ਪੇਟ ਦਰਦ ਦੀ ਸ਼ਿਕਾਇਤ ਲੈ ਕੇ ਹਸਪਤਾਲ ਪਹੁੰਚੀ ਵਿਦਿਆਰਥਣ, ਨਿਕਲੀ ਗਰਭਵਤੀ

01/13/2019 7:13:57 AM

ਚੰਡੀਗਡ਼੍ਹ, (ਰਮੇਸ਼ ਹਾਂਡਾ)- ਚੰਡੀਗਡ਼੍ਹ ਦੇ ਇਕ ਸਕੂਲ ’ਚ ਪਡ਼੍ਹਨ ਵਾਲੀ 15 ਸਾਲਾ ਵਿਦਿਆਰਥਣ 7 ਹਫ਼ਤਿਅਾਂ ਦੀ ਗਰਭਵਤੀ ਪਾਈ ਗਈ ਹੈ। ਇਸਦੀ ਸੂਚਨਾ ਡਾਕਟਰਾਂ ਨੇ ਪੁਲਸ  ਅਤੇ ਚਾਈਲਡ ਹੈਲਪਲਾਈਨ ਨੂੰ ਦਿੱਤੀ। ਮੌਕੇ ’ਤੇ ਪਹੁੰਚੀ ਪੁਲਸ ਨੇ ਮਾਂ-ਧੀ ਨੂੰ ਹਸਪਤਾਲ ਤੋਂ ਜਾਣ ਦਿੱਤਾ ਪਰ ਚਾਈਲਡ ਹੈਲਪਲਾਈਨ ਦੇ ਵਿਰੋਧ ਤੋਂ ਬਾਅਦ ਪੁਲਸ ਨੇ ਅਣਪਛਾਤੇ ਖਿਲਾਫ ਘਟਨਾ ਤੋਂ 5 ਦਿਨਾਂ ਬਾਅਦ ਮਾਮਲਾ ਦਰਜ ਕਰ ਲਿਆ। ਕਈ ਦਿਨਾਂ ਤੋਂ ਵਿਦਿਆਰਥਣ ਆਪਣੀ ਮਾਂ ਨੂੰ ਸਿਹਤ ਵਿਗਡ਼ਨ ਦੀ ਸ਼ਿਕਾਇਤ ਕਰ ਰਹੀ ਸੀ। ਪੇਟ ’ਚ ਦਰਦ ਵੀ ਸੀ ਪਰ ਮਾਂ ਉਸਨੂੰ ਗੈਸ ਦੀ ਦਵਾਈ ਦਿੰਦੀ ਰਹੀ। ਸਿਹਤ ਜ਼ਿਆਦਾ ਵਿਗਡ਼ੀ ਤਾਂ ਉਹ  ਧੀ ਨੂੰ 7 ਜਨਵਰੀ ਨੂੰ ਸੈਕਟਰ-22 ਦੇ ਸਿਵਲ ਹਸਪਤਾਲ ਲੈ ਕੇ ਗਈ। ਵਿਦਿਆਰਥਣ ਦੀ ਜਾਂਚ ਕਰਕੇ ਡਾਕਟਰਾਂ ਨੇ ਉਸਨੂੰ ਸੈਕਟਰ-16 ਦੇ ਹਸਪਤਾਲ ’ਚ ਗਾਇਨੋਕਾਲੋਜਿਸਟ ਕੋਲ ਰੈਫਰ ਕਰ ਦਿੱਤਾ। ਪੀਡ਼ਤਾ ਦੇ ਪਿਤਾ ਨੇ ਕਿਸੇ ਰਿਸ਼ਤੇਦਾਰ ’ਤੇ ਧੀ ਨਾਲ ਸੰਬੰਧ ਬਣਾਉਣ ਦੀ ਗੱਲ ਕਹੀ ਹੈ। 
 ਸਦਮੇ ’ਚ ਹੈ ਪੀਡ਼ਤਾ 
 ਸੋਸ਼ਲ ਵੈੱਲਫੇਅਰ ਵਿਭਾਗ ਦੀ ਟੀਮ ਦੇ ਦਬਾਅ  ਕਾਰਨ ਪੁਲਸ ਹਸਪਤਾਲ ਤੋਂ ਐੱਮ. ਐੱਲ. ਸੀ.  ਰਿਪੋਰਟ  ਦੇ ਆਧਾਰ ’ਤੇ ਵਿਦਿਆਰਥਣ ਦੇ ਘਰ ਤਕ ਪਹੁੰਚੀ ਅਤੇ ਪੰਜ ਦਿਨਾਂ ਬਾਅਦ 11 ਜਨਵਰੀ ਦੀ ਰਾਤ 11:56  ਵਜੇ ਸੈਕਟਰ-17  ਥਾਣੇ ’ਚ ਅਣਪਛਾਤੇ ਖਿਲਾਫ ਜਬਰ-ਜ਼ਨਾਹ ਅਤੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ। ਐੱਫ. ਆਈ. ਆਰ.  ਵਿਦਿਆਰਥਣ ਦੇ ਪਿਤਾ ਦੀ ਸ਼ਿਕਾਇਤ ’ਤੇ ਦਰਜ ਹੋਈ ਹੈ, ਜਿਨ੍ਹਾਂ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਕਿਹਾ ਹੈ ਕਿ ਹਸਪਤਾਲ ਪਹੁੰਚ ਕੇ ਜਦੋਂ ਡਾਕਟਰਾਂ ਨੇ ਉਨ੍ਹਾਂ ਦੀ ਪਤਨੀ ਨੂੰ ਦੱਸਿਆ ਕਿ ਉਸਦੀ ਧੀ ਗਰਭਵਤੀ ਹੈ ਤਾਂ ਉਹ ਘਬਰਾ ਗਈ ਤੇ ਪੁਲਸ ਨੂੰ ਬਿਨਾਂ ਦੱਸੇ ਬਗੈਰ ਹਸਪਤਾਲ ਤੋਂ ਚਲੀ ਗਈ।
  ਇਸ ਤੋਂ ਬਾਅਦ ਅਸੀਂ ਆਪਣੇ ਪਿੰਡ ਚਲੇ ਗਏ ਅਤੇ 11 ਜਨਵਰੀ ਨੂੰ ਵਾਪਸ ਆਏ। ਪਿਤਾ ਨੇ ਪੁਲਸ ਨੂੰ ਦੱਸਿਆ ਹੈ ਕਿ ਕਿਸੇ ਵਿਆਹ ਸਮਾਰੋਹ  ਦੌਰਾਨ ਉਨ੍ਹਾਂ ਦੇ ਘਰ ’ਚ ਦੋ ਮਹੀਨੇ ਪਹਿਲਾਂ ਰਿਸ਼ਤੇਦਾਰ ਆਏ ਸਨ। ਹੋ ਸਕਦਾ ਹੈ ਉਨ੍ਹਾਂ ’ਚੋਂ ਕਿਸੇ ਨੇ ਉਸ ਦੀ ਧੀ ਨਾਲ ਸਬੰਧ ਬਣਾਏ ਹੋਣ। ਉਨ੍ਹਾਂ  ਕਿਹਾ ਕਿ ਉਨ੍ਹਾਂ ਦੀ ਧੀ ਅਜੇ ਸਦਮੇ ’ਚ ਹੈ ਅਤੇ ਠੀਕ ਹੋਣ ’ਤੇ ਉਹ ਉਸਤੋਂ  ਮੁਲਜ਼ਮ ਬਾਰੇ ਪੁੱਛ ਕੇ ਪੁਲਸ ਨੂੰ ਦੱਸ ਦੇਣਗੇ। ਉਥੇ ਹੀ ਸੈਕਟਰ-17  ਦੇ ਥਾਣਾ ਇੰਚਾਰਜ ਨੇ ਦੱਸਿਆ ਕਿ ਵਿਦਿਆਰਥਣ ਦਾ ਮੈਡੀਕਲ ਕਰਵਾ ਲਿਆ ਗਿਆ ਹੈ, ਜਿਸਨੂੰ ਕੋਰਟ ’ਚ ਪੇਸ਼ ਕਰਕੇ 164 ਤਹਿਤ ਬਿਆਨ ਦਰਜ ਕਰਵਾ ਲਏ ਗਏ ਹਨ। ਪੁਲਸ ਵਿਦਿਆਰਥਣ ਤੋਂ ਪੁੱਛਗਿੱਛ ਤੋਂ ਬਾਅਦ  ਮੁਲਜ਼ਮ ਨੂੰ ਗ੍ਰਿਫਤਾਰ ਕਰੇਗੀ।  
 ਪੁਲਸ ਦੀ ਹਾਜ਼ਰੀ ’ਚ ਗਾਇਬ ਹੋ ਗਈਆਂ ਮਾਂ ਤੇ ਧੀ 
 ਸੈਕਟਰ-16 ਦੇ ਹਸਪਤਾਲ ਪੁੱਜਦਿਅਾਂ ਹੀ ਗਾਇਨੋਕਾਲੋਜਿਸਟ ਡਾ. ਪੂਨਮ ਨੇ ਵਿਦਿਆਰਥਣ ਨੂੰ ਨਾਬਾਲਗ ਪਾ ਕੇ ਸੂਚਨਾ ਪੁਲਸ ਅਤੇ ਸੋਸ਼ਲ ਵੈੱਲਫੇਅਰ ਵਿਭਾਗ ਨੂੰ ਦਿੱਤੀ। ਪੁਲਸ ਅਤੇ ਚਾਈਲਡ ਹੈਲਪਲਾਈਨ ਦੀ ਟੀਮ ਹਸਪਤਾਲ ਪਹੁੰਚੀ, ਜਿਥੇ ਪੁਲਸ ਵਿਦਿਆਰਥਣ ਨੂੰ ਬਿਆਨ ਦਰਜ ਕਰਨ ਦੀ ਗੱਲ ਕਹਿ ਕੇ ਹਸਪਤਾਲ ਕੰਪਲੈਕਸ ’ਚੋਂ ਹੀ ਬਾਹਰ ਲੈ ਗਈ। ਇਥੋਂ ਵਿਦਿਆਰਥਣ ਅਤੇ ਉਸਦੀ ਮਾਂ ਗਾਇਬ ਹੋ ਗਈਆਂ। ਕੁਝ ਦੇਰ ਬਾਅਦ ਚਾਈਲਡ ਹੈਲਪਲਾਈਨ ਟੀਮ ਆ ਕੇ ਪੁਲਸ ਨੂੰ ਵਿਦਿਆਰਥਣ ਸਬੰਧੀ ਪੁੱਛਣ ਲੱਗੀ ਤਾਂ ਉਹ ਮੁੱਕਰ ਗਈ। ਪੁਲਸ ਦਾ ਕਹਿਣਾ ਸੀ ਕਿ ਵਿਦਿਆਰਥਣ ਅਤੇ ਉਸਦੀ ਮਾਂ ਨੂੰ ਰੋਕ ਕੇ ਰੱਖਣ ਦੀ ਜ਼ਿੰਮੇਵਾਰੀ ਹਸਪਤਾਲ ਦੀ ਸੁਰੱਖਿਆ ਏਜੰਸੀ ਦੀ ਹੈ, ਜਿਸ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ।  ਚਾਈਲਡ ਹੈਲਪਲਾਈਨ ਦੀ ਟੀਮ ਨੇ ਇਸਦਾ ਵਿਰੋਧ ਕੀਤਾ, ਜਿਸਨੂੰ ਵੇਖ ਕੇ ਡਾਕਟਰ ਨੇ ਸਾਰੇ ਘਟਨਾਕ੍ਰਮ ਦੀ ਸੂਚਨਾ ਕਾਰਜਕਾਰੀ ਮੈਡੀਕਲ ਸੁਪਰਡੈਂਟ ਡਾ. ਸਤਬੀਰ ਸਿੰਘ ਨੂੰ ਦਿੱਤੀ। 


Related News