ਦਵਾਈ ਲੈਣ ਬਹਾਨੇ ਆਏ ਲੁਟੇਰਿਆਂ ਨੇ ਚਲਾਈਆਂ ਗੋਲੀਆਂ, ਦੁਕਾਨਦਾਰ ਗੰਭੀਰ ਜ਼ਖਮੀ

Sunday, Oct 06, 2019 - 11:23 PM (IST)

ਦਵਾਈ ਲੈਣ ਬਹਾਨੇ ਆਏ ਲੁਟੇਰਿਆਂ ਨੇ ਚਲਾਈਆਂ ਗੋਲੀਆਂ, ਦੁਕਾਨਦਾਰ ਗੰਭੀਰ ਜ਼ਖਮੀ

ਸਾਹਨੇਵਾਲ/ਕੁਹਾੜਾ, (ਜਗਰੂਪ)— ਬੀਤੇ ਸ਼ਨੀਵਾਰ ਦੀ ਦੇਰ ਰਾਤ ਸਾਢੇ 9 ਵਜੇ 2 ਮੋਟਰਸਾਈਕਲ ਸਵਾਰਾਂ ਨੇ ਇਕ ਮੈਡੀਕਲ ਸ਼ਾਪ 'ਚ ਦਾਖਲ ਹੋ ਕੇ ਲੁੱਟ-ਖੋਹ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਨੇ ਲੁੱਟ-ਖੋਹ ਨੂੰ ਅੰਜਾਮ ਦੇਣ ਲਈ ਇਕ ਦੇਸੀ ਕੱਟੇ ਨਾਲ 2 ਫਾਇਰ ਕਰਦੇ ਹੋਏ ਮੈਡੀਕਲ ਮਾਲਕ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਜਦਕਿ ਪੁਲਸ ਇਸ ਨੂੰ ਲੁੱਟ-ਖੋਹ ਨਾ ਮੰਨ ਕੇ ਨਿੱਜੀ ਰੰਜਿਸ਼ ਦਾ ਮਾਮਲਾ ਦੱਸ ਰਹੀ ਹੈ।

ਘਟਨਾ ਦੀ ਸੂਚਨਾ ਮਿਲਦੇ ਹੀ ਏ. ਡੀ. ਸੀ. ਪੀ.-2 ਜਸਕਿਰਨ ਸਿੰਘ ਤੇਜਾ, ਏ. ਸੀ. ਪੀ. ਗਿੱਲ ਜਸ਼ਨਦੀਪ ਸਿੰਘ ਗਿੱਲ ਤੇ ਥਾਣਾ ਮੁਖੀ ਇੰਦਰਜੀਤ ਸਿੰਘ ਬੋਪਾਰਾਏ ਪੁਲਸ ਟੀਮਾਂ ਸਮੇਤ ਮੌਕੇ 'ਤੇ ਪਹੁੰਚੇ। ਪੁਲਸ ਨੂੰ ਦਿੱਤੀ ਜਾਣਕਾਰੀ 'ਚ ਲੁਹਾਰਾ ਸਤਿਗੁਰੂ ਨਗਰ 'ਚ ਸਥਿਤ ਮੈਡੀਕਲ ਸ਼ਾਪ ਦੇ ਮਾਲਕ ਮਿਥਲੇਸ਼ ਕੁਮਾਰ ਪੁੱਤਰ ਰਾਜਕੁਮਾਰ ਦੇ ਭਰਾ ਮੁਕੇਸ਼ ਸਿੰਘ ਗੌਤਮ ਨੇ ਦੱਸਿਆ ਕਿ ਬੀਤੀ 5 ਅਕਤੂਬਰ ਦੀ ਰਾਤ ਨੂੰ ਸਾਢੇ 9 ਵਜੇ ਉਸ ਦਾ ਭਰਾ ਮੈਡੀਕਲ ਸ਼ਾਪ 'ਤੇ ਇਕੱਲਾ ਸੀ, ਜਦਕਿ ਉਸ ਦਾ ਵਰਕਰ ਵਰਿੰਦਰ ਸਿੰਘ ਅਤੇ ਸਾਲਾ ਚੰਦਨ ਬਾਥਰੂਮ ਕਰਨ ਲਈ ਗਏ ਹੋਏ ਸਨ। ਇਸ ਦੌਰਾਨ ਇਕ ਮੋਟਰਸਾਈਕਲ 'ਤੇ ਦੋ ਵਿਅਕਤੀ ਆਏ, ਜਿਨ੍ਹਾਂ 'ਚੋਂ ਇਕ ਮੋਨਾ ਅਤੇ ਦੂਸਰਾ ਸਰਦਾਰ ਸੀ। ਇਨ੍ਹਾਂ ਨੇ ਪਹਿਲਾਂ ਆਉਂਦੇ ਹੀ ਸਿਰਦਰਦ ਦੀ ਗੋਲੀ ਮੰਗੀ। ਜਦੋਂ ਮਿਥਲੇਸ਼ ਉਨ੍ਹਾਂ ਨੂੰ ਗੋਲੀ ਦੇਣ ਲੱਗਾ ਤਾਂ ਉਨ੍ਹਾਂ 'ਚੋਂ ਸਰਦਾਰ ਮੰਡੇ ਨੇ ਇਕ ਦੇਸੀ ਕੱਟੇ ਦੀ ਤਰ੍ਹਾਂ ਵਿਖਾਈ ਦੇਣ ਵਾਲਾ ਹਥਿਆਰ ਕੱਢ ਲਿਆ ਤੇ ਮਿਥਲੇਸ਼ ਤੋਂ ਪੈਸਿਆਂ ਦੀ ਮੰਗ ਕਰਨ ਲੱਗਾ, ਦੂਸਰੇ ਨੇ ਦੁਕਾਨ ਦਾ ਸ਼ਟਰ ਬੰਦ ਕਰ ਦਿੱਤਾ। ਉਕਤ ਦੋਵੇਂ ਨੌਜਵਾਨ ਮਿਥਲੇਸ਼ ਨੂੰ ਧੂਹ ਕੇ ਦੁਕਾਨ ਦੇ ਪਿਛਲੇ ਪਾਸੇ ਬਣੇ ਹੋਏ ਸਟੋਰ 'ਚ ਲੈ ਗਏ। ਜਿਨ੍ਹਾਂ ਨੇ ਉਸ ਕੋਲੋਂ ਜ਼ਬਰਦਸਤੀ ਪੈਸਿਆਂ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਪਰ ਮਿਥਲੇਸ਼ ਨੇ ਲਗਾਤਾਰ ਉਨ੍ਹਾਂ ਨੂੰ ਮਨ੍ਹਾ ਕੀਤਾ। ਇਸ ਤੋਂ ਖਿਝ ਕੇ ਉਨ੍ਹਾਂ ਨੇ ਪਹਿਲਾਂ ਉਸ ਦੇ ਸਿਰ 'ਚ ਦੇਸੀ ਕੱਟੇ ਦਾ ਬੱਟ ਮਾਰਿਆ ਅਤੇ ਫਿਰ ਉਸ ਉਪਰ ਕਥਿਤ ਤੌਰ 'ਤੇ ਫਾਇਰ ਕਰ ਦਿੱਤਾ, ਜਿਸ ਦੇ ਛਰੇ ਉਸ ਦੀ ਲੱਤ 'ਚ ਲੱਗੇ। ਜਦੋਂ ਮਿਥਲੇਸ਼ ਉਨ੍ਹਾਂ ਤੋਂ ਛੁੱਟ ਕੇ ਭੱਜਣ ਲੱਗਾ ਤਾਂ ਉਨ੍ਹਾਂ ਨੇ ਦੂਸਰਾ ਫਾਇਰ ਉਸ ਦੇ ਪੱਟ 'ਚ ਮਾਰ ਦਿੱਤਾ। ਰੌਲਾ ਸੁਣ ਕੇ ਜਦੋਂ ਚੰਦਨ ਅਤੇ ਵਰਿੰਦਰ ਅੰਦਰ ਆਏ ਤਾਂ ਉਨ੍ਹਾਂ ਨੂੰ ਦੇਖ ਕੇ ਦੋਵੇਂ ਹਮਲਾਵਰ ਮੌਕੇ 'ਤੋਂ ਫਰਾਰ ਹੋ ਗਏ।

ਪੁਲਸ ਨੇ ਸੀ. ਸੀ. ਟੀ. ਵੀ. ਫੁਟੇਜ ਲਈ ਕਬਜ਼ੇ 'ਚ
ਉੱਚ ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰਦੇ ਹੋਏ ਮੈਡੀਕਲ ਸ਼ਾਪ ਸਮੇਤ ਹੋਰ ਆਸ-ਪਾਸ ਲੱਗੇ ਹੋਏ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਕਬਜ਼ੇ 'ਚ ਲੈ ਲਈ ਹੈ, ਜਿਨ੍ਹਾਂ ਦੀ ਜਾਂਚ ਦੇ ਨਾਲ ਹੀ ਉਕਤ ਹਮਲਾਵਰਾਂ ਨੂੰ ਕਾਬੂ ਕਰ ਲਿਆ ਜਾਵੇਗਾ। ਪੁਲਸ ਨੇ ਮੌਕੇ ਤੋਂ ਇਕ ਖੋਲ ਵੀ ਬਰਾਮਦ ਕੀਤਾ ਹੈ।

ਅਣਪਛਾਤਿਆਂ ਖਿਲਾਫ ਹੱਤਿਆ ਦੀ ਕੋਸ਼ਿਸ਼ ਦਾ ਮਾਮਲਾ ਦਰਜ
ਓਧਰ ਮਾਮਲੇ ਦੀ ਜਾਂਚ ਕਰ ਰਹੇ ਚੌਕੀ ਇੰਚਾਰਜ ਧਰਮਿੰਦਰ ਸਿੰਘ ਨੇ ਦੱਸਿਆ ਕਿ ਮੁਢਲੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਇਹ ਲੁੱਟ ਦਾ ਮਾਮਲਾ ਨਾ ਹੋ ਕੇ ਨਿੱਜੀ ਰੰਜਿਸ਼ ਦਾ ਮਾਮਲਾ ਹੈ। ਕੁਝ ਸਮਾਂ ਪਹਿਲਾਂ ਉਕਤ ਨੌਜਵਾਨ ਮੈਡੀਕਲ ਮਾਲਕ ਕੋਲੋਂ ਨਸ਼ਾ ਲੈਣ ਲਈ ਆਏ ਸਨ। ਜਿਨ੍ਹਾਂ ਨੂੰ ਮਾਲਕ ਨੇ ਨਸ਼ਾ ਨਾ ਵੇਚਣ ਦੀ ਗੱਲ ਕਹਿ ਕੇ ਮਨ੍ਹਾ ਕਰ ਦਿੱਤਾ ਸੀ। ਜਿਸ ਦੀ ਰੰਜਿਸ਼ ਦੇ ਕਾਰਣ ਉਨ੍ਹਾਂ ਨੇ ਲੁੱਟ ਦਾ ਡਰਾਮਾ ਰਚਦੇ ਹੋਏ ਮਿਥਲੇਸ਼ 'ਤੇ ਹਮਲਾ ਕਰ ਦਿੱਤਾ। ਚੌਕੀ ਇੰਚਾਰਜ ਨੇ ਦੱਸਿਆ ਕਿ ਪੁਲਸ ਨੇ ਫਿਲਹਾਲ ਮਿਥਲੇਸ਼ ਦੇ ਵਰਕਰ ਵਰਿੰਦਰ ਸਿੰਘ ਦੇ ਬਿਆਨ ਦਰਜ ਕਰ ਕੇ ਅਣਪਛਾਤੇ ਹਮਲਾਵਰਾਂ ਖਿਲਾਫ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕੀਤੀ ਹੈ।


author

KamalJeet Singh

Content Editor

Related News