ਹੈਰੀਟੇਜ ਸਟਰੀਟ 'ਚ ਲੱਗੇ ਬੁੱਤ ਹਟਾਉਣ 'ਤੇ ਦਾਦੂਵਾਲ ਨੇ ਕੀਤਾ ਕੈਪਟਨ ਦਾ ਧੰਨਵਾਦ

01/30/2020 12:12:41 PM

ਤਲਵੰਡੀ ਸਾਬੋ (ਮਨੀਸ਼) : ਸ੍ਰੀ ਹਰਿਮੰਦਰ ਸਾਹਿਬ ਦੇ ਰਸਤੇ ਵਿਚ ਬਣੀ ਹੈਰੀਟੇਜ ਸਟਰੀਟ ਵਿਚ ਲੱਗੇ ਵਿਵਾਦਤ ਬੁੱਤਾਂ ਨੂੰ ਹਟਾਉਣ ਅਤੇ ਇਨ੍ਹਾਂ ਬੁੱਤਾਂ ਨੂੰ ਤੋੜਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤੇ ਗਏ ਸਿੱਖ ਨੌਜਵਾਨਾਂ ਨੂੰ ਰਿਹਾਅ ਕਰਨ ਦੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਹੁਕਮ 'ਤੇ ਸਰਬੱਤ ਖਾਲਸਾ ਵੱਲੋਂ ਥਾਪੇ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਸਰਕਾਰ ਦਾ ਧੰਨਵਾਦ ਕਰਦੇ ਹੋਏ ਸਿੱਖ ਸੰਗਤਾਂ ਨੂੰ ਵਧਾਈ ਦਿੱਤੀ ਹੈ ਅਤੇ ਇਸ ਨੂੰ ਸਿੱਖ ਕੌਮ ਦੀ ਜਿੱਤ ਕਰਾਰ ਦਿੱਤਾ ਹੈ। ਦਾਦੂਵਾਲ ਦਾ ਕਹਿਣਾ ਹੈ ਕਿ ਇਹ ਬੁੱਤ ਸ੍ਰੀ ਹਰਿਮੰਦਰ ਸਾਹਿਬ ਦੇ ਰਸਤੇ ਵਿਚ ਲੱਗਣੇ ਹੀ ਨਹੀਂ ਸੀ ਚਾਹੀਦੇ, ਕਿਉਂਕਿ ਇਨ੍ਹਾਂ ਬੁੱਤਾਂ ਦਾ ਸ੍ਰੀ ਹਰਿਮੰਦਰ ਸਾਹਿਬ ਦੀ ਰੁਹਾਨੀਅਤ ਨਾਲ ਕੋਈ ਸਬੰਧ ਨਹੀਂ ਸੀ। ਉਨ੍ਹਾਂ ਕਿਹਾ ਕਿ ਸਿੱਖ ਕਲਚਰ ਅਤੇ ਪੰਜਾਬੀ ਕਲਚਰ ਵਿਚ ਬਹੁਤ ਫਰਕ ਹੈ। ਉਨ੍ਹਾਂ ਕਿਹਾ ਕਿ ਗਿੱਧੇ ਭੰਗੜੇ ਦੇ ਬੁੱਤ ਲਾਉਣ ਦੀ ਬਜਾਏ ਉਥੇ ਸਿੱਖ ਯੋਧਿਆਂ ਦੇ ਬੁੱਤ ਲਗਾਏ ਜਾ ਸਕਦੇ ਸਨ। ਦਾਦੂਵਾਲ ਨੇ ਕਿਹਾ ਕਿ ਜਿਹੜੀ ਪਿਛਲੀ ਅਕਾਲੀ ਸਰਕਾਰ ਖੁਦ ਨੂੰ ਪੰਥ ਦੀ ਸਰਕਾਰ ਕਹਿੰਦੀ ਸੀ, ਉਨ੍ਹਾਂ ਨੂੰ ਹੀ ਅਜਿਹੇ ਬੁੱਤ ਰਸਤੇ ਵਿਚ ਨਹੀਂ ਸੀ ਬਣਾਉਣੇ ਚਾਹੀਦੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫਰਜ਼ ਸੀ ਕਿ ਉਨ੍ਹਾਂ ਵੱਲੋਂ ਇਹ ਬੁੱਤ ਹਟਾਏ ਜਾਂਦੇ। ਦਾਦੂਵਾਲ ਨੇ ਕਿਹਾ ਕਿ ਇਹ ਬੁੱਤ ਉਦੋਂ ਹੀ ਹਟਾਏ ਜਾਣੇ ਚਾਹੀਦੇ ਸਨ ਜਦੋਂ ਸੰਗਤਾਂ ਨੇ ਇਸ 'ਤੇ ਇਤਰਾਜ਼ ਜਤਾਇਆ ਸੀ।

ਦੱਸ ਦੇਈਏ ਕਿ ਬੁੱਤਾਂ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਪਿਛਲੇ 7 ਦਿਨਾਂ ਨੂੰ ਸਿੱਖ ਕਾਰਕੁਨਾਂ ਨੇ ਧਰਨਾ ਲਗਾਇਆ ਹੋਇਆ ਸੀ, ਜਿਸ ਨੂੰ ਦੇਖਦੇ ਹੋਏ ਬੀਤੇ ਦਿਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਨ੍ਹਾਂ ਬੁੱਤਾਂ ਨੂੰ ਹਟਾ ਕੇ ਕਿਸੇ ਹੋਰ ਢੁੱਕਵੀਂ ਥਾਂ 'ਤੇ ਸਥਾਪਤ ਕਰਨ ਅਤੇ ਇਨ੍ਹਾਂ ਬੁੱਤਾਂ ਨੂੰ ਤੋੜਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤੇ ਗਏ ਸਿੱਖ ਨੌਜਵਾਨਾਂ ਨੂੰ ਰਿਹਾਅ ਕਰਨ ਦਾ ਹੁਕਮ ਦਿੱਤਾ ਸੀ। ਇਸ ਭਰੋਸੇ ਤੋਂ ਬਾਅਦ ਸਿੱਖ ਕਾਰਕੁਨਾਂ ਨੇ ਇੱਥੇ ਲਾਇਆ ਧਰਨਾ ਖਤਮ ਕਰ ਦਿੱਤਾ।


cherry

Content Editor

Related News