ਟੈੱਟ ਪਾਸ ਕੱਚੇ ਅਧਿਆਪਕ ਯੂਨੀਅਨ ਦੇ ਆਗੂਆਂ ਨੇ ਵਿੱਤ ਮੰਤਰੀ ਪੰਜਾਬ ਨੂੰ ਸੌਂਪਿਆ ਮੰਗ ਪੱਤਰ

04/09/2022 11:22:59 PM

ਸੰਗਰੂਰ (ਵਿਜੈ ਕੁਮਾਰ ਸਿੰਗਲਾ)-ਟੈੱਟ ਪਾਸ ਕੱਚੇ ਅਧਿਆਪਕ ਯੂਨੀਅਨ ਪੰਜਾਬ (ਈ. ਜੀ. ਐੱਸ., ਏ. ਆਈ. ਈ., ਐੱਸ. ਟੀ. ਆਰ.) ਜੋ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਦੀ ਮੰਗ ਕਰਦੇ ਆ ਰਹੇ ਸਨ ਅਤੇ ਉਨ੍ਹਾਂ ਵੱਲੋਂ ਬੀਤੇ ਕੱਲ੍ਹ ਵੀ ਗੁਪਤ ਐਕਸ਼ਨ ਦੀ ਤਿਆਰੀ ਕੀਤੀ ਗਈ ਸੀ ਪਰ ਜ਼ਿਲ੍ਹਾ ਪੁਲਸ ਪ੍ਰਸ਼ਾਸਨ ਵੱਲੋਂ ਇਨ੍ਹਾਂ ਜਥੇਬੰਦੀਆਂ ਦੇ ਆਗੂਆਂ ਨੂੰ ਜਲਦ ਹੀ ਸਿੱਖਿਆ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦੇ ਕੇ ਸੰਘਰਸ਼ ਮੁਲਤਵੀ ਕਰਵਾ ਦਿੱਤਾ ਗਿਆ ਸੀ ਪਰ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੰਗਰੂਰ ਵਿਖੇ ਆਏ ਅਤੇ ਇਨ੍ਹਾਂ ਜਥੇਬੰਦੀ ਦੇ ਆਗੂਆਂ ਨਾਲ ਮੀਟਿੰਗ ਨਾ ਹੋ ਸਕੀ, ਜਿਸ ਤੋਂ ਬਾਅਦ ਟੈੱਟ ਪਾਸ ਕੱਚੇ ਅਧਿਆਪਕ ਯੂਨੀਅਨ ਦੇ ਆਗੂਆਂ ਵੱਲੋਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਇਹ ਮੰਗ ਪੱਤਰ ਦਿੱਤਾ ਗਿਆ।

ਪ੍ਰਧਾਨ ਸਮਰਜੀਤ ਸਿੰਘ, ਦਲਜੀਤ ਸਿੰਘ ਬਠਿੰਡਾ ਅਤੇ ਕਿਰਨ ਢਿੱਲੋਂ ਸੰਗਰੂਰ ਨੇ ਦੱਸਿਆ ਕਿ ਉਹ ਪਿਛਲੇ 18 ਸਾਲਾਂ ਤੋਂ ਕੱਚੇ ਅਧਿਆਪਕਾਂ ਦੇ ਤੌਰ ’ਤੇ ਕੰਮ ਕਰ ਰਹੇ ਹਨ, ਇਸ ਲਈ ਉਨ੍ਹਾਂ ਨੂੰ ਤੁਰੰਤ ਰੈਗੂਲਰ ਕੀਤਾ ਜਾਵੇ। ਕੱਚੇ ਅਧਿਆਪਕਾਂ ਵੱਲੋਂ 2003 ਤੋਂ ਲੈ ਕੇ ਹੁਣ ਤੱਕ ਸਰਕਾਰੀ ਸਕੂਲਾਂ ’ਚ ਬੱਚਿਆਂ ਨੂੰ ਪੜ੍ਹਾਇਆ ਜਾ ਰਿਹਾ ਹੈ, ਜਿਸ ਦੇ ਬਦਲੇ ਉਨ੍ਹਾਂ ਨੂੰ ਸਰਕਾਰ ਵੱਲੋਂ ਪ੍ਰਤੀ ਮਹੀਨਾ 6 ਹਜ਼ਾਰ ਰੁਪਏ ਦਿੱਤੇ ਜਾ ਰਹੇ ਹਨ, ਜਦਕਿ ਅਸੀਂ ਈ. ਟੀ. ਟੀ. ਅਧਿਆਪਕ ਦੀ ਪੋਸਟ ’ਤੇ ਰੈਗੂਲਰ ਹੋਣ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹਾਂ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆ ਰਹੀਆਂ ਸਿੱਖਿਆ ਵਿਭਾਗ ’ਚ ਪੋਸਟਾਂ ਦੇ ਆਉਣ ਤੋਂ ਪਹਿਲਾਂ ਸਾਡੇ ਨਾਲ ਮੀਟਿੰਗ ਹੋਣੀ ਅਤਿ ਜ਼ਰੂਰੀ ਹੈ ਤਾਂ ਜੋ ਆਉਣ ਵਾਲੀਆਂ ਪੋਸਟਾਂ ’ਚ ਸਾਡਾ ਬਣਦਾ ਹੱਕ ਸਾਨੂੰ ਦਿੱਤਾ ਜਾ ਸਕੇ। ਇਸ ਸਮੇਂ ਗੁਰਦੀਪ ਫ਼ਾਜ਼ਿਲਕਾ, ਪਰਮ ਫ਼ਾਜ਼ਿਲਕਾ, ਮਿੱਠੂ ਖ਼ਾਨ ਪਟਿਆਲਾ, ਮੱਖਣ, ਮੀਨਾ ਰਾਣੀ,ਪਰਮਜੀਤ ਕੌਰ, ਭੁਪਿੰਦਰ ਆਦਿ ਆਗੂ ਮੌਜੂਦ ਸਨ।


Manoj

Content Editor

Related News