ਪੰਜਾਬ ਦੇ ਸਿਆਸੀ ਨਕਸ਼ੇ ’ਤੇ ਝੰਡਾ ਗੱਡਣ ਵਾਲਾ ਪਿੰਡ ਅਨੇਕਾਂ ਸਮੱਸਿਆਵਾਂ ਨਾਲ ਘਿਰਿਆ

12/16/2018 4:49:53 AM

ਨਿਹਾਲ ਸਿੰਘ ਵਾਲਾ/ਬਿਲਾਸਪੁਰ, (ਬਾਵਾ, ਜਗਸੀਰ)- ਪਿੰਡ ਰੌਂਤਾ ਪੰਜਾਬ ਦੇ ਸਿਆਸੀ ਨਕਸ਼ੇ ’ਤੇ ਅੰਕਿਤ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਦਾ ਅਹਿਮ ਪਿੰਡ ਹੈ, ਜਿਸ ਦੀ ਅਬਾਦੀ ਕਰੀਬ 14 ਹਜ਼ਾਰ ਅਤੇ ਵੋਟ 7 ਹਜ਼ਾਰ ਦੇ ਕਰੀਬ ਹੈ। ਸਮਝਿਆ ਜਾਂਦਾ ਹੈ ਕਿ ਇਸ ਜਗ੍ਹਾ ਸੰਗਣੇ ਜੰਗਲ ਸਨ ਅਤੇ ਬਾਬਾ ਅਮਰਤੀਆ ਨੇ ਮੋਹਡ਼ੀ ਗੱਡ ਕੇ ਇਸ ਪਿੰਡ ਦੀ ਸਥਾਪਨਾ ਕੀਤੀ ਸੀ, ਜਿਨ੍ਹਾਂ ਦੀ ਯਾਦ ’ਚ ਬਾਬਿਆਂ ਦਾ ਡੇਰਾ ਬਣਿਆ ਹੋਇਆ ਹੈ। ਇਸ ਡੇਰੇ ਦੇ ਨਾਂ 12 ਘੁਮਾਂ ਜਮੀਨ ਹੈ। ਪਿੰਡ ’ਚ ਅੱਜ ਵੀ ਭਾਈ ਕਾ ਲੰਗਰ ਹੈ। ਸਮਝਿਆ ਜਾਂਦਾ ਹੈ ਕਿ ਪਿੰਡ ਦੀ ਜਮੀਨ ਭਾਈ ਕੀ ਹੁੰਦੀ ਸੀ ਅਤੇ ਮੁਜ਼ਾਹਰੇ ਲੋਕਾਂ ਤੋਂ ਖੇਤੀ ਕਰਵਾਈ ਜਾਂਦੀ ਸੀ, ਜਿਸ ਬਦਲੇ ਉਨ੍ਹਾਂ ਨੂੰ ਇਸ ਲੰਗਰ ਤੋਂ ਲੰਗਰ ਛਕਾਇਆ ਜਾਂਦਾ ਸੀ। ਪਿੰਡ ਕਮਿਊਨਿਸਟ ਪਾਰਟੀ ਦਾ ਝੰਡਾ ਬਰਦਾਰ ਰਿਹਾ ਹੈ। ਪਿੰਡ ਦੇ ਸੱਘਡ਼ ਸਿੰਘ ਦੇ ਪਰਿਵਾਰ ਵੱਲੋਂ 20 ਸਾਲ ਵਿਧਾਨ ਸਭਾ ਦੀ ਨੁਮਾਇਦਗੀ ਕੀਤੀ ਗਈ। ਦੋ ਵਾਰ ਸੱਗਡ਼ ਸਿੰਘ ਅਤੇ ਦੋ ਵਾਰ ਉਨ੍ਹਾਂ ਦੇ ਸਪੁੱਤਰ ਸਵ. ਕਾਮਰੇਡ ਅਜੈਬ ਸਿੰਘ ਰੌਂਤਾ ਭਾਰਤੀ ਕਮਿਊਨਿਸਟ ਪਾਰਟੀ ਵਲੋਂ ਪੰਜਾਬ ਵਿਧਾਨ ਸਭਾ ਦੇ ਮੈਂਬਰ ਰਹੇ, ਜਿਨ੍ਹਾਂ ਸਖਤ ਮਿਹਨਤ ਨਾਲ ਕਮਿਊਨਿਸਟ ਪਾਰਟੀ ਦਾ ਝੰਡਾ ਵਿਧਾਨ ਸਭਾ ਹਲਕੇ ’ਚ ਹਮੇਸ਼ਾ ਉੱਚਾ ਰੱਖਿਆ। ਉਨ੍ਹਾਂ ਦੀ ਮੌਤ ਤੋਂ ਬਾਅਦ ਕਮਿਊਨਿਸਟ ਪਾਰਟੀ ਦਾ ਹਲਕੇ ’ਚੋਂ ਲੱਕ ਟੁੱਟ ਗਿਆ। ਸਵ. ਕਾਮਰੇਡ ਅਜੈਬ ਸਿੰਘ ਦੇ ਸਪੁੱਤਰ ਸਵ. ਕੁਲਦੀਪ ਸਿੰਘ ਅਤੇ ਉਸਦੀ ਦੀ ਨੂੰਹ ਸਰਬਜੀਤ ਕੌਰ ਪਤਨੀ ਸੇਵਕ ਸਿੰਘ ਨੂੰ ਵੀ ਪਿੰਡ ਦੀ ਸਰਪੰਚੀ ਕਰਨ ਦਾ ਮਾਨ ਮਿਲਿਆ।  

 ਸ਼ਹੀਦਾਂ ਦਾ ਪਿੰਡ
 ਪਿੰਡ ਦੇ ਇਕ ਫੌਜੀ ਨੌਜਵਾਨ ਹਰਪਾਲ ਸਿੰਘ ਅਤੇ ਕੇਹਰ ਸਿੰਘ ਨੇ 1965 ਦੀ ਹਿੰਦ-ਚੀਨ ਜੰਗ ਦੀ ਲਡ਼ਾਈ ’ਚ ਸ਼ਹੀਦੀ ਪ੍ਰਾਪਤ ਕੀਤੀ ਅਤੇ ਇਕ ਫੌਜੀ ਨੌਜਵਾਨ ਹਰਵਿੰਦਰ ਸਿੰਘ ਕਾਰਗਿੱਲ ਦੀ ਜੰਗ ’ਚ ਸ਼ਹੀਦ ਹੋਇਆ। ਇਸ ਤੋਂ ਇਲਾਵਾ ਸੁਤੰਤਰਤਾ ਸੈਨਾਨੀ ਚੈਨ ਸਿੰਘ ਜੈਤੋ ਦੇ ਮੋਰਚੇ ’ਚ ਸ਼ਹੀਦ ਹੋਏ। 

 ਪਿੰਡ ਨੇ 1947 ਅਤੇ ਅੱਤਵਾਦ ਦਾ ਦੌਰ ਪਿੰਡੇ ’ਤੇ ਹੰਢਾਇਆ
 ਪਿੰਡ ਨੇ ਜਿਥੇ 1947 ਦਾ ਸੰਤਾਪ ਭੋਗਿਆ, ਉੱਥੇ ਅੱਤਵਾਦ ਦੌਰਾਨ ਵੀ ਸੰਤਾਪ ਆਪਣੇ ਪਿੰਡੇ ’ਤੇ ਹੰਢਾਇਆ। ਪਿੰਡ ਦੇ ਕਈ ਨੌਜਵਾਨ ਜਿਥੇ ਅੱਤਵਾਦ ਲਹਿਰ ’ਚ ਭਗੌਡ਼ੇ ਹੋਏ ਉੱਥੇ ਕਮਿਊਨਿਸਟ ਪਿੰਡ ਹੋਣ ਕਾਰਨ ਕਮਿਊਨਿਸਟਾਂ ਨੇ ਕੇ. ਪੀ. ਐੱਸ. ਗਿੱਲ ਨਾਲ ਮਿਲ ਕੇ ਅੱਤਵਾਦ ਦੇ ਵਿਰੋਧ ’ਚ ਡਿਫੈਸ ਫੋਰਸ ਬਣਾਈ, ਜਿਸ ਨੂੰ ਕੇ. ਪੀ. ਐੱਸ. ਗਿੱਲ ਨੇ ਰਾਇਫਲਾ ਵੀ ਮੁਹੱਈਆਂ ਕਰਵਾਈਆਂ। ਕਮਿਊਨਿਸਟ ਪਾਰਟੀ ਦੇ ਕਈ ਪਰਿਵਾਰ ਇਸ ਜਦੋਜਹਿਦ ਦੌਰਾਨ ਮੌਤ ਦਾ ਸ਼ਿਕਾਰ ਹੋਏ। 
 ਪਿੰਡ ਦੇ ਸਰਪੰਚ ਗਿਆਨੀ ਗੁਰਮੁਖ ਸਿੰਘ, ਪ੍ਰੀਤਮ ਸਿੰਘ, ਘੰਮਾ ਸਿੰਘ, ਕਰਤਾਰ ਸਿੰਘ, ਪੰਡਿਤ ਰਾਮ ਨਾਰਾਇਣ, ਗੁਰਦਿਆਲ ਸਿੰਘ, ਇੰਦਰ ਸਿੰਘ, ਸੁਰਜੀਤ ਸਿੰਘ, ਕੁਲਦੀਪ ਸਿੰਘ, ਦਰਸ਼ਨ ਸਿੰਘ, ਸਰਬਜੀਤ ਕੌਰ ਪਿੰਡ ਦੇ ਸਰਪੰਚ ਰਹਿ ਚੁੱਕੇ ਹਨ। ਪਿੰਡ ’ਚ ਇਕ ਅੌਰਤ ਨੰਬਰਦਾਰ ਸਵ. ਪ੍ਰਕਾਸ ਕੌਰ ਵੀ ਰਹਿ ਚੁੱਕੀ ਹੈ। 
 ਚੰਡੀਗਡ਼੍ਹ ਚੌਂਕ ਪਿੰਡ ’ਚ ਬਜ਼ੁਰਗਾਂ ਦੇ ਬੈਠਣ ਵਾਲੀ ਇਕ ਮਸ਼ਹੂਰ ਸੱਥ ਹੈ ਜੋ ਕਿ ਚੰਡੀਗਡ਼ ਚੌਕ ਦੇ ਨਾਂ ’ਤੇ ਮਸ਼ਹੂਰ ਹੈ। ਇਸ ਚੌਂਕ ਨੂੰ ਪਿੰਡ ਦੀ ਹਾਈਕੋਰਟ ਵੀ ਸਮਝਿਆ ਜਾਂਦਾ ਹੈ ਕਿਉਂਕਿ ਇਥੇ ਵਿਚਾਰੀ ਜਾਣ ਵਾਲੀ ਗੱਲ ਸੱਚੀ ਸਮਝੀ ਜਾਂਦੀ ਹੈ। 
 ਪਿੰਡ ਦੇ ਬਜ਼ੁਰਗਾਂ ਤੇਜਾਂ ਸਿੰਘ ਰੌਂਤਾ ਅਨੁਸਾਰ ਪਿੰਡ ’ਚ ਕਿਸੇ ਸਮੇਂ ਜਗਰਾਉ ਦੀ ਰੋਸ਼ਨੀ ਵਾਂਗ ਭਾਰੀ ਮੇਲਾ  ਲੱਗਦਾ ਸੀ ਜੋ ਕਿ ਪੰਜਾਬ ਭਰ ’ਚ ਪ੍ਰਸਿੱਧ ਸੀ, ਪਰ ਸਮੇਂ ਦੇ ਨਾਲ-ਨਾਲ ਇਹ ਮੇਲਾ ਅਲੋਪ ਹੋ ਗਿਆ।  ਪਿੰਡ ਦੇ ਕੂੜੇ ਅਤੇ ਪੰਜਾਬੀ ਜੁੱਤੀ ਦੀ ਵਿਸ਼ਵ ਭਰ ’ਚ ਸਰਦਾਰੀ ਰਹੀ ਰੌਂਤੇ ਦੇ ਕੂੜੇ ਦਾ ਨਾਂ ਪੰਜਾਬੀ ਲੋਕ ਬੋਲੀ ’ਚ ਵੀ ਆਉਂਦਾ ਹੈ।
 
 ਸਿਵਲ ਅਤੇ ਪਸ਼ੂ ਹਸਪਤਾਲ ਦੀ ਹਾਲਤ ਤਰਸਯੋਗ
 ਪਿੰਡ ’ਚ ਬਣੇ ਸਿਹਤ ਕੇਂਦਰ ਅਤੇ ਪਸ਼ੂ ਹਸਪਤਾਲ ਦੀ ਹਾਲਤ ਤਰਸਯੋਗ ਹੈ। ਇਥੇ ਪੋਸਟਾਂ ਅਤੇ ਦਵਾਈਆਂ ਦੀ ਭਾਰੀ ਘਾਟ ਹੈ। ਹਸਪਤਾਲਾਂ ਦੀ ਇਮਾਰਤ ਵੀ ਖਸਤਾ ਹਾਲਤ ’ਚ ਹਨ। 
ਸਰਕਾਰੀ ਸਕੂਲ ’ਚ ਪੋਸਟਾਂ ਖਾਲੀ
 ਬੇਸ਼ੱਕ ਸਰਕਾਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਨਾਂ ਕਾਰਗਿੱਲ ਦੇ ਸ਼ਹੀਦ ਹਰਵਿੰਦਰ ਸਿੰਘ ਦੇ ਨਾਂ ’ਤੇ ਰੱਖਿਆ ਹੈ ਪਰ ਸ਼ਹੀਦ ਦਾ ਰੁਤਬਾ ਉੱਚਾ ਚੁੱਕਣ ਲਈ ਸਕੂਲ ਦੀਆਂ ਸਮੱਸਿਆਵਾਂ ਵੱਲ ਕੋਈ ਧਿਆਨ ਨਹੀਂ ਦਿੱਤਾ। ਸਕੂਲ ’ਚ ਪ੍ਰਿੰਸੀਪਲ ਦੀ ਪੋਸਟ ਸਮੇਤ ਪੰਜ ਲੈਕਚਰਾਰ, ਇਕ ਹਿਸਾਬ ਟੀਚਰ, ਇਕ ਸਰੀਰਕ ਸਿੱਖਿਆ ਟੀਚਰ, ਇਕ ਹਿੰਦੀ ਟੀਚਰ, ਇਕ ਡਰਾਇੰਗ ਟੀਚਰ, ਕੰਪਿਊਟਰ ਟੀਚਰ, ਕਲਰਕ, ਐੱਸ. ਐੱਲ. ਏ., ਸਟੋਰ ਕੀਪਰ, ਦੋ ਬੈਕਿੰਗ, ਟਰੈਵਲਿੰਗ ਟੂਰਿਜ਼ਮ, ਲਾਇਬ੍ਰੇਰੀਅਨ, ਮਾਲੀ ਅਤੇ ਚੌਕੀਦਾਰ ਦੀਆਂ ਪੋਸਟਾਂ ਖਾਲੀ ਹਨ। 

 ਛੱਪਡ਼ਾਂ ਦਾ ਪਾਣੀ ਹੋਇਆ ਜ਼ਹਿਰੀਲਾ
 ਪਿੰਡ ’ਚ ਚਾਰ ਛੱਪਡ਼ ਹਨ, ਜਿਨ੍ਹਾਂ ਦੀ ਸਫਾਈ ਨਾ ਹੋਣ ਕਾਰਨ ਉਨ੍ਹਾਂ ਦਾ ਪਾਣੀ ਜਹਿਰੀਲਾ ਹੋ ਚੁੱਕਾ ਹੈ। ਛੱਪਡ਼ ਪਾਣੀ ਨਾਲ ਭਰੇ ਹੋਣ ਕਾਰਨ ਥੋਡ਼ੀ  ਬਾਰਿਸ਼ ਹੋਣ ’ਤੇ ਹੀ ਪਾਣੀ ਘਰਾਂ ’ਚ ਮਾਰ ਕਰਦਾ ਹੈ। ਲੋਕਾਂ ਨੇ ਦੱਸਿਆ ਕਿ ਕਈ ਵਾਰ ਸਬੰਧਤ ਵਿਭਾਗ ਦੇ ਧਿਆਨ ’ਚ ਲਿਆਉਣ ’ਤੇ ਵੀ ਸਮੱਸਿਆ ਦਾ ਕੋਈ ਹੱਲ ਨਹੀਂ ਹੋਇਆ।  

 ਗਲੀਆਂ-ਨਾਲੀਆਂ ਅਤੇ ਲਿੰਕ ਸਡ਼ਕਾਂ ਦੀ ਹਾਲਤ ਖਸਤਾ
 ਪਿੰਡ ਦੀਆਂ ਗਲੀਆਂ-ਨਾਲੀਆਂ ਅਤੇ ਲਿੰਕ ਸਡ਼ਕਾਂ ਦੀ ਹਾਲਤ ਅਤਿ ਖਦਸ਼ਾ ਹੈ। ਇਤਿਹਾਸਕ ਪਿੰਡ ਦੀਨਾਂ ਸਾਹਿਬ ਨੂੰ ਜਾਣ ਵਾਲਾ ਰਸਤਾ ਕੱਚਾ ਹੈ, ਜਿਸ ਲਈ ਸਡ਼ਕ ਮਨਜ਼ੂਰ ਹੋਣ ਦੇ ਬਾਵਜੂਦ ਸਡ਼ਕ ਨਹੀਂ ਬਣਾਈ ਗਈ। 
ਖੇਡ ਸਟੇਡੀਅਮ ਦੀ ਘਾਟ
 ਪਿੰਡ ਨੇ ਬੇਸ਼ੱਕ ਦੇਸ਼ ਨੂੰ ਅਨੇਕਾ ਅੰਤਰਰਾਸ਼ਟਰੀ ਖਿਡਾਰੀ ਦਿੱਤੇ, ਜਿਨ੍ਹਾਂ ’ਚ ਬੀਗਡ਼, ਨੈਬ ਸਿੰਘ, ਬਲਜੀਤ ਸਿੰਘ ਮੀਤਾ, ਸੀਤ ਫੌਜੀ ਤੋਂ ਇਲਾਵਾ ਅੌਰਤ ਵਿਸ਼ਵ ਕਬੱਡੀ ਕੱਪ ’ਚ ਹੋਣਹਾਰ ਲਡ਼ਕੀ ਸਰਬਜੀਤ ਕੌਰ ਨੂੰ ਪ੍ਰਤੀਨਿਧਤਾ ਕਰਨ ਦਾ ਮਾਨ ਮਿਲਿਆ ਸੀ, ਪਰ ਸਰਕਾਰ ਨੇ ਖੇਡ ਸਟੇਡੀਅਮ ਬਣਾਉਣ ਵੱਲ ਕੋਈ ਧਿਆਨ ਨਹੀਂ ਦਿੱਤਾ, ਜਿਸ ਕਾਰਨ ਖੇਡ ਪ੍ਰੇਮੀ ਨਿਰਾਸ਼ ਹਨ। 

 ਦਾਣਾ ਮੰਡੀ ਦਾ ਸਟੋਰ ਬਣਿਆ ਲਾਵਾਰਿਸ 
 ਪਿੰਡ ’ਚ ਮੰਡੀ ਬੋਰਡ ਵੱਲੋਂ ਦਾਣਾ ਮੰਡੀ ’ਚ ਲੱਖਾਂ ਰੁਪਏ ਦੀ ਲਾਗਤ ਨਾਲ ਸਟੋਰ ਬਣਾਇਆ ਗਿਆ ਸੀ ਜੋ ਕਿ ਵਰਤੋਂ ਤੋਂ ਬਗੈਰ ਹੀ ਜਿਥੇ ਲਾਵਾਰਿਸ ਹੋ ਗਿਆ, ਉਥੇ ਪਸ਼ੂਆਂ ਦਾ ਰੈਣ ਬਸੇਰਾ ਬਣ ਚੁੱਕਾ ਹੈ।
 ਪਿੰਡ ਦੇ ਪਾਲ ਸਿੰਘ ਸਿੱਧੂ ਵਰਲਡ ਬੈਂਕ ਦੇ ਸਲਾਹਕਾਰ ਰਹੇ ਹਨ ਅਤੇ ਨਾਬਾਰਡ ਦੇ ਉੱਚ ਅਧਿਕਾਰੀ ਵੀ ਰਹੇ। ਤੇਜਾ ਸਿੰਘ ਰੌਂਤਾ ਬਲਾਕ ਸਿੱਖਿਆ ਅਫਸਰ ਰਹੇ ਅਤੇ ਉਨ੍ਹਾਂ ਪੰਜ ਕਿਤਾਬਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਈਆਂ। ਇਸ ਤੋਂ ਇਲਾਵਾ ਬਲਜੀਤ ਗਰੇਵਾਲ, ਡਾ. ਰਾਜਵਿੰਦਰ ਰੌਂਤਾ ਨੇ ਵੀ ਕਈ ਕਿਤਾਬਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਈਆਂ। ਉਨ੍ਹਾਂ ਪਿੰਡ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਸਰਕਾਰ ਨੂੰ ਅਪੀਲ ਕੀਤੀ। 


Related News