ਅੌਰਤ ਵੱਲੋਂ ਪੁਲਸ ’ਤੇ ਥਾਣੇ ’ਚ ਬੇਰਹਿਮੀ ਨਾਲ ਕੁੱਟ-ਮਾਰ ਕਰਨ ਦੇ ਦੋਸ਼

Thursday, Jan 17, 2019 - 02:10 AM (IST)

ਅੌਰਤ ਵੱਲੋਂ ਪੁਲਸ ’ਤੇ ਥਾਣੇ ’ਚ ਬੇਰਹਿਮੀ ਨਾਲ ਕੁੱਟ-ਮਾਰ ਕਰਨ ਦੇ ਦੋਸ਼

 ਬਰਨਾਲਾ, 16 ਜਨਵਰੀ (ਵਿਵੇਕ ਸਿੰਧਵਾਨੀ, ਰਵੀ)- ਇਕ ਅੌਰਤ ਨੇ ਪੁਲਸ ’ਤੇ ਕਥਿਤ ਤੌਰ ’ਤੇ ਕੁੱਟ-ਮਾਰ ਕਰਨ ਦੇ ਦੋਸ਼ ਲਾਏ ਹਨ। ਸਿਵਲ ਹਸਪਤਾਲ ’ਚ ਜਾਣਕਾਰੀ ਦਿੰਦਿਆਂ ਅੌਰਤ ਨਿਰਮਲਾ ਦੇਵੀ ਨੇ ਕਿਹਾ ਕਿ ਕਰੀਬ 2 ਮਹੀਨੇ ਪਹਿਲਾਂ ਮੇਰੇ ਪੁੱਤਰ ਨੇ ਮੈਨੂੰ ਕੁੱਟ ਕੇ ਘਰੋਂ ਕੱਢ ਦਿੱਤਾ ਸੀ। ਜਦੋਂਕਿ ਘਰ-ਬਾਰ ਮੇਰਾ ਹੈ। ਇਸ ਸਬੰਧ ’ਚ ਮੈਂ ਪੁਲਸ ’ਚ ਲਿਖਤੀ ਤੌਰ ’ਤੇ ਸ਼ਿਕਾਇਤ ਦਿੱਤੀ ਸੀ ਪਰ ਪੁਲਸ ਨੇ ਮੇਰੇ ਪੁੱਤਰ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਮੈਂ ਦੋ ਮਹੀਨੇ ਗੁਰਦੁਆਰੇ ’ਚ ਰੋਟੀ ਖਾਂਦੀ ਰਹੀ। ਪੁਲਸ ਨੇ ਮੈਨੂੰ ਕੋਈ ਇਨਸਾਫ ਨਹੀਂ ਦਿੱਤਾ। ਮੈਂ ਵਾਰ-ਵਾਰ ਪੁਲਸ ਨੂੰ ਬੇਨਤੀ ਕਰਦੀ ਰਹੀ। ਦੋ-ਤਿੰਨ ਦਿਨ ਪਹਿਲਾਂ ਮੈਨੂੰ ਥਾਣਾ ਸਿਟੀ-2 ’ਚ ਬੁਲਾਇਆ ਗਿਆ ਤੇ ਮੇਰੇ ਨਾਲ ਪੁਲਸ ਵੱਲੋਂ ਦੁਰ-ਵਿਵਹਾਰ ਕੀਤਾ ਗਿਆ। ਪੁਲਸ ਦੇ ਰਵੱਈਏ ਤੋਂ ਦੁਖੀ ਹੋ ਕੇ ਮੈਂ ਚੂਹੇ ਮਾਰਨ ਵਾਲੀ ਦਵਾਈ ਖਾ ਲਈ। ਦਵਾਈ ਖਾਂਦਿਆਂ ਹੀ ਪੁਰਸ਼ ਪੁਲਸ ਕਰਮਚਾਰੀਆਂ ਨੇ ਮੇਰੀ ਬੇਰਹਿਮੀ ਨਾਲ ਕੁੱਟ-ਮਾਰ ਸ਼ੁਰੂ ਕਰ ਦਿੱਤੀ, ਜਿਸ ਕਾਰਨ ਮੈਂ ਬੇਹੋਸ਼ ਹੋ ਗਈ। ਮੇਰੇ ਬੇਹੋਸ਼ ਹੋਣ ਤੋਂ ਬਾਅਦ ਮੈਨੂੰ ਥਾਣੇ ’ਚੋਂ ਚੁੱਕ ਕੇ ਹਸਪਤਾਲ ’ਚ ਭਰਤੀ ਕਰਵਾ ਦਿੱਤਾ ਗਿਆ ਪਰ ਅਜੇ ਤੱਕ ਵੀ ਮੈਨੂੰ ਕੋਈ ਇਨਸਾਫ ਨਹੀਂ ਮਿਲਿਆ। 
 ®ਮਾਂ-ਪੁੱਤ ਦਾ ਆਪਸੀ ਝਗਡ਼ਾ : ਐੱਸ. ਐੱਚ. ਓ.
  ਇਸ ਸਬੰਧ ’ਚ ਥਾਣਾ-2 ਸਿਟੀ ਦੇ ਐੱਸ. ਐੱਚ. ਓ. ਮਨਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਂ-ਪੁੱਤ ਦਾ ਆਪਸੀ ਝਗਡ਼ਾ ਹੈ। ਅਸੀਂ ਉਸ ਦੇ ਲਡ਼ਕੇ ਵਿਰੁੱਧ 7/51 ਤਹਿਤ ਕੇਸ ਦਰਜ ਕਰ ਦਿੱਤਾ ਹੈ। ਦੋ-ਤਿੰਨ ਦਿਨ ਪਹਿਲਾਂ ਇਨ੍ਹਾਂ ਮਾਂ-ਪੁੱਤ ਨੂੰ ਥਾਣੇ ਬੁਲਾਇਆ ਗਿਆ ਸੀ। ਉਥੇ ਵੀ ਇਹ ਆਪਸ ’ਚ ਉਲਝ ਗਏ ਤੇ ਬਾਅਦ ’ਚ ਉਸ ਦੇ ਪੁੱਤਰ ਨੇ ਹੀ ਇਸ ਨੂੰ ਹਸਪਤਾਲ ’ਚ ਭਰਤੀ ਕਰਵਾਇਆ। ਕਿਸੇ ਵੀ ਪੁਲਸ ਕਰਮਚਾਰੀ ਨੇ ਅੌਰਤ ਦੀ ਕੋਈ ਕੁੱਟ-ਮਾਰ ਨਹੀਂ ਕੀਤੀ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਹੁਣ ਪੁਲਸ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਤਾਂ ਉਨ੍ਹਾਂ ਕਿਹਾ ਕਿ ਹਸਪਤਾਲ ਤੋਂ ਰੁੱਕਾ ਆ ਚੁੱਕਾ ਹੈ। ਇਕ ਥਾਣੇਦਾਰ ਦੀ ਇਸ ਕੇਸ ਸਬੰਧੀ ਡਿਊਟੀ ਲਾਈ ਗਈ ਹੈ। 


Related News