ਅਧਿਆਪਕ ਸਾਡੇ ਮਾਰਗ ਦਰਸ਼ਕ ਤੇ ਜੀਵਨ ''ਚ ਅੱਗੇ ਵਧਣ ਦਾ ਮਾਧਿਅਮ ਬਣਦੇ ਹਨ - ਵਿਦਿਆਰਥੀ

09/05/2020 5:07:21 PM

ਬੁਢਲਾਡਾ (ਬਾਂਸਲ) : ਵਿਸ਼ਵ ਦੇ ਵੱਖ- ਵੱਖ ਦੇਸ਼ਾਂ 'ਚ ਅਧਿਆਪਕਾਂ ਨੂੰ ਸਨਮਾਨ ਦੇਣ ਲਈ ਵਿਸ਼ੇਸ਼ ਤੌਰ 'ਤੇ ਅਧਿਆਪਕ ਦਿਹਾੜੇ ਦਾ ਆਯੋਜਨ ਕੀਤਾ ਜਾਂਦਾ ਹੈ। ਜਦੋਂ ਕਿ ਭਾਰਤ 'ਚ ਅਧਿਆਪਕ ਦਿਹਾੜਾ ਸਾਬਕਾ ਰਾਸ਼ਟਰਪਤੀ ਸਵ: ਡਾ ਰਾਧਾਕ੍ਰਿਸ਼ਣਨ ਦੇ ਜਨਮ ਦਿਨ ਦੇ ਰੂਪ 'ਚ ਮਨਾਇਆ ਜਾਂਦਾ ਹੈ। ਅੱਜ ਇਸ ਦਿਹਾੜੇ ਦੇ ਮੌਕੇ 'ਤੇ ਜੱਗ ਬਾਣੀ ਨੇ ਕੁਝ ਬੱਚਿਆ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਇਸ ਦਿਹਾੜੇ ਸੰਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਬੱਚਿਆਂ ਦੇ ਇਨ੍ਹਾਂ ਵਿਚਾਰਾਂ ਲਈ ਜੱਗ ਬਾਣੀ ਸੈਲੂਟ ਕਰਦਾ ਹੈ।

ਇਸ ਸਬੰਧੀ 7ਵੀਂ ਕਲਾਸ ਦੇ ਵਿਦਿਆਰਥੀ ਗੁਰਮਨਜੋਤ ਸਿੰਘ ਦਾ ਕਹਿਣਾ ਹੈ ਕਿ ਚੰਗੇ ਅਧਿਆਪਕ ਦਾ ਇਹ ਵੀ ਇਕ ਗੁਣ ਹੁੰਦਾ ਹੈ ਕਿ ਉਹ ਆਪਣੇ ਵਿਦਿਆਰਥੀਆਂ ਨਾਲ ਹਮੇਸ਼ਾਂ ਨਿਰਪੱਖ ਤੇ ਨਿਰਛੱਲ ਵਰਤਾਓ ਕਰਨਾ ਆਪਣਾ ਫ਼ਰਜ਼ ਸਮਝਦਾ ਹੈ। ਉਹ ਬੱਚਿਆਂ ਨੂੰ ਹਮੇਸ਼ਾਂ ਖਿੜੇ- ਮੱਥੇ ਮਿਲਦਾ ਅਤੇ ਬੱਚਿਆਂ ਦੀਆਂ ਨਾ ਸਿਰਫ ਸਮੱਸਿਆਵਾਂ ਸੁਣਦਾ ਹੈ, ਜਿਥੋਂ ਤੱਕ ਮੁਮਕਨ ਹੋਏ ਉਹ ਉਨ੍ਹਾਂ ਸਮੱਸਿਆਵਾਂ ਦਾ ਨਿਵਾਰਨ ਵੀ ਕਰਦਾ ਹੈ। ਬੱਚਿਆਂ ਦੇ ਕਿਰਦਾਰ ਨੂੰ ਉੱਚਾ ਚੁੱਕਣ 'ਚ ਇਕ ਯੋਗ ਅਧਿਆਪਕ ਹਮੇਸ਼ਾਂ ਆਪਣਾ ਇਕ ਅਹਿਮ ਰੋਲ ਨਿਭਾਉਂਦਾ ਹੈ। ਉਹ ਪੜ੍ਹਾਈ ਕਰਾਉਣ ਦੇ ਨਾਲ-ਨਾਲ ਬੱਚਿਆਂ ਨੂੰ ਇਨਸਾਨੀ ਕਦਰਾਂ- ਕੀਮਤਾਂ ਤੋਂ ਵੀ ਵਾਕਿਫ ਕਰਾਉਂਦਾ ਰਹਿੰਦਾ ਹੈ।

ਉਨ੍ਹਾਂ ਦੱਸਿਆ ਕਿ ਮੇਰੇ ਪਿਤਾ ਸਟੇਟ ਅੈਵਾਰਡੀ ਅਧਿਆਪਕ ਡਾ. ਬੂਟਾ ਸਿੰਘ ਸੇਖੋਂ ਦੇ ਸਮਿਆਂ ਦੌਰਾਨ ਬੱਚਿਆਂ ਦੇ ਹੱਥਾਂ 'ਤੇ ਡੰਡੇ ਮਾਰਨਾ ਅਤੇ ਮੁਰਗਾ ਬਨਾਉਣਾ ਆਮ ਰਿਵਾਜ ਸੀ। ਕਈ ਵਾਰ ਤਾਂ ਅਧਿਆਪਕਾਂ ਦੀ ਸਖਤੀ ਦੇ ਚਲਦਿਆਂ ਵਿਦਿਆਰਥੀ ਸਕੂਲ ਛੱਡ ਜਾਂਦੇ ਸਨ। ਕਹਿੰਦੇ ਹਨ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਜਿਥੇ ਫੁੱਲ ਹੁੰਦੇ ਹਨ ਉਥੇ ਕੰਡੇ ਵੀ ਹੁੰਦੇ ਹਨ। ਉਹਨਾ ਕਿਹਾ ਕਿ ਮੇਰੇ ਪਿਤਾ ਅਤੇ ਮਾਤਾ ਇਕ ਚੰਗੇ ਅਧਿਆਪਕ ਹਨ ਜਿਨ੍ਹਾਂ ਤੋਂ ਮੈਨੂੰ ਬਹੁਤ ਸਿੱਖਿਆ ਮਿਲਦੀ ਹੈ।

ਚੋਥੀ ਕਲਾਸ ਦੇ ਨਮਨ ਸਲੂਜਾ  ਦਾ ਕਹਿਣਾ ਹੈ ਕਿ ਅਧਿਆਪਕਾਂ ਦਾ ਸਤਿਕਾਰ ਜ਼ਰੂਰੀ ਹੈ ਕਿਉਂਕਿ ਅਧਿਆਪਕ ਸਾਡੇ ਮਾਰਗ ਦਰਸ਼ਕ ਹਨ ਅਤੇ ਸਾਨੂੰ ਜੀਵਨ 'ਚ ਅੱਗੇ ਵਧਣਾ ਅਤੇ ਜੀਵਨ 'ਚ ਕਾਮਯਾਬ ਹੋਣ ਦਾ ਮਾਧਿਅਮ  ਬਣਦੇ ਹਨ। ਉਨ੍ਹਾਂ ਕਿਹਾ ਕਿ ਕਈ ਵਾਰ ਜਦੋਂ ਅਧਿਆਪਕਾਂ ਨਾਲ ਦੁਰਵਿਵਹਾਰ ਦੀਆਂ ਘਟਨਾਵਾਂ ਸਾਮ੍ਹਣੇ ਆਉਂਦੀਆਂ ਹਨ ਤਾਂ ਬੜਾ ਦੁੱਖ ਲੱਗਦਾ ਹੈ। ਇਸ ਲਈ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਦੇ ਕਹਿਣ ਦੀ ਬਜਾਏ ਅਧਿਆਪਕਾਂ ਦੀ ਗੱਲ 'ਤੇ ਵੀ ਗੌਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੇਰੀ ਮਾਤਾ ਪੂਜਾ ਸਲੂਜਾ ਇਕ ਵਧੀਆ ਅਧਿਆਪਕ ਸਮੇਤ ਇੱਕ ਚੰਗੀ ਮਾਂ ਵੀ ਹੈ।  

ਦਸਵੀਂ ਕਲਾਸ ਦੇ ਇਸ਼ਾਨ ਗਰਗ ਦਾ ਕਹਿਣਾ ਹੈ ਕਿ ਅੱਜ ਦਾ ਇਹ ਦਿਨ ਦੇਸ਼ ਦੇ ਸਾਬਕਾ ਰਾਸ਼ਟਰਪਤੀ ਡਾ. ਰਾਧਾ ਕ੍ਰਿਸ਼ਨ ਦੇ ਜਨਮ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਅਸੀਂ ਇਸ ਦਿਵਸ ਦੇ ਮੌਕੇ 'ਤੇ ਮਾਣ ਮਹਿਸੂਸ ਕਰਦੇ ਹਾਂ ਕਿ ਸਵ. ਡਾ. ਰਾਧਾ ਕ੍ਰਿਸ਼ਨ ਦੇ ਜਨਮ ਦਿਨ ਦੇ ਮੌਕੇ 'ਤੇ ਸਾਡੇ ਗੁਰੂ ਇਨ੍ਹਾਂ ਦੇ ਪਾਏ ਪੂਰਨੀਆ 'ਤੇ ਚਲਦਿਆ ਸਾਡੇ ਮਾਰਗ ਦਰਸ਼ਨ ਬਣਦੇ ਹਨ।

 


Harinder Kaur

Content Editor

Related News