ਤਪਾ ਹਸਪਤਾਲ ''ਚ ਐੱਸ.ਐੱਮ.ਓ. ਸਣੇ 55 ਸਿਹਤ ਕਰਮਚਾਰੀਆਂ ਨੂੰ ਦਿੱਤੀ ਕੋਵਿਡ ਵੈਕਸੀਨ

01/22/2021 6:24:34 PM

ਤਪਾ ਮੰਡੀ (ਸ਼ਾਮ,ਗਰਗ): ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਤੇ ਸਿਵਲ ਸਰਜਨ ਬਰਨਾਲਾ ਡਾ. ਹਰਿੰਦਰਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਬੀਰ ਸਿੰਘ ਔਲਖ ਦੀ ਅਗਵਾਈ ਵਿਚ ਮੈਡੀਕਲ ਤੇ ਪੈਰਾਮੈਡੀਕਲ ਸਟਾਫ ਦੇ 55 ਲਾਭਪਾਤਰੀਆਂ ਨੂੰ ਸਬ-ਡਵੀਜ਼ਨਲ ਹਸਪਤਾਲ ਤਪਾ ਵਿਖੇ ਕੋਵਿਡ-19 ਵੈਕਸੀਨ ਦੀ ਪਹਿਲੀ ਖੁਰਾਕ ਦਿੱਤੀ ਗਈ ਹੈ। ਐਸ.ਐਮ.ਓ. ਡਾ. ਜਸਬੀਰ ਸਿੰਘ ਔਲਖ ਨੇ ਖੁਦ ਆਪਣੇ ਵੈਕਸੀਨ ਲਗਵਾ ਕੇ ਅੱਜ ਸਟਾਫ ਨੂੰ ਜਾਗਰੂਕ ਕੀਤਾ ਅਤੇ ਹਸਪਤਾਲ ਵਿਖੇ ਤਾਇਨਾਤ ਫਰੰਟ ਲਾਈਨ 'ਤੇ ਕੰਮ ਕਰ ਰਹੇ ਸਮੂਹ ਡਾਕਟਰਾਂ ਤੋਂ ਇਲਾਵਾ ਨਰਸਿੰਗ, ਪੈਰਾਮੈਡੀਕਲ ਤੇ ਕਲੈਰੀਕਲ ਸਟਾਫ਼ ਨੂੰ ਵੈਕਸੀਨ ਦਿੱਤੀ ਗਈ।

ਐਸ.ਐਮ.ਓ. ਡਾ. ਜਸਬੀਰ ਸਿੰਘ ਔਲਖ ਤੇ ਬਲਾਕ ਐਕਸਟੈਨਸ਼ਨ ਐਜੂਕੇਟਰ ਗੌਤਮ ਰਿਸ਼ੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲੇ ਦਿਨ ਪੰਜ ਸਿਹਤ ਕਰਮਚਾਰੀਆਂ ਨੂੰ ਵੈਕਸੀਨ ਦਿੱਤੀ ਸੀ ਅਤੇ ਅੱਜ ਤੱਕ ਹਸਪਤਾਲ ਵਿਖੇ ਤਾਇਨਾਤ 55 ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵੈਕਸੀਨ ਦਿੱਤੀ ਗਈ ਹੈ। ਇਸ ਤੋਂ ਇਲਾਵਾ ਬਲਾਕ ਅਧੀਨ ਕਮਿਊਨਿਟੀ ਹੈਲਥ ਸੈਂਟਰ ਭਦੌੜ ਵਿਖੇ ਵੀ ਐਸ.ਐਮ.ਓ. ਡਾ. ਪ੍ਰਵੇਸ਼ ਕੁਮਾਰ ਸਮੇਤ 12 ਕਰਮਚਾਰੀਆਂ ਨੂੰ ਕੋਵਿਡ-19 ਵੈਕਸੀਨ ਦਿੱਤੀ ਗਈ ਹੈ। ਉਨ੍ਹਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਵੈਕਸੀਨ ਬਿਲਕੁਲ ਸੁਰੱਖਿਅਤ ਹੈ ਅਤੇ ਹਸਪਤਾਲ ਵਿਚ ਦਿੱਤੀ ਵੈਕਸੀਨ ਦੌਰਾਨ ਕੋਈ ਦੁਰਪ੍ਰਭਾਵ ਸਾਹਮਣੇ ਨਹੀਂ ਆਇਆ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਘਬਰਾਉਣਾ ਜਾਂ ਅਫਵਾਹਾਂ 'ਤੇ ਅਮਲ ਨਹੀਂ ਕਰਨਾ ਚਾਹੀਦਾ। ਉਨ੍ਹਾਂ ਦੱਸਿਆ ਕਿ ਰਜਿਸਟ੍ਰੇਸ਼ਨ ਉਪਰੰਤ ਟੀਕਾਕਰਨ ਕਮਰੇ ਵਿਚ ਵੈਕਸੀਨ ਦਿੱਤੀ ਗਈ ਅਤੇ ਇਸ ਦੌਰਾਨ ਕੋਵਿਡ-19 ਸਬੰਧੀ ਮਾਸਕ, ਸੈਨੇਟਾਈਜਰ ਦੀ ਵਰਤੋਂ ਤੇ ਸਰੀਰਕ ਦੂਰੀ ਬਣਾ ਕੇ ਰੱਖਣ ਦੇ ਨਿਯਮ ਵੀ ਅਪਣਾਏ ਜਾ ਰਹੇ ਹਨ। ਟੀਕਾਕਰਨ ਵਿਧੀ ਤੋਂ ਬਾਅਦ ਅੱਧਾ ਘੰਟਾ ਅਬਜ਼ਰਵੇਸ਼ਨ ਰੂਮ ਵਿਚ ਰੱਖਿਆ ਗਿਆ। ਵੈਕਸੀਨ ਮਿਲਣ ਉਪਰੰਤ ਪ੍ਰਭਾਵ ਦੇ ਮੱਦੇਨਜ਼ਰ ਵਿਸ਼ੇਸ਼ ਏ.ਈ.ਐਫ.ਆਈ. ਕਿੱਟ ਤੇ ਮਾਹਰ ਡਾਕਟਰ ਦੀ ਅਗਵਾਈ ਵਿਚ ਐਮਰਜੈਂਸੀ ਮੈਨੇਜਮੈਂਟ ਟੀਮ ਵੀ ਤਾਇਨਾਤ ਕੀਤੀ ਗਈ ਹੈ।


Shyna

Content Editor

Related News