ਅਧਿਆਪਕਾਂ ਦੀਆਂ ਤਨਖਾਹਾਂ ''ਚ ਕਟੌਤੀ ਦੇ ਰੋਸ ''ਚ ਸੰਘੇੜਾ ਵਾਸੀਆਂ ਫੂਕੀ ਪੰਜਾਬ ਸਰਕਾਰ ਦੀ ਅਰਥੀ

Friday, Oct 12, 2018 - 04:26 PM (IST)

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)— ਪੰਜਾਬ ਸਰਕਾਰ ਦੁਆਰਾ ਐੱਸ. ਐੱਸ. ਏ./ਰਮਸਾ ਅਧਿਆਪਕਾਂ ਦੀਆਂ ਤਨਖਾਹਾਂ 'ਤੇ ਕੀਤੀ 65 ਫੀਸਦੀ ਕਟੌਤੀ ਅਤੇ ਪਟਿਆਲਾ ਪੱਕੇ ਧਰਨੇ ਦੀ ਅਗਵਾਈ ਕਰ ਰਹੇ ਅਧਿਆਪਕ ਆਗੂਆਂ ਨੂੰ ਮੁਅੱਤਲ ਕਰਨ ਦੇ ਰੋਸ ਵਜੋਂ ਪਿੰਡ ਸੰਘੇੜਾ ਵਾਸੀਆਂ ਨੇ ਪੰਜਾਬ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਪੰਜਾਬ ਸਰਕਾਰ ਦੀ ਅਰਥੀ ਸਾੜੀ। ਇਸ ਮੌਕੇ ਜ਼ਿਲਾ ਮੀਤ ਪ੍ਰਧਾਨ ਕੁਲਦੀਪ ਸੰਘੇੜਾ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਅਧਿਆਪਕਾਂ ਨੂੰ ਮਾਨਸਕ ਤੇ ਆਰਥਕ ਸੰਕਟ 'ਚ  ਪਾ ਕੇ ਗਰੀਬ ਬੱਚਿਆਂ ਹੱਥੋਂ ਪੜ੍ਹਾਈ ਖੋਹਣਾ ਚਾਹੁੰਦੀ ਹੈ, ਜਦਕਿ ਉਲਟਾ ਦੋਸ਼ ਅਧਿਆਪਕਾਂ ਸਿਰ ਮੜ੍ਹ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਅਧਿਆਪਕਾਂ ਦੀਆਂ ਮੰਗਾਂ ਮੰਨ ਲਵੇ ਤਾਂ ਅਧਿਆਪਕਾਂ ਨੂੰ ਸੜਕਾਂ 'ਤੇ ਉਤਰਨਾ ਹੀ ਨਾ ਪਵੇ ਤੇ ਉਹ ਨਿਸ਼ਚਿੰਤ ਹੋ ਕੇ ਪੜ੍ਹਾ ਸਕਣ।

ਇਸ ਸਮੇਂ ਅਧਿਆਪਕ ਆਗੂ ਯਾਦਵਿੰਦਰ ਸਿੰਘ ਨੇ ਕਿਹਾ ਕਿ ਇਕ ਪਾਸੇ ਸਰਕਾਰ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਦੇ ਸੁਪਨੇ ਲੈ ਰਹੀ ਹੈ ਤੇ ਦੂਜੇ ਪਾਸੇ ਅਧਿਆਪਕਾਂ ਦੀਆਂ ਤਨਖਾਹਾਂ 'ਚ ਕਟੌਤੀਆਂ ਕਰ ਰਹੀ ਹੈ ਤੇ ਚਾਰ ਮਹੀਨਿਆਂ ਤੋਂ ਅਧਿਆਪਕ ਤਨਖਾਹਾਂ ਤੋਂ ਸੱਖਣੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਅਧਿਆਪਕਾਂ ਦੀਆਂ ਮੰਗਾਂ ਦਾ ਹੱਲ ਕਰਨ ਦੀ ਬਜਾਏ ਉਨ੍ਹਾਂ ਨੂੰ ਮੁਅੱਤਲ ਕਰ ਕੇ ਆਪਣਾ ਅਧਿਆਪਕ ਵਿਰੋਧੀ ਚਿਹਰਾ ਨੰਗਾ ਕਰ ਰਹੀ ਹੈ, ਜਿਸ ਵਿਰੁੱਧ ਹੁਣ ਬੱਚਿਆਂ ਦੇ ਮਾਪੇ, ਕਿਸਾਨ, ਮਜ਼ਦੂਰ, ਮੁਲਾਜ਼ਮ, ਵਿਦਿਆਰਥੀ ਤੇ ਇਨਕਲਾਬੀ ਇਨਸਾਫ਼ ਪਸੰਦ ਜਥੇਬੰਦੀਆਂ ਅਧਿਆਪਕਾਂ ਦੇ ਹੱਕ 'ਚ ਨਿੱਤਰ ਆਈਆਂ ਹਨ ,ਜਿਸ ਕਰਕੇ ਅਧਿਆਪਕਾਂ ਦਾ ਸੰਘਰਸ਼ ਲੋਕ ਲਹਿਰ ਬਣ ਚੁੱਕਾ ਹੈ, ਜੋ ਯਕੀਨਨ ਜਿੱਤ ਪ੍ਰਾਪਤ ਕਰੇਗਾ। ਇਸ  ਸਮੇਂ  ਉਪਰੋਕਤ ਤੋਂ ਇਲਾਵਾ ਸੋਹਣ ਸਿੰਘ, ਰਮਨਦੀਪ, ਗੁਰਪ੍ਰੀਤ ਸੰਘੇੜਾ ਤੇ ਵੱਡੀ ਗਿਣਤੀ 'ਚ ਨਗਰ ਨਿਵਾਸੀ ਤੇ ਔਰਤਾਂ ਹਾਜ਼ਰ ਸਨ।


Related News