ਬੇਅਦਬੀ ਮਾਮਲਿਆਂ ''ਚ ਇਨਸਾਫ਼ ਕਰਨ ਦੀ ਥਾਂ ਸਿਆਸਤ ਖੇਡ ਰਹੀਆਂ ਸਰਕਾਰਾਂ : ''ਆਪ''

09/19/2019 8:45:27 PM

ਚੰਡੀਗੜ੍ਹ (ਰਮਨਜੀਤ)-ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਅੱਜ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ, ਕੋਟਕਪੂਰਾ ਗੋਲੀਕਾਂਡ ਦੇ ਮੁੱਦੇ 'ਤੇ ਸਰਕਾਰਾਂ ਜਾਂਚ ਏਜੰਸੀਆਂ ਨੂੰ ਸਿਆਸੀ ਹਥਿਆਰ ਵਜੋਂ ਵਰਤ ਰਹੀਆਂ ਹਨ। 'ਆਪ' ਅਨੁਸਾਰ ਇੰਨੇ ਸੰਵੇਦਨਸ਼ੀਲ ਮੁੱਦੇ 'ਤੇ ਸੰਗਤ ਨੂੰ ਇਨਸਾਫ਼ ਅਤੇ ਅਸਲ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਥਾਂ ਸੂਬਾ ਅਤੇ ਕੇਂਦਰ ਸਰਕਾਰਾਂ ਸਿਰਫ਼ ਤੇ ਸਿਰਫ਼ ਸਿਆਸਤ ਖੇਡ ਰਹੀਆਂ ਹਨ। ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਜੈ ਕ੍ਰਿਸ਼ਨ ਸਿੰਘ ਰੋੜੀ, ਕੁਲਵੰਤ ਸਿੰਘ ਪੰਡੋਰੀ, ਕੋਰ ਕਮੇਟੀ ਮੈਂਬਰ ਗੁਰਦਿਤ ਸਿੰਘ ਸੇਖੋਂ, ਕੁਲਦੀਪ ਸਿੰਘ ਧਾਲੀਵਾਲ, ਬਲਜਿੰਦਰ ਸਿੰਘ ਚੌਂਦਾ ਅਤੇ ਦਲਬੀਰ ਸਿੰਘ ਢਿੱਲੋਂ ਨੇ ਕਿਹਾ ਕਿ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿਟ) 'ਚ ਸਭ ਕੁੱਝ ਸਹੀ ਨਹੀਂ ਚੱਲ ਰਿਹਾ। ਸੱਤਾਧਾਰੀ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਇਸ ਨੂੰ ਜਨਤਕ ਤੌਰ 'ਤੇ ਕਬੂਲ ਰਹੇ ਹਨ।

ਕੁਲਤਾਰ ਸਿੰਘ ਸੰਧਵਾਂ ਨੇ ਜਾਖੜ ਨੂੰ ਕਿਹਾ ਕਿ ਉਹ ਸਿਟ ਦੇ ਅਧਿਕਾਰੀਆਂ ਨੂੰ ਮਤਭੇਦ ਪਾਸੇ ਰੱਖ ਕੇ ਪਾਰਦਰਸ਼ੀ ਢੰਗ ਨਾਲ ਜਾਂਚ ਨੇਪਰੇ ਚੜ੍ਹਾਉਣ ਦੀ ਨਸੀਹਤ ਦੇਣ ਦੀ ਥਾਂ ਆਪਣੇ ਮੁੱਖ ਮੰਤਰੀ ਕੈ. ਅਮਰਿੰਦਰ ਦੀ ਸਮਾਂਬੱਧ ਜ਼ਿੰਮੇਵਾਰੀ ਅਤੇ ਜਵਾਬਦੇਹੀ ਤਹਿ ਕਰਨ ਕਿਉਂਕਿ ਗ੍ਰਹਿ ਮੰਤਰਾਲਾ ਵੀ ਕੈਪਟਨ ਅਮਰਿੰਦਰ ਸਿੰਘ ਕੋਲ ਹੀ ਹੈ। ਸੰਧਵਾਂ ਨੇ ਕਿਹਾ ਕਿ ਕੈਪਟਨ ਦੇ ਇਸ਼ਾਰੇ ਤੋਂ ਬਗੈਰ 'ਸਿਟ' ਵੀ ਉਸੇ ਤਰ੍ਹਾਂ ਪੱਤਾ ਨਹੀਂ ਹਿਲਾ ਸਕਦੀ, ਜਿਵੇਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਇਸ਼ਾਰੇ ਤੋਂ ਬਿਨਾਂ ਸੀ. ਬੀ. ਆਈ. ਇਕ ਵੀ ਕਦਮ ਨਹੀਂ ਪੁੱਟਦੀ। ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ, ਮਨਜੀਤ ਸਿੰਘ ਬਿਲਾਸਪੁਰ ਅਤੇ ਕੁਲਵੰਤ ਸਿੰਘ ਪੰਡੋਰੀ ਨੇ ਦੋਸ਼ ਲਾਇਆ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਕੇਂਦਰ ਦੀ ਮੋਦੀ ਸਰਕਾਰ ਬਰਗਾੜੀ ਅਤੇ ਬਹਿਬਲ ਕਲਾਂ ਕਾਂਡ ਦੇ ਬਾਦਲਾਂ ਸਮੇਤ ਸਾਰੇ ਅਸਲ ਦੋਸ਼ੀਆਂ ਨੂੰ ਬਚਾਉਣ ਲਈ ਜਾਣਬੁੱਝ ਕੇ ਜਾਂਚ ਲਟਕਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਿਥੇ ਕੇਂਦਰ ਸਰਕਾਰ ਸੀ. ਬੀ. ਆਈ. ਰਾਹੀਂ ਜਾਂਚ ਨੂੰ ਭਟਕਾ ਕੇ ਬਾਦਲਾਂ ਦਾ ਬਚਾਅ ਕਰਨ ਲਈ ਪੱਬਾਂ-ਭਾਰ ਹੈ, ਉੱਥੇ ਕੈਪਟਨ ਤੇ ਬਾਦਲਾਂ ਦੀ ਮਿਲੀਭੁਗਤ ਵੀ ਕਿਸੇ ਤੋਂ ਗੁੱਝੀ ਨਹੀਂ।


Kapil Kumar

Content Editor

Related News