ਅਧਿਆਪਕਾਂ ਤੇ ਪੁਲਸ ’ਚ ਧੱਕਾ-ਮੁੱਕੀ, ਬੈਰੀਕੇਡ ਤੋਡ਼ ਕੇ ਵਿਧਾਇਕ ਤਲਵਾੜ ਦੇ ਘਰ ਦਾ ਘਿਰਾਓ
Thursday, Nov 15, 2018 - 07:14 AM (IST)
ਲੁਧਿਆਣਾ, (ਵਿੱਕੀ)- ਸਿੱਖਿਆ ਵਿਭਾਗ ’ਚ ਰੈਗੂਲਰ ਤਾਇਨਾਤੀ ਲਈ ਅਤੇ ਤਨਖਾਹ ’ਚ 75 ਫੀਸਦੀ ਤੱਕ ਕਟੌਤੀ ਕਰਨ ਦੇ ਵਿਰੋਧ ’ਚ ਪਿਛਲੇ 39 ਦਿਨਾਂ ਤੋਂ ਸਰਕਾਰ ਖਿਲਾਫ ਮੋਰਚਾ ਖੋਲ੍ਹਣ ਵਾਲੇ ਅਧਿਆਪਕਾਂ ਦਾ ਸਬਰ ਦਾ ਬੰਨ੍ਹ ਹੁਣ ਟੁੱਟਣ ਲੱਗਾ ਹੈ। ਕਾਂਗਰਸੀ ਮੰਤਰੀਆਂ ਅਤੇ ਵਿਧਾਇਕਾਂ ਦਾ ਘਿਰਾਓ ਕਰ ਕੇ ਸਰਕਾਰ ’ਤੇ ਦਬਾਅ ਬਣਾਉਣ ਦੇ ਮਕਸਦ ਨਾਲ ਹੁਣ ਸਾਂਝਾ ਅਧਿਆਪਕ ਮੋਰਚਾ ਪੂਰੀ ਤਰ੍ਹਾਂ ਨਾਲ ਸਡ਼ਕਾਂ ’ਤੇ ਉਤਰ ਚੁੱਕਾ ਹੈ। ਇਸ ਲਡ਼ੀ ਤਹਿਤ ਬੁੱਧਵਾਰ ਸ਼ਾਮ ਨੂੰ ਵਿਧਾਇਕ ਸੰਜੇ ਤਲਵਾਡ਼ ਦੇ ਘਰ ਦਾ ਘਿਰਾਓ ਕਰਨ ਲਈ ਮੋਹਰ ਸਿੰਘ ਨਗਰ ਸਥਿਤ ਉਨ੍ਹਾਂ ਦੀ ਕੋਠੀ ਤੱਕ ਪੁੱਜਣ ਲਈ ਪ੍ਰਦਰਸ਼ਨਕਾਰੀ ਅਧਿਆਪਕਾਂ ਦੀ ਪੁਲਸ ਨਾਲ ਜੰਮ ਕੇ ਧੱਕਾ-ਮੁੱਕੀ ਹੋਈ। ਇਸ ਦੌਰਾਨ ਹੋਈ ਖਿੱਚੋਤਾਣ ’ਚ ਇਕ-ਦੋ ਅਧਿਆਪਕਾਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ ਪਰ ਭਡ਼ਕੇ ਅਧਿਆਪਕ ਪੁਲਸ ਦੇ ਲਾਏ ਬੈਰੀਕੇਡ ਤੋਡ਼ ਕੇ ਵਿਧਾਇਕ ਤਲਵਾਡ਼ ਦੇ ਘਰ ਦਾ ਘਿਰਾਓ ਕਰਨ ’ਚ ਕਾਮਯਾਬ ਹੋ ਗਏ ਅਤੇ ਉਨ੍ਹਾਂ ਦੇ ਘਰ ਦੇ ਮੁੱਖ ਗੇਟ ’ਤੇ ਸਾਂਝਾ ਅਧਿਆਪਕ ਮੋਰਚਾ ਦਾ ਬੈਨਰ ਵੀ ਲਾ ਦਿੱਤਾ। ਹਾਲਾਂਕਿ ਇਸ ਤੋਂ ਪਹਿਲਾਂ ਏ. ਸੀ. ਪੀ. ਵਰਿਆਮ ਸਿੰਘ ਦੀ ਅਗਵਾਈ ’ਚ ਕਈ ਥਾਣਿਆਂ ਦੀ ਪੁਲਸ ਨੇ ਅਧਿਆਪਕਾਂ ਨੂੰ ਵਿਧਾਇਕ ਦੇ ਘਰ ਤੱਕ ਪੁੱਜਣ ਤੋਂ ਰੋਕਣ ਲਈ ਕਈ ਯਤਨ ਕੀਤੇ ਪਰ ਧੱਕਾ-ਮੁੱਕੀ ’ਚ ਪੁਲਸ ਦਾ ਜ਼ੋਰ ਨਹੀਂ ਚੱਲ ਸਕਿਆ। ਤਲਵਾਡ਼ ਦੇ ਘਰ ਦੇ ਬਾਹਰ ਪੁੱਜੇ ਅਧਿਆਪਕਾਂ ਨੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਪੁਲਸ ਵਲੋਂ ਰੋਕੇ ਜਾਣ ਲਈ ਕੀਤੇ ਗਏ ਯਤਨਾਂ ’ਚ ਹੋਈ ਧੱਕਾ-ਮੁੱਕੀ ਤੋਂ ਭਡ਼ਕੇ ਅਧਿਆਪਕਾਂ ਨੇ ਇਥੋਂ ਤੱਕ ਕਹਿ ਦਿੱਤਾ ਕਿ ਸਾਡੇ ਗਲ ਫਡ਼ਨ ਦੀ ਬਜਾਏ ਸਾਡੇ ਸਿਰ ਪਾਡ਼ੋ।
ਇਸ ਤੋਂ ਪਹਿਲਾਂ ਅਧਿਆਪਕ ਅਤੇ ਹੋਰ ਜਥੇਬੰਦੀਆਂ ਰੋਸ ਮਾਰਚ ਕਰਦੇ ਹੋਏ ਵਿਧਾਇਕ ਤਲਵਾਡ਼ ਦੇ ਘਰ ਤੱਕ ਪੁੱਜੀਅਾਂ।
ਇਸ ਦੌਰਾਨ ਸੰਬੋਧਨ ਕਰਦੇ ਹੋਏ ਯੂਨੀਅਨ ਦੇ ਨੇਤਾਵਾਂ ਨੇ ਕਿਹਾ ਕਿ ਜਦ ਤੱਕ ਉਨ੍ਹਾਂ ਦੀ ਮੰਗ ਪੂਰੀ ਨਹੀਂ ਹੁੰਦੀ ਤਦ ਤੱਕ ਸੰਘਰਸ਼ ਜਾਰੀ ਰਹੇਗਾ। 8 ਦਸੰਬਰ ਨੂੰ ਕਿਸਾਨ, ਮਜ਼ਦੂਰ ਅਤੇ ਹੋਰ ਜਥੇਬੰਦੀਆਂ ਸਮੇਤ ਅਧਿਆਪਕਾਂ ਵਲੋਂ ਵਿੱਤ ਮੰਤਰੀ ਅਤੇ ਸਿੱਖਿਆ ਮੰਤਰੀ ਦੇ ਹਲਕੇ ’ਚ ਸਾਂਝਾ ਅਧਿਆਪਕ ਮੋਰਚੇ ਦੇ ਬੈਨਰ ਹੇਠ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਪ੍ਰੇਰਣਾ, ਸਾਰਿਕਾ, ਮੀਨੂ ਜੈਨ, ਪੂਨਮ ਹਰਦੇਵ ਸਿੰਘ ਮੁੱਲਾਂਪੁਰ, ਮਨਰਾਜ ਸਿੰਘ, ਟਹਿਲ ਸਿੰਘ, ਗਗਨਦੀਪ ਸਿੰਘ ਰੌਂਤਾ, ਅਜੀਤਪਾਲ ਸਿੰਘ ਜੱਸੋਵਾਲ, ਪਰਵੀਨ ਕੁਮਾਰ, ਮਲਕੀਤ ਸਿੰਘ, ਸੂਰਜ ਵੀ ਮੌਜੂਦ ਸਨ।