ਸ਼ੱਕੀ ਹਾਲਤ ''ਚ ਔਰਤ ਦੀ ਲਾਸ਼ ਹੋਈ ਬਰਾਮਦ, ਸਰੀਰ ''ਤੇ ਮਿਲੇ ਬੈਲਟ ਨਾਲ ਕੁੱਟਮਾਰ ਕਰਨ ਦੇ ਨਿਸ਼ਾਨ

Friday, Jan 19, 2024 - 01:40 AM (IST)

ਸ਼ੱਕੀ ਹਾਲਤ ''ਚ ਔਰਤ ਦੀ ਲਾਸ਼ ਹੋਈ ਬਰਾਮਦ, ਸਰੀਰ ''ਤੇ ਮਿਲੇ ਬੈਲਟ ਨਾਲ ਕੁੱਟਮਾਰ ਕਰਨ ਦੇ ਨਿਸ਼ਾਨ

ਲੁਧਿਆਣਾ (ਰਾਮ)- ਲੁਧਿਆਣਾ ਦੇ ਚੌਂਕੀ ਮੁੰਡੀਆਂ ਇਲਾਕੇ 'ਚ ਸ਼ੱਕੀ ਹਾਲਾਤ ’ਚ ਔਰਤ ਦੀ ਲਾਸ਼ ਘਰੋਂ ਬਰਾਮਦ ਹੋਈ। ਮ੍ਰਿਤਕਾ ਦੀ ਪਛਾਣ ਅੰਜੂ (25) ਵਜੋਂ ਹੋਈ ਹੈ। ਮਾਮਲਾ ਸ਼ੱਕੀ ਹੋਣ ਕਾਰਨ ਚੌਕੀ ਮੁੰਡੀਆਂ ਦੀ ਪੁਲਸ ਜਾਂਚ ਕਰ ਰਹੀ ਹੈ। ਔਰਤ ਦੇ ਸਰੀਰ ’ਤੇ ਬੈਲਟਾਂ ਨਾਲ ਕੁੱਟ-ਮਾਰ ਦੇ ਨਿਸ਼ਾਨ ਮਿਲੇ ਹਨ। ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

ਇਲਾਕਾ ਨਿਵਾਸੀ ਕਿਰਨ ਦੇਵੀ ਨੇ ਕਿਹਾ ਕਿ ਮ੍ਰਿਤਕਾ ਭਰਾ-ਭਰਜਾਈ ਦੇ ਨਾਲ ਰਹਿੰਦੀ ਸੀ। ਮੁਹੱਲੇ ’ਚ ਭਰਾ ਅਤੇ ਭਾਬੀ ਨੂੰ ਕੋਈ ਜਾਣਦਾ ਵੀ ਨਹੀਂ ਹੈ ਪਰ ਕਈ ਵਾਰ ਇਨ੍ਹਾਂ ਦੇ ਘਰੋਂ ਔਰਤ ਦੇ ਚੀਕਣ ਅਤੇ ਰੋਣ ਦੀਆਂ ਆਵਾਜ਼ਾਂ ਆਉਂਦੀਆਂ ਰਹਿੰਦੀਆਂ ਸਨ। ਘਟਨਾ ਵਾਲੀ ਰਾਤ ਨੂੰ 3 ਵਜੇ ਔਰਤ ਅੰਜੂ ਖੂਬ ਰੌਲਾ ਪਾ ਰਹੀ ਸੀ। ਉਹ ਰੋਂਦੀ ਹੋਈ ਆਪਣੀ ਭਾਬੀ ਨੂੰ ਕਹਿ ਰਹੀ ਸੀ ਕਿ ਭਾਬੀ ਮੇਰੇ ਕੱਪੜੇ ਦੇ ਦਿਓ। ਭਰਾ-ਭਰਜਾਈ ਉਸ ’ਤੇ ਕਾਫੀ ਜ਼ੁਲਮ ਕਰਦੇ ਸਨ।

ਇਹ ਵੀ ਪੜ੍ਹੋ- ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਸਪਲਾਈ ਕਰਨ ਵਾਲਾ ਤਸਕਰ STF ਨੇ 35 ਕਰੋੜ ਦੀ ਹੈਰੋਇਨ ਸਣੇ ਕੀਤਾ ਕਾਬੂ

ਮਰਨ ਵਾਲੀ ਔਰਤ ਦਾ ਮੁਹੱਲੇ ’ਚ ਕਿਸੇ ਨੂੰ ਹੁਣ ਤੱਕ ਨਾਂ ਵੀ ਨਹੀਂ ਪਤਾ ਸੀ। ਪਤਾ ਲੱਗਾ ਹੈ ਕਿ ਔਰਤ ਦਾ ਕੱਦ ਕਾਫੀ ਛੋਟਾ ਹੈ। ਇਸ ਕਾਰਨ ਉਸ ਦੇ ਭਰਾ ਨੇ ਉਸ ਦਾ ਛੋਟੇ ਕੱਦ ਵਾਲੇ ਵਿਅਕਤੀ ਨਾਲ ਜ਼ਬਰਦਸਤੀ ਵਿਆਹ ਕਰਵਾਇਆ ਸੀ। ਅੰਜੂ ਉਸ ਦੇ ਨਾਲ ਨਹੀਂ ਰਹਿਣਾ ਚਾਹੁੰਦੀ ਸੀ ਜਿਸ ਕਾਰਨ ਉਸ ਦੀ ਅਣਬਣ ਰਹਿੰਦੀ ਸੀ। ਅੰਜੂ ਪਤੀ ਨਾਲ ਝਗੜਾ ਕਰ ਕੇ ਪਿਛਲੇ ਕਰੀਬ 2 ਸਾਲ ਤੋਂ ਭਰਾ ਕੋਲ ਰਹਿ ਰਹੀ ਸੀ, ਇਸ ਕਾਰਨ ਭਰਾ-ਭਰਜਾਈ ਉਸ ਨਾਲ ਰੋਜ਼ਾਨਾ ਕੁੱਟ-ਮਾਰ ਕਰਦੇ ਸਨ।

ਕਿਰਨ ਮੁਤਾਬਕ ਸਵੇਰੇ ਜਦੋਂ ਮੁਹੱਲੇ ਦੇ ਲੋਕਾਂ ਨੇ ਉਸ ਦੀ ਭਾਬੀ ਦੇ ਘਰ ਦਾ ਦਰਵਾਜ਼ਾ ਖੜਕਾਇਆ ਤਾਂ ਉਹ ਮੁਹੱਲੇ ਵਾਲਿਆਂ ਨਾਲ ਝਗੜਾ ਕਰਨ ਲੱਗੀ। ਉਸ ਦੀ ਭਾਬੀ ਨੇ ਖੁਦ ਹੀ ਲੋਕਾਂ ਨੂੰ ਕਹਿ ਦਿੱਤਾ ਕਿ ਅੰਜੂ ਮਰ ਗਈ ਹੈ। ਲੋਕਾਂ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਰਖਵਾ ਦਿੱਤੀ ਹੈ।

ਇਹ ਵੀ ਪੜ੍ਹੋ- ED ਨੇ SEL ਕੰਪਨੀ ਦੇ ਮਾਲਕ ਨੀਰਜ ਸਲੂਜਾ ਨੂੰ ਕੀਤਾ ਗ੍ਰਿਫ਼ਤਾਰ, 1,531 ਕਰੋੜ ਦੇ ਧੋਖਾਧੜੀ ਮਾਮਲੇ 'ਚ ਹੋਈ ਕਾਰਵਾਈ

ਔਰਤ ਕਿਰਨ ਨੇ ਕਿਹਾ ਕਿ ਅੰਜੂ ਦੇ ਭਰਾ-ਭਰਜਾਈ ਉਸ ਨੂੰ ਖਾਣ ਲਈ ਕੁਝ ਨਹੀਂ ਦਿੰਦੇ ਸਨ। ਥੱਲਿਓਂ ਲੋਕ ਉਸ ਨੂੰ ਬਿਸਕੁਟ ਆਦਿ ਛੱਤ ’ਤੇ ਸੁੱਟਦੇ ਸਨ ਤਾਂ ਉਹ ਪਾਣੀ ਦੇ ਨਾਲ ਖਾ ਲੈਂਦੀ ਸੀ। ਉਸ ਦੇ ਸਰੀਰ ’ਤੇ ਗਰਮ ਚਿਮਟੇ ਆਦਿ ਵੀ ਲਗਾਏ ਜਾਂਦੇ ਸਨ। ਉਸ ਦੇ ਚੀਕਣ ਦੀਆਂ ਆਵਾਜ਼ਾਂ ਨਾਲ ਮੁਹੱਲਾ ਕਈ ਵਾਰ ਸਹਿਮ ਜਾਂਦਾ ਸੀ।

ਇਸ ਸਬੰਧੀ ਏ.ਡੀ.ਸੀ.ਪੀ. ਤੁਸ਼ਾਰ ਗੁਪਤਾ ਨੇ ਕਿਹਾ ਕਿ ਮਾਮਲਾ ਸ਼ੱਕੀ ਹੈ। ਮ੍ਰਿਤਕ ਔਰਤ ਦੇ ਭਰਾ-ਭਰਜਾਈ ਤੋਂ ਪੁਲਸ ਪੁੱਛਗਿੱਛ ਕਰ ਰਹੀ ਹੈ। ਲੜਕੀ ਦੀ ਲਾਸ਼ ਪੋਸਟਮਾਰਟਮ ਲਈ ਭੇਜੀ ਗਈ ਹੈ। ਮਾਮਲੇ ਦੀ ਜਾਂਚ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Harpreet SIngh

Content Editor

Related News