ਵਿਧਾਨ ਸਭਾ ਚੋਣਾਂ : ਜਾਣੋ ਕੀ ਹੈ ਹਲਕਾ ਨਿਹਾਲ ਸਿੰਘ ਵਾਲਾ ਦਾ ਪਿਛਲੇ 25 ਸਾਲ ਦਾ ਇਤਿਹਾਸ

Friday, Feb 18, 2022 - 06:47 PM (IST)

ਵਿਧਾਨ ਸਭਾ ਚੋਣਾਂ : ਜਾਣੋ ਕੀ ਹੈ ਹਲਕਾ ਨਿਹਾਲ ਸਿੰਘ ਵਾਲਾ ਦਾ ਪਿਛਲੇ 25 ਸਾਲ ਦਾ ਇਤਿਹਾਸ

ਨਿਹਾਲ ਸਿੰਘ ਵਾਲਾ (ਵੈੱਬ ਡੈਸਕ) : ਨਿਹਾਲ ਸਿੰਘ ਵਾਲਾ ਯਾਨੀ ਚੋਣ ਕਮਿਸ਼ਨ ਦੀ ਪੰਜਾਬ ਦੇ ਵਿਧਾਨ ਸਭਾ ਹਲਕਿਆਂ ਦੀ ਸੂਚੀ ਵਿਚ ਹਲਕਾ ਨੰਬਰ-71 ਅਨੁਸੂਚਿਤ ਜਾਤੀ ਲਈ ਰਾਖਵਾਂ ਹਲਕਾ ਹੈ। ਇਹ ਹਲਕਾ ਅਜਿਹਾ ਹੈ ਜਿੱਥੇ ਕਿਸੇ ਇਕ ਪਾਰਟੀ ਦਾ ਪ੍ਰਭਾਵ ਨਹੀਂ ਰਿਹਾ ਹੈ। ਜੇਕਰ 1997 ਤੋਂ ਬਾਅਦ ਹੋਈਆਂ ਵਿਧਾਨ ਸਭਾ ਚੋਣਾਂ ਦੇ ਅੰਕੜਿਆਂ 'ਤੇ ਨਜ਼ਰ ਮਾਰੀ ਜਾਵੇ ਤਾਂ ਇਸ ਹਲਕੇ 'ਤੇ ਕਿਸੇ ਇਕ ਪਾਰਟੀ ਦਾ ਪ੍ਰਭਾਵ ਨਜ਼ਰ ਨਹੀਂ ਆਉਂਦਾ। ਇਸ ਹਲਕੇ 'ਤੇ ਹੁਣ ਤੱਕ ਹੋਈਆਂ 5 ਵਿਧਾਨ ਸਭਾ ਚੋਣਾਂ ਵਿਚੋਂ ਜਿਥੇ ਦੋ ਵਾਰ ਅਕਾਲੀ ਦਲ ਜੇਤੂ ਰਹਿ ਚੁੱਕਾ ਹੈ, ਉਥੇ ਹੀ ਇਕ ਵਾਰ ਸੀ. ਪੀ. ਆਈ. (ਕਮਿਊਨਿਸਟ ਪਾਰਟੀ ਆਫ ਇੰਡੀਆ) ਅਤੇ ਇਕ ਵਾਰ ਆਜ਼ਾਦ ਉਮੀਦਵਾਰ ਜੇਤੂ ਰਹਿ ਚੁੱਕਾ ਹੈ। ਇਥੇ ਖਾਸ ਗੱਲ ਇਹ ਹੈ ਕਿ ਇਸ ਹਲਕੇ 'ਤੇ ਕਾਂਗਰਸ ਇਕ ਵਾਰ ਵੀ ਜਿੱਤ ਦਰਜ ਨਹੀਂ ਕਰ ਸਕੀ।

ਹਲਕਾ ਨਿਹਾਲ ਸਿੰਘ ਵਾਲਾ ਦਾ ਪਿਛਲੀਆਂ ਪੰਜ ਚੋਣਾਂ ਦਾ ਇਤਿਹਾਸ

ਇਹ ਹਲਕਾ ਅਜਿਹਾ ਹੈ ਜਿੱਥੇ ਕਿਸੇ ਇਕ ਪਾਰਟੀ ਦਾ ਪ੍ਰਭਾਵ ਨਹੀਂ ਰਿਹਾ ਹੈ। 1997 ਦੀਆਂ ਵਿਧਾਨ ਸਭਾ ਚੋਣਾਂ ਵਿਚ ਸੀ. ਪੀ. ਆਈ. ਅਤੇ ਅਕਾਲੀ ਦਲ ਵਿਚਾਲੇ ਸਖ਼ਤ ਟੱਕਰ ਦੇਖਣ ਨੂੰ ਮਿਲੀ ਸੀ, ਜਿੱਥੇ ਸੀ. ਪੀ. ਆਈ. ਦੇ ਅਜਾਇਬ ਸਿੰਘ ਨੂੰ 39842 ਅਤੇ ਅਕਾਲੀ ਦਲ ਦੇ ਜ਼ੋਰਾ ਸਿੰਘ ਨੂੰ 38051 ਵੋਟਾਂ ਹਾਸਲ ਹੋਈਆਂ ਸਨ, 1791 ਵੋਟਾਂ ਦੇ ਫਰਕ ਨਾਲ ਸੀ. ਪੀ. ਆਈ. ਜੇਤੂ ਰਹੀ ਸੀ। 

2002 ਵਿਚ ਮੁੜ ਸੀ. ਪੀ. ਆਈ. ਤੇ ਅਕਾਲੀ ਦਲ ਵਿਚਾਲੇ ਹੀ ਮੁਕਾਬਲਾ ਦੇਖਣ ਨੂੰ ਮਿਲਿਆ ਪਰ ਇਥੇ ਅਕਾਲੀ ਦਲ ਨੇ ਜ਼ੋਰਾ ਸਿੰਘ 18827 ਵੋਟਾਂ ਦੇ ਵੱਡੇ ਫਰਕ ਨਾਲ ਜੇਤੂ ਰਹੇ।

2007 ਵਿਚ ਨਿਹਾਲ ਸਿੰਘ ਵਾਲਾ ਦੇ ਵੋਟਰਾਂ ਨੇ ਵੱਖਰਾ ਇਤਿਹਾਸ ਸਿਰਜਦਿਆਂ ਆਜ਼ਾਦ ਤੌਰ 'ਤੇ ਮੈਦਾਨ ਵਿਚ ਉੱਤਰੇ ਅਜੀਤ ਸਿੰਘ 'ਤੇ ਭਰੋਸਾ ਪਰਗਟਾਇਆ ਅਤੇ ਉਹ ਅਕਾਲੀ ਦਲ ਦੇ ਜਰਨੈਲ ਸਿੰਘ ਨੂੰ 1632 ਵੋਟਾਂ ਦੇ ਫਰਕ ਨਾਲ ਹਰਾ ਕੇ ਜੇਤੂ ਰਹੇ। 

2012 ਵਿਚ ਅਕਾਲੀ ਦਲ ਦੀ ਰਾਜਵਿੰਦਰ ਕੌਰ ਨੂੰ 57652 ਵੋਟਾਂ ਅਤੇ ਕਾਂਗਰਸ ਦੇ ਅਜੀਤ ਸਿੰਘ ਸ਼ਾਂਤ ਨੂੰ 57061 ਵੋਟਾਂ ਹਾਸਲ ਹੋਈਆਂ ਜਿਸ ਵਿਚ ਅਕਾਲੀ ਉਮੀਦਵਾਰ ਸਿਰਫ 591 ਵੋਟਾਂ ਦੇ ਫਰਕ ਨਾਲ ਜੇਤੂ ਰਹੇ। 

2017 ਦੀਆਂ ਚੋਣਾਂ ਵਿਚ ਦੋਵਾਂ ਰਿਵਾਇਤੀ ਪਾਰਟੀਆਂ ਨੂੰ ਪਿਛਾੜਦੀ ਹੋਈ, ਆਮ ਆਦਮੀ ਪਾਰਟੀ ਨੇ ਇਸ ਹਲਕੇ 'ਤੇ ਬਾਜ਼ੀ ਮਾਰਦਿਆਂ 27574 ਦੇ ਵੱਡੇ ਮਾਰਜਨ ਨਾਲ ਜਿੱਤ ਹਾਸਲ ਕੀਤੀ। 'ਆਪ'ਦੇ ਮਨਜੀਤ ਸਿੰਘ 67313 ਨਾਲ ਪਹਿਲੇ, ਕਾਂਗਰਸ ਦੀ ਰਾਜਵਿੰਦਰ ਕੌਰ 39739 ਨਾਲ ਦੂਜੇ ਅਤੇ ਅਕਾਲੀ ਦਲ ਦੇ ਐੱਸ. ਆਰ. ਕਲੇਰ 34865 ਨਾਲ ਤੀਜੇ ਨੰਬਰ 'ਤੇ ਰਹੇ ਸਨ।

PunjabKesari

2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਇਸ ਵਾਰ ਹਲਕਾ ਨਿਹਾਲ ਸਿੰਘ ਵਾਲਾ ਤੋਂ ਕਾਂਗਰਸ ਵਲੋਂ ਭੁਪਿੰਦਰਾ ਸਾਹੋਕੇ, ਆਮ ਆਦਮੀ ਪਾਰਟੀ ਵਲੋਂ ਮਨਜੀਤ ਨਿਹਾਲਪੁਰ, ਅਕਾਲੀ ਦਲ ਵਲੋਂ ਬਲਦੇਵ ਸਿੰਘ ਮਾਣੂਕੇ, ਸੰਯੁਕਤ ਸਮਾਜ ਮੋਰਚੇ ਵਲੋਂ ਗੁਰਦਿੱਤਾ ਸਿੰਘ ਅਤੇ ਪੰਜਾਬ ਲੋਕ ਕਾਂਗਰਸ ਵਲੋਂ ਮੁਖਤਿਆਰ ਸਿੰਘ ਨੂੰ ਮੈਦਾਨ ਵਿਚ ਉਤਾਰਿਆ ਗਿਆ ਹੈ।

ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਇਸ ਸੀਟ ’ਤੇ ਕੁਲ 197869 ਵੋਟਰ ਹਨ, ਜਿਨ੍ਹਾਂ 'ਚੋਂ 91675 ਪੁਰਸ਼, 106186 ਬੀਬੀਆਂ ਅਤੇ 8 ਥਰਡ ਜੈਂਡਰ ਹਨ।


author

Harnek Seechewal

Content Editor

Related News