ਅਧਿਆਪਕ ਦੀ ਬਦਲੀ ਰੁਕਵਾਉਣ ਲਈ ਪੰਚਾਇਤ ਨੇ ਦਿੱਤਾ ਧਰਨਾ

Saturday, Dec 01, 2018 - 03:23 AM (IST)

ਅਧਿਆਪਕ ਦੀ ਬਦਲੀ ਰੁਕਵਾਉਣ ਲਈ ਪੰਚਾਇਤ ਨੇ ਦਿੱਤਾ ਧਰਨਾ

ਮੰਡੀ ਘੁਬਾਇਆ, (ਕੁਲਵੰਤ)– ਪਿੰਡ ਜੋਧਾ ਭੈਣੀ ਵਿਚ ਪੈਂਦੇ ਸਰਕਾਰੀ ਮਿਡਲ ਸਕੂਲ ’ਚੋਂ ਇਕ ਮੈਥ ਤੇ ਸਾਇੰਸ ਵਿਸ਼ਾ ਪਡ਼੍ਹਾ ਰਹੇ ਅਧਿਆਪਕ ਦੀ ਬਦਲੀ ਰੁਕਵਾਉਣ ਲਈ ਪੰਚਾਇਤ ਤੇ ਬੱਚਿਅਾਂ ਦੇ ਮਾਪਿਅਾਂ ਵਲੋਂ ਸ਼ੁੱਕਰਵਾਰ  ਨੂੰ ਸਕੂਲ ਦੇ ਮੇਨ ਗੇਟ ’ਤੇ  ਸ਼ਾਂਤਮਈ ਧਰਨਾ ਦਿੱਤਾ ਗਿਆ, ਜੋ ਕਿ ਬਾਅਦ ’ਚ ਐੱਸ. ਐੱਚ. ਓ. ਤੇ ਪ੍ਰਿੰਸੀਪਲ ਵਲੋਂ ਚੁਕਵਾਇਆ ਗਿਆ। ਧਰਨੇ ’ਤੇ ਬੈਠੇ ਪਿੰਡ ਜੋਧਾ ਭੈਣੀ ਦੇ ਸਾਬਕਾ ਸਰਪੰਚ ਤੇ ਇਸ਼ਰਾ ਰਾਣੀ ਆਦਿ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਪਿੰਡ ਜੋਧਾ ਭੈਣੀ ’ਚ ਸਥਿਤ ਸਰਕਾਰੀ ਮਿਡਲ ਸਕੂਲ ’ਚ ਇਕ ਅਧਿਆਪਕ ਜੋ ਸਾਇੰਸ ਤੇ ਮੈਥ ਵਿਸ਼ਾ ਪਡ਼੍ਹਾ ਰਿਹਾ ਹੈ, ਉਸ ਦੀ ਜ਼ਬਰੀ ਬਦਲੀ ਕਿਸੇ ਹੋਰ ਸਕੂਲ ਕੀਤੀ ਜਾ ਰਹੀ ਹੈ, ਜਿਸ ਕਾਰਨ ਪਿੰਡ ਦੇ ਬੱਚਿਆਂ ਨੂੰ ਇਨ੍ਹਾਂ ਦੋਵਾਂ ਵਿਸ਼ਿਆਂ ਨੂੰ ਪਡ਼੍ਹਾਉਣ ਵਾਲਾ ਅਧਿਆਪਕ ਨਹੀਂ ਰਹਿ ਗਿਆ। ਸਰਕਾਰ ਵਲੋਂ ਗਲਤ ਨੀਤੀਆਂ ਅਪਣਾਈਆਂ ਜਾ ਰਹੀਆਂ ਹਨ, ਜਿਸ ਨਾਲ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾਡ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਪਰੋਂ ਵਿਦਿਆਰਥੀਆਂ ਦੇ ਪੱਕੇ ਪੇਪਰ ਸ਼ੁਰੂ ਹੋਣ ਵਾਲੇ ਹਨ ਤੇ ਇਸ ਤਰ੍ਹਾਂ ਕਿਸੇ ਅਧਿਆਪਕ ਦੀ ਬਦਲੀ ਕੀਤੇ ਜਾਣ ਨਾਲ ਵਿਦਿਆਰਥੀਆਂ ’ਤੇ ਮਾਡ਼ਾ ਅਸਰ ਪਵੇਗਾ। ਉਨ੍ਹਾਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਬਦਲੀ ਨੂੰ ਰੁਕਵਾਇਆ ਜਾਵੇ ਤੇ ਅਧਿਆਪਕ ਦੀ ਪੋਸਟਿੰਗ ਇੱਥੇ ਹੀ ਬਹਾਲ ਕੀਤੀ ਜਾਵੇ। ਧਰਨਾ ਚੁਕਵਾਉਣ ਲਈ ਪ੍ਰਿੰਸੀਪਲ ਓਮ ਪ੍ਰਕਾਸ਼ ਤੇ ਥਾਣਾ ਸਦਰ ਜਲਾਲਾਬਾਦ ਦੇ ਐੱਸ. ਐੱਚ. ਓ. ਭੋਲਾ ਸਿੰਘ ਪੁਲਸ ਸਮੇਤ ਪਹੁੰਚੇ ਤੇ ਸ਼ਾਂਤਮਈ ਧਰਨਾ ਦੇ ਰਹੇ ਪਿੰਡ ਵਾਸੀਆਂ ਨੂੰ ਸਮਝਾ ਕੇ ਉਨ੍ਹਾਂ ਦੀ ਮੰਗ ਮਨਵਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਤੋਂ ਇਲਾਵਾ ਧਰਨੇ ਮੌਕੇ ਸਤਪਾਲ ਸਿੰਘ, ਬਖਸ਼ੀਸ਼ ਸਿੰਘ, ਮੁਖਤਿਆਰ ਸਿੰਘ, ਹਰੀਸ਼ ਸਿੰਘ, ਬਗੀਚਾ ਸਿੰਘ, ਮੁਕੰਦ ਸਿੰਘ, ਗੁਰਮੇਜ ਸਿੰਘ, ਪਰਮਜੀਤ ਸਿੰਘ ਆਦਿ ਹਾਜ਼ਰ ਸਨ।


Related News