ਪਾਬੰਦੀ ਦੇ ਬਾਵਜੂਦ ਧੜੱਲੇ ਨਾਲ ਕੀਤੀ ਜਾ ਰਹੀ ਹੈ ਚਾਈਨਾ ਡੋਰ ਦੀ ਵਿਕਰੀ
Monday, Jan 07, 2019 - 05:50 AM (IST)
ਸਾਹਨੇਵਾਲ, (ਹਨੀ ਚਾਠਲੀ)- ਭਾਵੇਂ ਪ੍ਰਸ਼ਾਸਨ ਵਲੋਂ ਕਿਸੇ ਵੀ ਇਲਾਕੇ ਅੰਦਰ ਪਾਬੰਦੀਸ਼ੁਦਾ ਚਾਈਨਾ ਡੋਰ ਵੇਚਣ ਵਾਲਿਆਂ ਖਿਲਾਫ ਸ਼ਿਕੰਜਾ ਕੱਸਣ ਦੇ ਕਈ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਸ ਡੋਰ ਦੀ ਵਿਕਰੀ ਅੱਜ ਵੀ ਸਾਹਨੇਵਾਲ ਤੇ ਇਸ ਦੇ ਨਾਲ ਲੱਗਦੇ ਦਰਜਨਾਂ ਪਿੰਡਾਂ ’ਚ ਕੁਝ ਦੁਕਾਨਦਾਰਾਂ ਵਲੋਂ ਧਡ਼ੱਲੇ ਨਾਲ ਕੀਤੀ ਜਾ ਰਹੀ ਹੈ। ਕੁਝ ਦੁਕਾਨਦਾਰਾਂ ਵਲੋਂ ਵੇਚੀ ਜਾ ਰਹੀ ਚਾਈਨਾ ਡੋਰ ਨੂੰ ਦੇਖ ਕੇ ਇੰਝ ਜਾਪਦਾ ਹੈ ਕਿ ਪ੍ਰਸ਼ਾਸਨ ਦੇ ਹੁਕਮ ਸਿਰਫ ਕਾਗਜ਼ਾਂ ਤੱਕ ਹੀ ਸੀਮਤ ਰਹਿ ਗਏ ਹਨ। ਇਸ ਸਬੰਧੀ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਕੁਝ ਦੁਕਾਨਦਾਰਾਂ ਵਲੋਂ ਲੋਹਡ਼ੀ ਦੇ ਤਿਉਹਾਰ ਦੇ ਮੱਦੇਨਜ਼ਰ ਆਪਣੇ ਨੇਡ਼ੇ ਵਾਲੇ ਗੁਪਤ ਅੱਡਿਆਂ ’ਤੇ ਇਹ ਡੋਰ ਰੱਖ ਕੇ ਆਮ ਲੋਕਾਂ ਨੂੰ ਦੁੱਗਣੇ ਰੇਟਾਂ ’ਚ ਵੇਚ ਕੇ ਖੂਬ ਕਮਾਈ ਕੀਤੀ ਜਾ ਰਹੀ ਹੈ ਜੋ ਕਿ ਆਮ ਰਾਹਗੀਰਾਂ ਤੇ ਪੰਛੀਆਂ ਲਈ ਕਾਫੀ ਭਿਆਨਕ ਮੰਨੀ ਜਾਂਦੀ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਸਾਹਨੇਵਾਲ ਤੇ ਇਸ ਦੇ ਨਾਲ ਲੱਗਦੇ ਪਿੰਡਾਂ ’ਚ ਪੁਲਸ ਪ੍ਰਸ਼ਾਸਨ ਦੇ ਢਿੱਲੇਪਨ ਕਾਰਨ ਕੁਝ ਦੁਕਾਨਦਾਰਾਂ ਵਲੋਂ ਇਹ ਡੋਰ ਧਡ਼ੱਲੇ ਨਾਲ ਵੇਚ ਕੇ ਮੋਟੀ ਕਮਾਈ ਕੀਤੀ ਜਾ ਰਹੀ ਹੈ ਪਰ ਪੁਲਸ ਵਲੋਂ ਜੇਕਰ ਕੋਈ ਛਾਪੇਮਾਰੀ ਕਰਨ ਦੀ ਤਿਆਰੀ ਕੀਤੀ ਜਾਂਦੀ ਹੈ ਤਾਂ ਇਨ੍ਹਾਂ ਦੁਕਾਨਦਾਰਾਂ ਨੂੰ ਪਹਿਲਾਂ ਹੀ ਕੁਝ ਮਿਲੀਭੁਗਤ ਵਾਲਿਆਂ ਵਲੋਂ ਸੂਚਨਾ ਦੇ ਦਿੱਤੀ ਜਾਂਦੀ ਹੈ, ਜਿਸ ਕਾਰਨ ਇਹ ਦੁਕਾਨਦਾਰ ਆਪਣੀ ਚਾਈਨਾ ਡੋਰ ਪਹਿਲਾਂ ਹੀ ਇਧਰ-ਉਧਰ ਕਰ ਲੈਂਦੇ ਹਨ। ਜੇਕਰ ਪੁਲਸ ਛਾਪੇਮਾਰੀ ਕਰ ਕੇ ਚਾਈਨਾ ਡੋਰ ਵੇਚਣ ਵਾਲਿਆਂ ਨੂੰ ਕਾਬੂ ਕਰ ਲੈਂਦੀ ਹੈ ਤਾਂ ਕੁਝ ਅਸਰ-ਰਸੂਖ ਵਾਲੇ ਵਿਅਕਤੀ ਆਪਣੀ ਪਹੁੰਚ ਕਰ ਕੇ ਇਨ੍ਹਾਂ ਚਾਈਨਾ ਡੋਰ ਵੇਚਣ ਵਾਲਿਆਂ ਨੂੰ ਛੁਡਾ ਲਿਆਉਂਦੇ ਹਨ ਤੇ ਉਹ ਦੁਬਾਰਾ ਫਿਰ ਤੋਂ ਆਪਣੀ ਚਾਈਨਾ ਡੋਰ ਧਡ਼ੱਲੇ ਨਾਲ ਵੇਚਣ ਲੱਗ ਜਾਂਦੇ ਹਨ।
ਇਲਾਕਾ ਨਿਵਾਸੀਆਂ ਨੇ ਡੀ. ਸੀ. ਲੁਧਿਆਣਾ, ਐੱਸ. ਐੱਸ. ਪੀ. ਲੁਧਿਆਣਾ, ਏ. ਸੀ. ਪੀ. ਸਾਹਨੇਵਾਲ, ਕਾਰਜ ਸਾਧਕ ਅਫਸਰ ਨਗਰ ਕੌਂਸਲ ਸਾਹਨੇਵਾਲ, ਪੁਲਸ ਥਾਣਾ ਮੁਖੀ ਸਾਹਨੇਵਾਲ ਤੋਂ ਪੁਰਜ਼ੋਰ ਮੰਗ ਕਰਦਿਆਂ ਕਿਹਾ ਕਿ ਆਖਰ ਕਦੋਂ ਕਾਬੂ ਕਰੋਗੇ ਇਨ੍ਹਾਂ ਚਾਈਨਾ ਡੋਰ ਵੇਚਣ ਵਾਲਿਆਂ ਨੂੰ। ਪਿੰਡ ਵਾਸੀਆ ਨੇ ਕਿਹਾ ਕਿ ਚਾਈਨਾ ਡੋਰ ਵੇਚਣ ਵਾਲਿਆਂ ਨੂੰ ਕਾਬੂ ਕਰ ਕੇ ਇਨ੍ਹਾਂ ’ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਕਿਸੇ ਇਨਸਾਨੀ ਜ਼ਿੰਦਗੀ ਨਾਲ ਖਿਲਵਾਡ਼ ਨਾ ਹੋ ਸਕੇ।
