ਸਿਵਲ ਹਸਪਤਾਲ ’ਚ ਡਾਕਟਰਾਂ, ਸਟਾਫ ਤੇ ਸਹੂਲਤਾਂ ਦੀ ਘਾਟ
Thursday, Nov 29, 2018 - 01:39 AM (IST)

ਭਵਾਨੀਗਡ਼੍ਹ, (ਕਾਂਸਲ)- ਸ਼ਹਿਰ ਦਾ ਸਿਵਲ ਹਸਪਤਾਲ ਡਾਕਟਰਾਂ, ਹੋਰ ਸਟਾਫ ਅਤੇ ਲੋਡ਼ੀਦੀਆਂ ਮੁੱਖ ਸਹੂਲਤਾਂ ਦੀ ਘਾਟ ਕਾਰਨ ਚਿੱਟਾ ਹਾਥੀ ਬਣ ਕੇ ਰਿਹ ਗਿਆ ਹੈ। ਹਸਪਤਾਲ ’ਚ ਡਾਕਟਰਾਂ ਅਤੇ ਸਟਾਫ ਦੀ ਘਾਟ ਕਰਨ ਜਿੱਥੇ ਇਲਾਕਾ ਨਿਵਾਸੀਆਂ ਨੂੰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਨਾਲ ਹੀ ਇਥੇ ਮੌਜੂਦ ਇੱਕਾ-ਦੁੱਕਾ ਡਾਕਟਰ ਅਤੇ ਹੋਰ ਸਟਾਫ ਆਮ ਲੋਕਾਂ ਤੋਂ ਵੀ ਜ਼ਿਆਦਾ ਦੁਖੀ ਨਜ਼ਰ ਆ ਰਹੇ ਹਨ। ਬੀਤੇ ਦਿਨੀਂ ਸੰਸਦ ਮੈਂਬਰ ਭਗਵੰਤ ਮਾਨ ਵੱਲੋਂ ਦਿੱਤਾ ਇਹ ਬਿਆਨ ਸਥਾਨਕ ਸ਼ਹਿਰ ਦੇ ਸਰਕਾਰੀ ਹਸਪਤਾਲ ਦੀ ਲਗਾਤਾਰ ਵਿਗਡ਼ਦੀ ਜਾ ਰਹੀ ਹਾਲਤ ਅਤੇ ਇਲਾਜ ਲਈ ਤਰਸਦੇ ਲੋਕਾਂ ਨੂੰ ਦੇਖ ਕੇ ਸੱਚ ਸਾਬਿਤ ਹੁੰਦਾ ਨਜ਼ਰ ਆ ਰਿਹਾ ਹੈ। ਅੱਜ ਸੋਸ਼ਲ ਮੀਡੀਆ ਉੱਪਰ ਵਾਇਰਲ ਹੋਈ ਸਥਾਨਕ ਹਸਪਤਾਲ ਸਬੰਧੀ ਇਕ ਵੀਡੀਓ, ਜਿਸ ’ਚ ਇਕ ਵਿਅਕਤੀ ਰਾਤ ਸਮੇਂ ਅੈਮਰਜੈਂਸੀ ’ਚ ਆਪਣੇ ਇਕ ਬੱਚੇ ਨੂੰ ਇਲਾਜ ਲਈ ਲੈ ਜਾਂਦਾ ਹੈ ਅਤੇ ਰਾਤ ਸਮੇਂ ਹਸਪਤਾਲ ’ਚ ਬੱਚੇ ਦਾ ਇਲਾਜ ਹੋਣਾ ਜਾਂ ਉਸ ਬੱਚੇ ਨੂੰ ਕੋਈ ਮੁੱਢਲੀ ਸਹਾਇਤਾ ਮਿਲਣਾ ਤਾਂ ਬਹੁਤ ਦੂਰ ਦੀ ਗੱਲ ਹਸਪਤਾਲ ’ਚ ਉਨ੍ਹਾਂ ਨੂੰ ਇੱਥੇ ਆਉਣ ਦਾ ਕਾਰਨ ਪੁੱਛਣ ਵਾਲਾ ਕੋਈ ਕਲਾਸ ਫੋਰ ਦਾ ਕਰਮਚਾਰੀ ਤੱਕ ਵੀ ਨਹੀਂ ਮਿਲਦਾ, ਜਿਸ ਤੋਂ ਗੁੱਸੇ ਵਿਚ ਆਇਆ ਇਹ ਵਿਅਕਤੀ ਜਿਥੇ ਨਿਰਾਸ਼ ਹੋ ਕੇ ਵਾਪਸ ਪਰਤਨ ਸਮੇਂ ਦੁਖੀ ਹੋਇਆ, ਗਾਲ੍ਹਾਂ ਕੱਢਦਾ ਵੀ ਨਜ਼ਰ ਆਉਂਦਾ ਹੈ।
ਹਸਪਤਾਲ ਵਿਚ ਡਾਕਟਰਾਂ ਦੀ ਘਾਟ ਅਤੇ ਰਾਤ ਸਮੇਂ ਸਟਾਫ ਦੇ ਨਾ ਹੋਣ ਸਬੰਧੀ ਵਾਇਰਲ ਹੋਈ ਵੀਡੀਓ ਸੰਬੰਧੀ ਜਦੋਂ ਹਸਪਤਾਲ ਵਿਚ ਮੌਜੂਦ ਕੁਝ ਡਾਕਟਰਾਂ ਨਾਲ ਗੱਲਬਾਤ ਕੀਤੀ ਤਾਂ ਉਹ ਹੋਰ ਵੀ ਦੁਖੀ ਨਜ਼ਰ ਆਏ। ਉਨ੍ਹਾਂ ਦਾ ਕਹਿਣਾ ਸੀ ਕਿ ਡਾਕਟਰਾਂ ਅਤੇ ਸਟਾਫ ਦੀ ਘਾਟ ਕਰਨ ਉਨ੍ਹਾਂ ’ਤੇ ਦਿਨ-ਰਾਤ ਡਿਊਟੀ ਕਾਰਨ ਜਿਥੇ ਕੰਮ ਦਾ ਬੋਝ ਜ਼ਿਆਦਾ ਰਹਿੰਦਾ ਹੈ ਉਥੇ ਉਹ ਵੀ ਪ੍ਰੇਸ਼ਾਨੀ ਵਿਚ ਰਹਿੰਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਸਿਹਤ ਸਹੂਲਤ ਸਾਡਾ ਮੁੱਢਲਾ ਹੱਕ ਹੈ ਅਤੇ ਰਾਤ ਸਮੇਂ ਹਸਪਤਾਲ ਵਿਚ ਅੈਮਰਜੈਂਸੀ ਲਈ ਡਾਕਟਰਾਂ ਦਾ ਨਾ ਹੋਣਾ ਬਹੁਤ ਦੁੱਖ ਦੀ ਗੱਲ ਹੈ, ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਨਿੱਜੀਕਰਨ ਦੀ ਤਾਂ ਵਿਚ ਬੈਠੀ ਸਰਕਾਰ ਵੱਲੋਂ ਜਾਣ-ਬੁੱਝ ਕੇ ਹੀ ਸਾਡੇ ਤੋਂ ਮੁੱਢਲੇ ਹੱਕ ਵੀ ਖੋਹੇ ਜਾ ਰਹੇ ਹਨ। ਇਲਾਕਾ ਨਿਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸ਼ਹਿਰ ਦੇ ਸਰਕਾਰੀ ਹਸਪਤਾਲ ਨੂੰ ਵਿਸ਼ੇਸ਼ ਸਹੂਲਤਾਂ ਵਾਲੇ 100 ਹਸਪਤਾਲਾਂ ਦੀ ਸੂਚੀ ਜਾਂ ਟਰੋਮਾ ਸੈਂਟਰਾਂ ਦੀ ਸੂਚੀ ਵਿਚ ਸ਼ਾਮਲ ਇੱਥੇ ਤੁਰੰਤ ਡਾਕਟਰਾਂ ਦੀ ਪੂਰਤੀ ਕੀਤੀ ਜਾਵੇ।
ਕੀ ਕਹਿਣੈ ਸਿਵਲ ਸਰਜਨ ਦਾ?
ਇਸ ਸਬੰਧੀ ਜਦੋਂ ਸਿਵਲ ਸਰਜਨ ਸੰਗਰੂਰ ਡਾ. ਅਰੁਣ ਗੁਪਤਾ ਅਤੇ ਭਵਾਨੀਗਡ਼੍ਹ ਹਸਪਤਾਲ ਦੇ ਐੱਸ. ਐੱਮ. ਓ. ਡਾਕਟਰ ਪ੍ਰਵੀਨ ਗਰਗ ਨਾਲ ਗੱਲਬਾਤ ਕੀਤੀ ਤਾਂ ਦੋਵੇਂ ਅਧਿਕਾਰੀਆਂ ਨੇ ਮੰਨਿਆ ਕਿ ਹਸਪਤਾਲ ਵਿਚ ਡਾਕਟਰਾਂ ਦੀ ਘਾਟ ਹੈ, ਜਿਸ ਕਰਕੇ ਰਾਤ ਸਮੇਂ ਅੈਮਰਜੈਂਸੀ ਡਿਊਟੀ ਉੱਪਰ ਕੋਈ ਵੀ ਡਾਕਟਰ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਨਵੇਂ ਡਾਕਟਰਾਂ ਦੀ ਭਰਤੀ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਆਸ ਹੈ ਕਿ ਜਲਦ ਹੀ ਟ੍ਰੇਨਿੰਗ ਪੂਰੀ ਹੋਣ ਉਪਰੰਤ ਇੱਥੇ ਨਵੇਂ ਡਾਕਟਰਾਂ ਦੇ ਆਉਣ ਨਾਲ ਇਸ ਸਮੱਸਿਆ ਦਾ ਹੱਲ ਹੋ ਜਾਵੇਗਾ। ਵਾਇਰਲ ਹੋਈ ਵੀਡੀਓ ਸਬੰਧੀ ਉਨ੍ਹਾਂ ਕਿਹਾ ਕਿ ਰਾਤ ਸਮੇਂ ਡਾਕਟਰ ਤਾਂ ਕੋਈ ਵੀ ਡਿਊਟੀ ਉੱਪਰ ਨਹੀਂ ਹੁੰਦਾ ਪਰ ਸਟਾਫ ਨਰਸ ਤੇ ਕੁਝ ਹੋਰ ਕਰਮਚਾਰੀ ਡਿਊਟੀ ਉੱਪਰ ਜ਼ਰੂਰ ਹੁੰਦੇ ਹਨ ਪਰ ਉਹ ਕਿਸੇ ਦਾ ਇਲਾਜ ਨਹੀਂ ਕਰ ਸਕਦੇ।