ਰਾਹਤ ਭਰੀ ਖਬਰ: ਤਪਾ ਹਸਪਤਾਲ ਵਲੋਂ ਲਏ 1095 ਸੈਂਪਲ ''ਚੋਂ 930 ਆਏ ਨੈਗੇਟਿਵ

Thursday, Jun 11, 2020 - 05:02 PM (IST)

ਰਾਹਤ ਭਰੀ ਖਬਰ: ਤਪਾ ਹਸਪਤਾਲ ਵਲੋਂ ਲਏ 1095 ਸੈਂਪਲ ''ਚੋਂ 930 ਆਏ ਨੈਗੇਟਿਵ

ਤਪਾ ਮੰਡੀ (ਸ਼ਾਮ,ਗਰਗ): ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਤੇ ਸਿਵਲ ਸਰਜਨ ਬਰਨਾਲਾ ਡਾ. ਗੁਰਿੰਦਰਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਜਸਬੀਰ ਸਿੰਘ ਔਲਖ ਦੀ ਅਗਵਾਈ 'ਚ ਸਬ-ਡਵੀਜ਼ਨਲ ਹਸਪਤਾਲ ਸਮੇਤ ਬਲਾਕ ਅਧੀਨ ਕੋਵਿਡ-19 ਦੇ ਅੱਜ ਤੱਕ 1095 ਸੈਂਪਲ ਲਏ ਗਏ ਹਨ, ਜਿਨ੍ਹਾਂ 'ਚੋਂ 930 ਵਿਅਕਤੀਆਂ ਦੇ ਸੈਂਪਲ ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ,ਜਦਕਿ ਬੀਤੇ ਕੱਲ•ਤੇ ਅੱਜ ਲਏ 163 ਸੈਂਪਲ ਦਾ ਰਿਜ਼ਲਟ ਆਉਣਾ ਬਾਕੀ ਹੈ। ਡਾ. ਜਸਬੀਰ ਸਿੰਘ ਔਲਖ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਾਕ ਅਧੀਨ ਇਨਫਲੂਇੰਜਾ ਲਾਈਕ ਇਲਨੈੱਸ ਘਰ-ਘਰ ਸਰਵੇ ਦੌਰਾਨ ਖਾਂਸੀ, ਜ਼ੁਕਾਮ ਤੇ ਬੁਖਾਰ ਦੇ ਮਰੀਜਾਂ, ਬਾਹਰਲੇ ਸੂਬਿਆਂ ਤੋਂ ਆਏ ਵਿਅਕਤੀਆਂ ਅਤੇ ਫਰੰਟ ਲਾਈਨ ਕਰਮਚਾਰੀਆਂ, ਏਐੱਨਐਮਜ਼, ਆਸ਼ਾ ਵਰਕਰਾਂ ਤੇ ਪੁਲਸ ਮੁਲਾਜ਼ਮਾਂ ਦੇ ਕੋਵਿਡ-19 ਅਧੀਨ ਟੈਸਟ ਹਸਪਤਾਲ ਦੇ ਸੈਂਪਲ ਕੁਲੈਕਸ਼ਨ ਸੈਂਟਰ ਵਿਖੇ ਲਗਾਤਾਰ ਕੀਤੇ ਜਾ ਰਹੇ ਹਨ। ਕੰਨ, ਨੱਕ ਤੇ ਗਲੇ ਦੇ ਮਾਹਰ ਡਾ. ਬਿਕਰਮਜੀਤ ਸਿੰਘ ਤੇ ਅੱਖਾਂ ਦੇ ਮਾਹਰ ਡਾ. ਗੁਰਸਿਮਰਨਜੀਤ ਸਿੰਘ, ਲੈਬੋਰੇਟਰੀ ਤਕਨੀਸ਼ੀਅਨ ਸੁਮਨਦੀਪ ਸਿੰਘ ਤੇ ਬਲਹਾਰ ਸਿੰਘ ਵਲੋਂ ਸੈਂਪਲ ਲਏ ਜਾ ਰਹੇ ਹਨ।

ਕਮਿਊਨਿਟੀ ਹੈਲਥ ਸੈਂਟਰ ਭਦੌੜ ਵਿਖੇ ਡਾ. ਸਤਵੰਤ ਸਿੰਘ ਬਾਵਾ ਤੇ ਡਾ. ਬਿਕਰਮਜੀਤ ਸਿੰਘ ਵਲੋਂ ਸੈਂਪਲ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਬਲਾਕ ਵਿਚ ਮੈਡੀਕਲ ਅਫਸਰ ਦੀ ਅਗਵਾਈ ਵਿਚ ਪੰਜ ਰੈਪਿਡ ਰਿਸਪਾਂਸ ਟੀਮਾਂ ਅਤੇ ਫਲੂ ਕਾਰਨਰ ਵਿਖੇ ਚੌਕਸੀ ਵਰਤੀ ਜਾ ਰਹੀ ਹੈ। ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫਸਰ ਪਵਨ ਕੁਮਾਰ ਅਤੇ ਬਲਾਕ ਐਕਸਟੈਨਸ਼ਨ ਐਜੂਕੇਟਰ ਗੌਤਮ ਰਿਸ਼ੀ ਵਲੋਂ ਸੈਂਪਲ ਲਈ ਆਏ ਵਿਅਕਤੀਆਂ ਤੇ ਮਰੀਜ਼ਾਂ ਨੂੰ ਸਿਹਤਮੰਦ ਰਹਿਣ ਤੇ ਕੋਵਿਡ-19 ਦੇ ਪ੍ਰਭਾਵ ਤੋਂ ਬਚਾਅ ਹਿਤ ਜਾਗਰੂਕਤਾ ਤੇ ਕੌਂਸਲਿੰਗ ਕੀਤੀ ਗਈ, ਜਿਸ ਦੌਰਾਨ ਉਨ੍ਹਾਂ ਨੂੰ ਸਰੀਰਕ ਦੂਰੀ ਬਣਾਕੇ ਰੱਖਣ,ਖਾਂਸੀ ਕਰਦੇ ਜਾ ਛਿੱਕਣ ਵੇਲੇ ਨੱਕ ਤੇ ਮੂੰਹ ਮਾਸਕ ਜਾਂ ਰੁਮਾਲ ਨਾਲ ਚੰਗੀ ਤਰ੍ਹਾਂ ਢੱਕ ਕੇ ਰੱਖਣ, ਹੱਥ ਮਿਲਾਉਣ ਤੋਂ ਪਰਹੇਜ਼ ਕਰਨ, ਆਪਣੇ ਹੱਥਾਂ ਨੂੰ ਦਿਨ ਵਿਚ ਕਈ ਵਾਰ ਚੰਗੀ ਤਰ੍ਹਾਂ ਸਾਬਣ ਤੇ ਸਾਫ ਪਾਣੀ ਜਾਂ ਸੈਨੀਟਾਈਜਰ ਨਾਲ ਧੌਂਦੇ ਰਹਿਣ ਬਾਰੇ ਵੀ ਦੱਸਿਆ ਗਿਆ। ਮੈਡੀਕਲ ਟੀਮ ਵਲੋਂ ਸੈਂਪਲ ਲੈਣ ਮੌਕੇ ਸੋਸ਼ਲ ਡਿਸਟੈਂਸਿੰਗ ਤੇ ਮੂੰਹ ਢਕ ਕੇ ਰੱਖੇ ਹੋਣ ਬਾਰੇ ਖਾਸ ਧਿਆਨ ਰੱਖਿਆ ਗਿਆ।


author

Shyna

Content Editor

Related News