ਵੱਡੀ ਖ਼ਬਰ! ‘ਆਪ’ ’ਚ ਸ਼ਾਮਲ ਹੋ ਸਕਦੇ ਨੇ ਵਿਕਰਮਜੀਤ ਸਿੰਘ ਚੌਧਰੀ, ਪੰਜਾਬ ਦੀ ਸਿਆਸਤ ’ਚ ਮੁੜ ਆਵੇਗਾ ਭੂਚਾਲ

04/10/2024 6:01:27 AM

ਫਿਲੌਰ (ਭਾਖੜੀ)– ਜਲੰਧਰ ਲੋਕ ਸਭਾ ਸੀਟ ਪੂਰੇ ਪੰਜਾਬ ’ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਹਰ ਕਿਸੇ ਦੀ ਦਿਲਚਸਪੀ ਜਲੰਧਰ ਲੋਕ ਸਭਾ ਸੀਟ ਨਾਲ ਜੁੜੀ ਹੋਈ ਹੈ। ਆਉਣ ਵਾਲੇ ਇਕ-ਅੱਧੇ ਦਿਨ ’ਚ ਇਥੇ ਕਾਂਗਰਸ ਪਾਰਟੀ ਨੂੰ ਤਗੜਾ ਝਟਕਾ ਲੱਗੇਗਾ ਕਿਉਂਕਿ ਫਿਲੌਰ ਦੇ ਕਾਂਗਰਸੀ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ‘ਆਪ’ ’ਚ ਸ਼ਾਮਲ ਹੋ ਰਹੇ ਹਨ, ਜਿਨ੍ਹਾਂ ਨੂੰ ਜਲੰਧਰ ਲੋਕ ਸਭਾ ਸੀਟ ਦਾ ਉਮੀਦਵਾਰ ਮੰਨਿਆ ਜਾ ਰਿਹਾ ਹੈ।

ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਵਿਕਰਮਜੀਤ ਸਿੰਘ ਚੌਧਰੀ ਤੇ ਉਨ੍ਹਾਂ ਦਾ ਪੂਰਾ ਪਰਿਵਾਰ ਕਾਂਗਰਸ ਪਾਰਟੀ ਦਾ ਲੜ ਛੱਡ ਕੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਦਾ ਪੂਰੀ ਤਰ੍ਹਾਂ ਮਨ ਬਣਾ ਚੁੱਕਾ ਹੈ।

‘ਆਪ’ ’ਚ ਸ਼ਾਮਲ ਹੋਣ ਲਈ ਉਨ੍ਹਾਂ ਦੀਆਂ ਲਗਾਤਾਰ ਵੱਡੇ ਨੇਤਾਵਾਂ ਨਾਲ ਮੀਟਿੰਗਾਂ ਚੱਲ ਰਹੀਆਂ ਹਨ। ਵਿਧਾਇਕ ਵਿਰਕਮ ਚੌਧਰੀ, ਜੋ ਕੁਝ ਦਿਨ ਪਹਿਲਾਂ ਹੀ ਆਪਣੀ ਮਾਤਾ ਕਰਮਜੀਤ ਕੌਰ ਚੌਧਰੀ ਨਾਲ ਦਿੱਲੀ ’ਚ ਸੋਨੀਆ ਗਾਂਧੀ ਨੂੰ ਮਿਲ ਕੇ ਵੀ ਆਏ ਸਨ, ਨੇ ਸੋਨੀਆ ਗਾਂਧੀ ਨੂੰ ਪਾਰਟੀ ਵਲੋਂ ਚੌਧਰੀ ਪਰਿਵਾਰ ਨਾਲ ਕੀਤਾ ਹੋਇਆ ਵਾਅਦਾ ਯਾਦ ਦਿਵਾਇਆ ਸੀ ਕਿ ਉਨ੍ਹਾਂ ਦੇ ਸਵ. ਪਿਤਾ ਚੌਧਰੀ ਸੰਤੋਖ ਸਿੰਘ, ਲਗਾਤਾਰ 2 ਵਾਰ ਜਲੰਧਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਰਹਿ ਚੁੱਕੇ ਹਨ, ਜਿਨ੍ਹਾਂ ਦੀ ਰਾਹੁਲ ਗਾਂਧੀ ਦੀ ਪੈਦਲ ਯਾਤਰਾ ’ਚ ਸਿਹਤ ਵਿਗੜਨ ਕਾਰਨ ਰੈਲੀ ਵਾਲੀ ਜਗ੍ਹਾ ’ਤੇ ਹੀ ਮੌਤ ਹੋ ਗਈ ਸੀ। ਇਸ ਉਪਰੰਤ ਉਨ੍ਹਾਂ ਨੂੰ ਭਰੋਸਾ ਦਿਵਾਇਆ ਗਿਆ ਸੀ ਕਿ ਪਾਰਟੀ ਉਨ੍ਹਾਂ ਦੀ ਸ਼ਹੀਦੀ ਦੀ ਕਦਰ ਕਰੇਗੀ ਤੇ ਟਿਕਟ ਉਨ੍ਹਾਂ ਦੇ ਪਰਿਵਾਰ ਨੂੰ ਦਿੱਤੀ ਜਾਵੇਗੀ।

ਇਹ ਖ਼ਬਰ ਵੀ ਪੜ੍ਹੋ : ਨਾਭਾ ਦੇ ਸਰਕਾਰੀ ਕਾਲਜ ’ਚ ਵਿਦਿਆਰਥਣ ਨਾਲ ਸਮੂਹਿਕ ਜਬਰ-ਜ਼ਿਨਾਹ, 3 ਨੌਜਵਾਨਾਂ ਨੇ ਬਣਾਇਆ ਹਵਸ ਦਾ ਸ਼ਿਕਾਰ

ਕਾਂਗਰਸ ਪਾਰਟੀ ਨੇ ਚੌਧਰੀ ਦੀ ਧਰਮਪਤਨੀ ਕਰਮਜੀਤ ਕੌਰ ਚੌਧਰੀ ਨੂੰ ਉਪ ਚੋਣਾਂ ’ਚ ਟਿਕਟ ਦੇ ਕੇ ਆਪਣਾ ਉਮੀਦਵਾਰ ਬਣਾਇਆ, ਜੋ ਆਪ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਤੋਂ ਹਾਰ ਗਈ। ਦਿੱਲੀ ’ਚ ਮੀਟਿੰਗ ਤੋਂ ਬਾਅਦ ਵਿਕਰਮ ਚੌਧਰੀ ਤੇ ਉਨ੍ਹਾਂ ਦੀ ਮਾਤਾ ਖ਼ੁਸ਼ੀ ਨਾਲ ਜਲੰਧਰ ਮੁੜ ਆਏ। ਵਿਧਾਇਕ ਵਿਕਰਮ ਚੌਧਰੀ ਨੂੰ ਉਸ ਸਮੇਂ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ, ਜਦੋਂ ਸਾਬਕਾ ਸੀ. ਐੱਮ. ਚਰਨਜੀਤ ਸਿੰਘ ਚੰਨੀ ਨੇ ਜਲੰਧਰ ਲੋਕ ਸਭਾ ਸੀਟ ’ਤੇ ਪਾਰਟੀ ਵਲੋਂ ਬਿਨਾਂ ਉਮੀਦਵਾਰ ਐਲਾਨੇ ਆਪਣੀ ਸਰਗਰਮੀ ਵਧਾ ਦਿੱਤੀ।

ਇਥੇ ਹੀ ਬਸ ਨਹੀਂ, ਚੰਨੀ ਨੇ ਜਲੰਧਰ ਸ਼ਹਿਰ ’ਚ ਹੀ ਸ੍ਰੀ ਗੁਰੂ ਤੇਗ ਬਹਾਦਰ ਨਗਰ ’ਚ ਆਪਣੇ ਰਹਿਣ ਲਈ ਇਕ ਵੱਡਾ ਆਲੀਸ਼ਾਨ ਘਰ ਲੈ ਕੇ ਪਾਰਟੀ ਵਰਕਰਾਂ ਤੇ ਨੇਤਾਵਾਂ ਨਾਲ ਲੋਕ ਸਭਾ ਚੋਣਾਂ ਲੜਨ ਲਈ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਦਿੱਤਾ। ਇਸ ਸਬੰਧੀ ਜਦੋਂ ਇਕ ਸੀਨੀਅਰ ਕਾਂਗਰਸੀ ਨੇਤਾ ਜੋ ਸਾਬਕਾ ਮੰਤਰੀ ਵੀ ਰਹਿ ਚੁੱਕੇ ਹਨ, ਨਾਲ ਜਦੋਂ ਗੱਲ ਕੀਤੀ ਤਾਂ ਉਨ੍ਹਾਂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਚੰਨੀ ਨੂੰ ਪਾਰਟੀ ਹਾਈ ਕਮਾਨ ਨੇ ਜਲੰਧਰ ਲੋਕ ਸਭਾ ਸੀਟ ਤੋਂ ਚੋਣ ਲੜਨ ਲਈ ਪੂਰਾ ਇਸ਼ਾਰਾ ਦੇ ਦਿੱਤਾ ਹੈ। ਉਨ੍ਹਾਂ ਦਾ ਐਲਾਨ ਹੋਣਾ ਹੀ ਬਾਕੀ ਹੈ।

ਇਸੇ ਗੱਲ ਤੋਂ ਨਿਰਾਸ਼ ਹੋ ਕੇ ਬੀਤੇ ਦਿਨ ਵਿਧਾਇਕ ਵਿਕਰਮ ਚੌਧਰੀ ਨੇ ਪੰਜਾਬ ਵਿਧਾਨ ਸਭਾ ’ਚ ਕਾਂਗਰਸ ਪਾਰਟੀ ਦੇ ਅਹੁਦੇ ਤੋਂ ਤਿਆਗ ਪੱਤਰ ਦਿੰਦਿਆਂ ਆਪਣਾ ਅਸਤੀਫ਼ਾ ਸੀ. ਐੱਲ. ਪੀ. ਲੀਡਰ ਪ੍ਰਤਾਪ ਬਾਵਜਾ ਨੂੰ ਦੇ ਦਿੱਤਾ, ਜਿਸ ਤੋਂ ਬਾਅਦ ਅਟਕਲਾਂ ਤੇਜ਼ ਹੋ ਗਈਆਂ ਸਨ ਕਿ ਵਿਕਰਮ ਚੌਧਰੀ ਤੇ ਉਨ੍ਹਾਂ ਦਾ ਪੂਰਾ ਪਰਿਵਾਰ ‘ਆਪ’ ’ਚ ਸ਼ਾਮਲ ਹੋਣ ਜਾ ਰਿਹਾ ਹੈ।

ਜਦੋਂ ਇਸ ਸਬੰਧੀ ਬੀਤੇ ਦਿਨ ਵਿਰਕਮ ਚੌਧਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਸਪੱਸ਼ਟ ਕਿਹਾ ਕਿ ਜੇਕਰ ਕਾਂਗਰਸ ਪਾਰਟੀ ਉਨ੍ਹਾਂ ਦੇ ਸਵ. ਪਿਤਾ ਦੀ ਕੁਰਬਾਨੀ ਨੂੰ ਭੁੱਲੇਗੀ ਤਾਂ ਉਹ ਕਾਂਗਰਸੀ ਉਮੀਦਵਾਰ ਦੀ ਮਦਦ ਕਿਸੇ ਕੀਮਤ ’ਤੇ ਨਹੀਂ ਕਰਨਗੇ। ਅੱਜ ਜਦੋਂ ਵਿਕਰਮ ਚੌਧਰੀ ਨਾਲ ਗੱਲ ਕੀਤੀ ਕਿ ਉਹ ‘ਆਪ’ ’ਚ ਸ਼ਾਮਲ ਹੋ ਰਹੇ ਹਨ ਤਾਂ ਉਨ੍ਹਾਂ ਨੇ ਬਿਨਾਂ ਇਨਕਾਰ ਕੀਤੇ ਕਿਹਾ ਕਿ ਜੋ ਵੀ ਕਰਾਂਗਾ ਚੰਗਾ ਹੀ ਕਰਾਂਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News