੋਜ਼ਪੁਰ ਤੋਂ ਬਰਾਮਦ ਕੀਤੀਆਂ ਗਈਆਂ। ਕਥਿਤ ਦੋਸ਼ੀ ਨੂੰ ਅੱਜ ਪੁੱਛਗਿੱਛ ਤੋਂ ਬਾਅਦ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਵੱਲੋਂ ਉਸ ਨੂੰ ਇਕ ਦਿਨ ਦਾ ਪੁਲਸ ਰਿਮਾਂਡ ਦਿੱਤਾ ਗਿਆ।

ਉਨ੍ਹਾਂ ਕਿਹਾ ਕਿ ਬਲਜਿੰਦਰ ਸਿੰਘ ਬੱਲੀ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ । ਦੋਵਾਂ ਕਥਿਤ ਦੋਸ਼ੀਆਂ ਖਿਲਾਫ ਥਾਣਾ ਸਿਟੀ ਮੋਗਾ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਥਾਣੇਦਾਰ ਸੰਦੀਪ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਜਾਂਚ ਅਧਿਕਾਰੀ ਨੇ ਕਿਹਾ ਕਿ ਉਕਤ ਗਿਰੋਹ ਦੇ ਹੋਰ ਮੈਂਬਰਾਂ ਦੀ ਪਛਾਣ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।


Shyna

Content Editor

Related News