ਡਾ. ਇਕਬਾਲ ਸਿੰਘ ਲਾਲਪੁਰਾ ਵੱਲੋਂ ਉਤਰਾਖੰਡ ਦੀ ਘਟਨਾ ਦੀ ਨਿਰਪੱਖ ਜਾਂਚ ਲਈ ਰਾਜਪਾਲ ਦੇ ਦਖਲ ਦੀ ਮੰਗ
Monday, Jun 22, 2026 - 07:49 PM (IST)
ਵੈੱਬ ਡੈਸਕ : ਭਾਰਤ ਸਰਕਾਰ ਦੇ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਅਤੇ ਸਾਬਕਾ ਆਈ.ਪੀ.ਐੱਸ. ਅਧਿਕਾਰੀ ਡਾ. ਇਕਬਾਲ ਸਿੰਘ ਲਾਲਪੁਰਾ ਨੇ ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਕਰਨਪ੍ਰਯਾਗ ਵਿਚ ਨਿਹੰਗ ਸਿੱਖਾਂ ਅਤੇ ਸਥਾਨਕ ਨਿਵਾਸੀਆਂ ਵਿਚਕਾਰ ਹੋਈ ਤਾਜ਼ਾ ਝੜਪ ਦੇ ਸਬੰਧ ਵਿੱਚ ਰਾਜਪਾਲ ਨੂੰ ਪੱਤਰ ਲਿਖ ਕੇ ਤੁਰੰਤ ਦਖਲ ਦੇਣ ਅਤੇ ਰਾਜ ਸਰਕਾਰ ਨੂੰ ਉਚਿਤ ਨਿਰਦੇਸ਼ ਦੇਣ ਦੀ ਮੰਗ ਕੀਤੀ ਹੈ।
ਇਸ ਮੰਦਭਾਗੀ ਘਟਨਾ 'ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਡਾ. ਲਾਲਪੁਰਾ ਨੇ ਕਿਹਾ ਕਿ ਜੋ ਕਥਿਤ ਤੌਰ 'ਤੇ ਸੜਕੀ ਝਗੜੇ ਅਤੇ ਪਾਰਕਿੰਗ ਵਿਵਾਦ ਵਜੋਂ ਸ਼ੁਰੂ ਹੋਇਆ ਸੀ, ਉਸ ਨੇ ਹੁਣ ਚਿੰਤਾਜਨਕ ਰੂਪ ਲੈ ਲਿਆ ਹੈ, ਜਿਸ ਨਾਲ ਦੇਸ਼ ਭਰ ਦੇ ਸਿੱਖ ਭਾਈਚਾਰੇ ਵਿੱਚ ਖਦਸ਼ੇ ਅਤੇ ਗਲਤਫਹਿਮੀਆਂ ਪੈਦਾ ਹੋ ਗਈਆਂ ਹਨ। ਨਿਹੰਗ ਭਾਈਚਾਰੇ ਅਨੁਸਾਰ, ਉਨ੍ਹਾਂ 'ਤੇ ਪਹਿਲਾਂ ਹਮਲਾ ਕੀਤਾ ਗਿਆ ਸੀ ਅਤੇ ਉਨ੍ਹਾਂ ਨੇ ਸਿਰਫ਼ ਸਵੈ-ਰੱਖਿਆ ਵਿੱਚ ਜਵਾਬ ਦਿੱਤਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਨਿਰਪੱਖ ਜਾਂਚ ਕਰਨ ਦੀ ਬਜਾਏ ਸਥਾਨਕ ਪੁਲਸ ਨੇ ਨਿਹੰਗ ਸਿੱਖਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਨ੍ਹਾਂ ਦੇ ਰਵਾਇਤੀ ਸ਼ਸਤਰ ਜ਼ਬਤ ਕਰ ਲਏ।
ਡਾ. ਲਾਲਪੁਰਾ ਨੇ ਕਿਹਾ ਕਿ ਸਿੱਖ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਐਕਟ, 1992 ਤਹਿਤ ਇੱਕ ਨੋਟੀਫਾਈਡ ਘੱਟ ਗਿਣਤੀ ਭਾਈਚਾਰਾ ਹਨ। ਭਾਰਤ ਦੇ ਸੰਵਿਧਾਨ ਦੀ ਧਾਰਾ 25 ਵਿਸ਼ੇਸ਼ ਤੌਰ 'ਤੇ ਸਿੱਖਾਂ ਨੂੰ ਉਨ੍ਹਾਂ ਦੇ ਵਿਸ਼ਵਾਸ ਦੇ ਹਿੱਸੇ ਵਜੋਂ ਕਿਰਪਾਨ ਰੱਖਣ ਦਾ ਅਧਿਕਾਰ ਦਿੰਦੀ ਹੈ। ਨਿਹੰਗ ਸਿੱਖ ਆਪਣੀ ਜੰਗੀ ਵਿਰਾਸਤ ਦੇ ਹਿੱਸੇ ਵਜੋਂ ਬਰਛੇ ਅਤੇ ਹੋਰ ਰਵਾਇਤੀ ਸ਼ਸਤਰ ਰੱਖਦੇ ਹਨ, ਜਿਨ੍ਹਾਂ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਚਿੰਤਾ ਜਤਾਈ ਕਿ ਪੁਲਸ ਦੀ ਕਾਰਵਾਈ ਨੇ ਜਨਤਕ ਰੋਸ ਪੈਦਾ ਕੀਤਾ ਹੈ ਅਤੇ ਇਸ ਸਥਾਨਕ ਝਗੜੇ ਨੂੰ ਸਿੱਖ ਘੱਟ ਗਿਣਤੀ ਦੇ ਹਮਲੇ ਵਜੋਂ ਪੇਸ਼ ਕੀਤਾ ਜਾ ਰਿਹਾ ਹੈ, ਜੋ ਕਿ ਫਿਰਕੂ ਸਦਭਾਵਨਾ ਅਤੇ ਉਤਰਾਖੰਡ ਦੇ ਲੋਕਾਂ ਨਾਲ ਸਦੀਆਂ ਪੁਰਾਣੇ ਭਾਈਚਾਰਕ ਸਬੰਧਾਂ ਲਈ ਨੁਕਸਾਨਦੇਹ ਹੈ। ਉਨ੍ਹਾਂ ਯਾਦ ਕਰਵਾਇਆ ਕਿ ਦੇਹਰਾਦੂਨ ਦੀ ਇਤਿਹਾਸਕ ਪਛਾਣ ਸੱਤਵੇਂ ਸਿੱਖ ਗੁਰੂ, ਸ੍ਰੀ ਗੁਰੂ ਹਰਿਰਾਇ ਜੀ ਦੇ ਸਪੁੱਤਰ ਗੁਰੂ ਰਾਮ ਰਾਏ ਜੀ ਨਾਲ ਜੁੜੀ ਹੋਈ ਹੈ।
ਉਨ੍ਹਾਂ ਮੰਗ ਕੀਤੀ ਕਿ ਇੰਸਪੈਕਟਰ ਜਨਰਲ (IG) ਜਾਂ ਉਸ ਤੋਂ ਉੱਚੇ ਪੱਧਰ ਦੇ ਅਧਿਕਾਰੀਆਂ ਦੁਆਰਾ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ। ਸਥਾਨਕ ਨਿਵਾਸੀਆਂ ਅਤੇ ਪੁਲਸ ਦੀ ਭੂਮਿਕਾ ਦੀ ਜਾਂਚ ਕਰਕੇ ਸਿਰਫ ਸਬੂਤਾਂ ਦੇ ਅਧਾਰ 'ਤੇ ਜ਼ਿੰਮੇਵਾਰੀ ਤੈਅ ਕੀਤੀ ਜਾਵੇ। ਸੋਸ਼ਲ ਮੀਡੀਆ ਪੋਸਟਾਂ, ਵੀਡੀਓਜ਼ ਅਤੇ ਸੀਸੀਟੀਵੀ ਫੁਟੇਜ ਵਰਗੇ ਡਿਜੀਟਲ ਸਬੂਤਾਂ ਦੀ ਜਾਂਚ ਕੀਤੀ ਜਾਵੇ। ਘਟਨਾ ਨੂੰ ਫਿਰਕੂ ਰੰਗਤ ਦੇਣ ਤੋਂ ਰੋਕਣ ਲਈ ਵਿਸ਼ਵਾਸ ਬਹਾਲੀ ਦੇ ਕਦਮ ਚੁੱਕੇ ਜਾਣ। ਇਸ ਦੇ ਨਾਲ ਹੀ ਪ੍ਰਸ਼ਾਸਨ ਅਤੇ ਧਾਰਮਿਕ ਆਗੂਆਂ ਦੇ ਸਹਿਯੋਗ ਨਾਲ ਦੋਵਾਂ ਧਿਰਾਂ ਵਿਚਕਾਰ ਸੰਵਾਦ ਅਤੇ ਸੁਲ੍ਹਾ ਕਰਵਾਈ ਜਾਵੇ।
ਡਾ. ਲਾਲਪੁਰਾ ਨੇ ਅਪੀਲ ਕੀਤੀ ਕਿ ਇਨਸਾਫ਼ ਨਾ ਸਿਰਫ਼ ਹੋਣਾ ਚਾਹੀਦਾ ਹੈ ਬਲਕਿ ਹੁੰਦਾ ਦਿਖਾਈ ਵੀ ਦੇਣਾ ਚਾਹੀਦਾ ਹੈ। ਇਸ ਪੱਤਰ ਦੀਆਂ ਕਾਪੀਆਂ ਉਤਰਾਖੰਡ ਦੇ ਮੁੱਖ ਮੰਤਰੀ, ਮੁੱਖ ਸਕੱਤਰ ਅਤੇ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਸਕੱਤਰ ਨੂੰ ਵੀ ਭੇਜੀਆਂ ਗਈਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
