ਵਾਇਰਲ ਵੀਡੀਓ ਮਾਮਲੇ ''ਚ ਤਰੁਣ ਚੁੱਘ ਨੇ ਰਾਜਪਾਲ ਨੂੰ ਲਿਖਿਆ ਪੱਤਰ
Wednesday, Jun 24, 2026 - 09:09 PM (IST)
ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਅਤੇ ਰਾਜ ਸਭਾ ਮੈਂਬਰ ਤਰੁਣ ਚੁੱਘ ਨੇ ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੂੰ ਇੱਕ ਪੱਤਰ ਲਿਖ ਕੇ ਮੁੱਖ ਮੰਤਰੀ ਵਿਰੁੱਧ ਤੁਰੰਤ ਐੱਫ.ਆਈ.ਆਰ. ਦਰਜ ਕਰਨ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਯਕੀਨੀ ਬਣਾਉਣ ਦੀ ਪੁਰਜ਼ੋਰ ਮੰਗ ਕੀਤੀ ਹੈ।
ਚੁੱਘ ਨੇ ਦੋਸ਼ ਲਾਇਆ ਹੈ ਕਿ ਮੁੱਖ ਮੰਤਰੀ ਨੇ ਸਿੱਖ ਗੁਰੂਆਂ ਅਤੇ ਸਿੱਖ ਆਸਥਾ ਦਾ ਕਥਿਤ ਅਪਮਾਨ ਅਤੇ ਬੇਅਦਬੀ ਕੀਤੀ ਹੈ, ਜਿਸ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਚੁਣੌਤੀ ਦਿੱਤੀ ਹੈ। ਪੱਤਰ ਵਿਚ ਵਾਇਰਲ ਵੀਡੀਓ ਦਾ ਹਵਾਲਾ ਦਿੱਤਾ ਗਿਆ ਹੈ, ਜਿਸ ਵਿਚ ਕਥਿਤ ਤੌਰ 'ਤੇ ਭਗਵੰਤ ਸਿੰਘ ਮਾਨ ਨੂੰ ਗੁਰੂਆਂ ਦੀ ਤਸਵੀਰ ਉੱਤੇ ਸ਼ਰਾਬ ਡੋਲ੍ਹਦਿਆਂ ਦਿਖਾਇਆ ਗਿਆ ਹੈ। ਇਸ ਵੀਡੀਓ ਦਾ ਨੋਟਿਸ ਲੈਂਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮੁੱਖ ਮੰਤਰੀ ਨੂੰ ਸਪੱਸ਼ਟੀਕਰਨ ਲਈ ਤਲਬ ਕੀਤਾ ਸੀ। ਜਥੇਦਾਰ ਅਨੁਸਾਰ, ਮੁੱਖ ਮੰਤਰੀ ਵੱਲੋਂ ਵੀਡੀਓ ਨੂੰ ਨਕਾਰਨ ਤੋਂ ਬਾਅਦ ਜਦੋਂ ਸੁਤੰਤਰ ਜਾਂਚ ਕਰਵਾਈ ਗਈ ਤਾਂ ਇਹ ਸੱਚਾਈ ਸਾਹਮਣੇ ਆਈ ਕਿ ਵੀਡੀਓ ਵਿੱਚਲਾ ਵਿਅਕਤੀ ਭਗਵੰਤ ਮਾਨ ਹੀ ਹੈ। ਇਸ ਦੇ ਸਿੱਟੇ ਵਜੋਂ, ਪੰਜ ਸਿੰਘ ਸਾਹਿਬਾਨ ਨੇ ਉਨ੍ਹਾਂ ਨੂੰ "ਗੁਰੂ ਦੋਖੀ" ਅਤੇ "ਪੰਥ ਦੋਖੀ" ਐਲਾਨ ਦਿੱਤਾ ਹੈ।
ਤਰੁਣ ਚੁੱਘ ਨੇ ਆਪਣੇ ਪੱਤਰ ਵਿਚ ਕਿਹਾ ਕਿ ਇਹ ਮਾਮਲਾ ਅਪ੍ਰੈਲ 2026 ਵਿੱਚ ਲਾਗੂ ਹੋਏ "ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ, 2026" ਦੇ ਦਾਇਰੇ ਵਿਚ ਆਉਂਦਾ ਹੈ, ਜਿਸ ਤਹਿਤ ਬੇਅਦਬੀ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਦਾ ਪ੍ਰਬੰਧ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਅਜਿਹੇ ਦੋਸ਼ਾਂ ਤੋਂ ਬਾਅਦ ਵੀ ਭਗਵੰਤ ਮਾਨ ਦਾ ਮੁੱਖ ਮੰਤਰੀ ਦੇ ਅਹੁਦੇ 'ਤੇ ਬਣੇ ਰਹਿਣਾ ਪੰਜਾਬ ਦੀ ਅਮਨ-ਕਾਨੂੰਨ ਦੀ ਸਥਿਤੀ ਤੇ ਸਮਾਜਿਕ ਸਦਭਾਵਨਾ ਲਈ ਅਤਿ ਖ਼ਤਰਨਾਕ ਹੈ।
ਚੁੱਘ ਨੇ ਰਾਜਪਾਲ ਅਤੇ ਪੰਜਾਬ ਪੁਲਸ ਦੇ ਡੀਜੀਪੀ ਗੌਰਵ ਯਾਦਵ ਨੂੰ ਅਪੀਲ ਕੀਤੀ ਹੈ ਕਿ ਵਿਸ਼ਵ ਭਰ ਦੀਆਂ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਸ਼ਾਂਤ ਕਰਨ ਲਈ ਇਸ ਸੰਵੇਦਨਸ਼ੀਲ ਮਾਮਲੇ 'ਤੇ ਤੁਰੰਤ ਐਕਸ਼ਨ ਲਿਆ ਜਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
