ਕਥਿਤ ਵੀਡੀਓ ਮਾਮਲੇ ''ਤੇ ਭਾਜਪਾ ਹਮਲਾਵਰ, ਜਾਖੜ ਦੀ ਮੁੱਖ ਮੰਤਰੀ ਅਸਤੀਫੇ ਦੀ ਚੁਣੌਤੀ
Wednesday, Jun 24, 2026 - 06:27 PM (IST)
ਚੰਡੀਗੜ੍ਹ : ਭਾਜਪਾ ਨੇ ਕਥਿਤ ਵੀਡੀਓ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੰਮੇ ਹੱਥੀਂ ਲਿਆ ਹੈ। ਭਾਜਪਾ ਆਗੂ ਸੁਨੀਲ ਜਾਖੜ ਨੇ ਕਿਹਾ ਹੈ ਕਿ ਸਬੰਧਤ ਵੀਡੀਓ ਕੋਈ ਸਿਆਸੀ ਮੁੱਦਾ ਨਹੀਂ ਹੈ, ਸਗੋਂ ਨਾਨਕ ਨਾਮ ਲੇਵਾ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਇਕ ਗੰਭੀਰ ਮਾਮਲਾ ਹੈ। "ਸੱਤਾ ਦੇ ਨਸ਼ੇ ਵਿਚ ਚੂਰ ਮੁੱਖ ਮੰਤਰੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚੁਣੌਤੀ ਦੇ ਰਹੇ ਹਨ। ਮੁੱਖ ਮੰਤਰੀ ਦੀ ਵਾਇਰਲ ਵੀਡੀਓ ਦਾ ਮੁੱਦਾ ਬਿਲਕੁਲ ਵੀ ਸਿਆਸੀ ਨਹੀਂ ਹੈ, ਸਗੋਂ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ। ਇਹ ਨਾਨਕ ਨਾਮ ਲੇਵਾ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਨਾਲ ਸਬੰਧਤ ਮਾਮਲਾ ਹੈ। ਅਸਲ ਮੁੱਦਾ ਇਹ ਹੈ ਕਿ ਕਿਵੇਂ ਇਕ ਹੰਕਾਰੀ ਵਿਅਕਤੀ ਸਰਵਉੱਚ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚੁਣੌਤੀ ਦੇ ਰਿਹਾ ਹੈ।
ਜਾਖੜ ਨੇ ਟਵੀਟ ਕਰਦਿਆਂ ਕਿਹਾ ਕਿ ਇੰਨਾ ਕੁੱਝ ਵਾਪਰਨ ਦੇ ਬਾਵਜੂਦ ਵੀ ਜੇਕਰ ਗੁਰੂ ਸਾਹਿਬਾਨ ਦੀ ਬੇਅਦਬੀ ਕਰਨ ਵਾਲਾ ਵਿਅਕਤੀ ਗੁਰੂਆਂ ਦੀ ਧਰਤੀ 'ਤੇ ਸੱਤਾ ਵਿਚ ਬਣਿਆ ਰਹਿੰਦਾ ਹੈ ਤਾਂ ਅਸੀਂ ਆਪਣੇ ਧਰਮ ਖਿਲਾਫ ਦੁਨੀਆ ਭਰ ਵਿਚ ਪੈਦਾ ਹੋਣ ਵਾਲੀਆਂ ਚੁਣੌਤੀਆਂ ਖ਼ਿਲਾਫ਼ ਆਵਾਜ਼ ਕਿਵੇਂ ਬੁਲੰਦ ਕਰ ਸਕਾਂਗੇ? ਉਨ੍ਹਾਂ ਸਵਾਲ ਕੀਤਾ ਕਿ ਇਹ ਕੁਝ ਅਜਿਹਾ ਹੈ ਜਿਸ 'ਤੇ ਪੰਜਾਬ ਨੂੰ ਵਿਚਾਰ ਕਰਨ ਦੀ ਲੋੜ ਹੈ। ਕੀ ਕੋਈ ਸਿੱਖ ਇਸ ਨੂੰ ਬਰਦਾਸ਼ਤ ਕਰ ਸਕਦਾ ਹੈ?" ਜਾਖੜ ਨੇ ਚੁਣੌਤੀ ਦਿੰਦਿਆਂ ਕਿਹਾ ਕਿ ਮਾਨ ਜੀ, ਜੇਕਰ ਤੁਸੀਂ ਫੈਸਲਾ ਜਨਤਾ 'ਤੇ ਛੱਡਣਾ ਚਾਹੁੰਦੇ ਹੋ ਤਾਂ ਜਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਚ ਲੋਕਾਂ ਤੋਂ ਫਤਵਾ ਮੰਗਿਆ ਸੀ ਅਤੇ ਲੋਕਾਂ ਨੇ ਉਨ੍ਹਾਂ ਨੂੰ ਘਰ ਭੇਜ ਦਿੱਤਾ, ਇਸੇ ਤਰ੍ਹਾਂ ਤੁਹਾਨੂੰ ਵੀ ਅਸਤੀਫਾ ਦੇ ਕੇ ਲੋਕਾਂ ਦੀ ਕਚਹਿਰੀ ਵਿਚ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ "ਗੁਰੂ ਦੇ ਸਿੱਖ ਇਸ ਸਿੱਖਿਆ ਦਾ ਪਾਲਣ ਕਰਦੇ ਹਨ, 'ਸੀਸ ਦੀਆ ਪਰ ਸਿਰਰੁ ਨ ਦੀਆ' ('ਕੋਈ ਆਪਣਾ ਸਿਰ ਦੇ ਸਕਦਾ ਹੈ ਪਰ ਆਪਣੇ ਅਸੂਲ ਜਾਂ ਅਣਖ ਦਾ ਸਮਝੌਤਾ ਕਦੇ ਨਹੀਂ ਕਰਦਾ')। ਇਸ ਬਜਰ ਗੁਨਾਹ ਤੋਂ ਅਹੁਦੇ ਦੀ ਤਾਕਤ ਰਾਹੀਂ ਬਚਿਆ ਨਹੀਂ ਜਾ ਸਕਦਾ। ਇੱਕ ਸਿੱਖ ਲਈ ਗੁਰੂ ਤੋਂ ਉੱਪਰ ਕੋਈ ਨਹੀਂ ਹੈ।
ਕੀ ਕਹਿਣਾ ਹੈ ਆਮ ਆਦਮੀ ਪਾਰਟੀ ਦਾ
ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਇਸ ਵੀਡੀਓ ਨੂੰ ਪੂਰੀ ਤਰ੍ਹਾਂ ਫਰਜ਼ਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਸ ਵੀਡੀਓ ਰਾਹੀਂ ਮੁੱਖ ਮੰਤਰੀ ਦੀ ਕਿਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਆਖਿਆ ਹੈ ਕਿ ਉਹ ਸ੍ਰੀ ਅਕਾਲ ਤਖ਼ਤ ਨੂੰ ਸਰਬ ਉੱਚ ਮੰਨਦੇ ਹਨ ਤੇ ਹੁਣ ਉਹ ਸੰਗਤ ਦੀ ਕਚਹਿਰੀ ਵਿਚ ਹਨ ਆਖਰੀ ਫੈਸਲਾ ਸੰਗਤ ਨੇ ਕਰਨਾ ਹੈ।
