ਸਵੀਪ ਪ੍ਰੋਜੈਕਟ ਦੇ ਨਿਰੀਖਣ ਲਈ ਜ਼ਿਲਾ ਡਿਪਟੀ ਕਮਿਸ਼ਨਰ ਨੇ ਕੀਤਾ ਜਲਾਲਾਬਾਦ ਦਾ ਦੌਰਾ
Friday, Feb 15, 2019 - 07:15 PM (IST)

ਜਲਾਲਾਬਾਦ,(ਸੇਤੀਆ) : ਚੋਣ ਕਮਿਸ਼ਨ ਦੀਆਂ ਹਿਦਾਇਤਾਂ ਅਨੁਸਾਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਹਿਲਾਂ 18 ਸਾਲ ਜਾਂ ਇਸ ਤੋਂ ਵੱਧ ਉਮਰ ਦਾ ਕੋਈ ਵੀ ਵਿਅਕਤੀ ਵੋਟ ਤੋਂ ਵਾਂਝਾ ਨਹੀਂ ਰਹੇਗਾ। ਇਹ ਵਿਚਾਰ ਜਿਲਾ ਡਿਪਟੀ ਕਮਿਸ਼ਨਰ ਮਨਪ੍ਰੀਤ ਸਿੰਘ ਛੱਤਵਾਲ ਨੇ ਜਲਾਲਾਬਾਦ ਦੀ ਆਈ. ਟੀ. ਆਈ. 'ਚ ਸਵੀਪ ਪ੍ਰੋਜੈਕਟ ਦੇ ਤਹਿਤ ਨਿਰੀਖਣ ਦੌਰਾਨ ਸੰਬੰਧਿਤ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ । ਇਸ ਮੌਕੇ ਐਸ. ਡੀ. ਐਮ. ਕੇਸ਼ਵ ਗੋਇਲ, ਜਿਲਾ ਸਿੱਖਿਆ ਅਧਿਕਾਰੀ, ਤਹਿਸੀਲਦਾਰ, ਨਾਇਬ ਤਹਿਸੀਲਦਾਰ, ਜਿਲਾ ਨੋਡਲ ਅਫਸਰ, ਪ੍ਰਿੰਸੀਪਲ ਅਤੇ ਜਿਲੇ ਦੇ ਹੋਰ ਵੱਖ-ਵੱਖ ਵਿਭਾਗਾਂ ਨਾਲ ਜੁੜੇ ਕਰਮਚਾਰੀ ਮੌਜੂਦ ਸਨ। ਇਸ ਤੋਂ ਪਹਿਲਾਂ ਜਿਲਾ ਨੋਡਲ ਅਧਿਕਾਰੀ ਰਜਿੰਦਰ ਵਿਖੋਨਾ ਅਤੇ ਪ੍ਰਿੰਸੀਪਲ ਸੁਭਾਸ਼ ਸਿੰਘ ਵਲੋਂ ਸਵੀਪ ਪ੍ਰੋਜੈਕਟ ਦੇ ਤਹਿਤ ਕੀਤੇ ਜਾ ਰਹੇ ਕੰਮਾਂ ਦੀ ਜਾਣਕਾਰੀ ਦਿੱਤੀ ਗਈ। ਇਸ ਤੋਂ ਬਾਅਦ ਐਸ. ਡੀ. ਐਮ. ਕੇਸ਼ਵ ਗੋਇਲ ਨੇ ਦੱਸਿਆ ਕਿ ਸਵੀਪ ਪ੍ਰੋਜੈਕਟ ਦੇ ਤਹਿਤ ਅਧਿਆਪਕਾਂ ਦਾ ਵਿਸ਼ੇਸ਼ ਸਹਿਯੋਗ ਚੱਲ ਰਿਹਾ ਹੈ ਅਤੇ ਵੋਟਾਂ ਨੂੰ ਬਣਾਉਣ ਦਾ ਕੰਮ ਅਤੇ ਸਕੂਲਾਂ ਅਤੇ ਕਾਲਜਾਂ ਅੰਦਰ ਜਾਗਰੂਕਤਾ ਦਾ ਮਾਹੌਲ ਪੈਦਾ ਕਰਨ ਲਈ ਅਹਿਮ ਯੋਗਦਾਨ ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਈ. ਵੀ. ਐਮ. ਮਸ਼ੀਨ ਦੇ ਨਾਲ-ਨਾਲ ਵੀ. ਵੀ. ਪੈਡ ਸੰਬੰਧੀ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਮਨਪ੍ਰੀਤ ਸਿੰਘ ਛੱਤਵਾਲ ਨੇ ਕਿਹਾ ਕਿ ਸਵੀਪ ਪ੍ਰੋਜੈਕਟ ਦਾ ਮੁੱਖ ਉਦੇਸ਼ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਵੋਟ ਦੇ ਅਧਿਕਾਰ ਵਿੱਚ ਸ਼ਾਮਿਲ ਕਰਨਾ ਹੈ। ਇਸ ਦੇ ਲਈ ਸੰਬੰਧਿਤ ਬੀਐਲਓ ਜਾਂ ਹੋਰ ਲੋੜੀਦੇ ਕਰਮਚਾਰੀ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ 1-1-2019 ਤੱਕ ਜਿਸ ਵਿਅਕਤੀ ਦੀ ਵੀ ਉਮਰ 18 ਸਾਲ ਪੂਰੀ ਹੁੰਦੀ ਉਸਨੂੰ ਵੋਟ ਦੇ ਅਧਿਕਾਰ ਖੇਤਰ ਵਿੱਚ ਲਿਆਂਦਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਕੂਲਾਂ, ਕਾਲਜਾਂ ਵਿੱਚ ਕੈਂਪ ਲਗਾ ਕੇ ਵਿਦਿਆਰਥੀਆਂ ਨੂੰ ਵੋਟ ਦੇ ਅਧਿਕਾਰਾਂ ਬਾਰੇ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ 2 ਅਤੇ 3 ਮਾਰਚ ਨੂੰ ਸੰਬੰਧਿਤ ਬੀਐਲਓ ਆਪਣੇ ਆਪਣੇ ਬੂਥਾਂ ਤੇ ਵੋਟ ਬਣਾਉਣ ਦਾ ਕੰਮ ਕਰਨਗੇ ਅਤੇ ਨਾਲ ਹੀ ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਿਦਾਇਤਾਂ ਮੁਤਾਬਿਕ ਇਸ ਵਾਰ ਈਵੀਐਮ ਮਸ਼ੀਨ ਦੇ ਨਾਲ ਵੀਵੀਪੈਡ ਮਸ਼ੀਨ ਹੋਵੇਗੀ ਜਿਸ ਵਿੱਚ 7 ਸੈਕੇਂਡ ਲਈ ਪਰਚੀ ਨਿਕਲੇਗੀ ਅਤੇ ਉਹ ਇਹ ਸਿੱਧ ਕਰੇਗੀ ਕਿ ਜੋ ਵਿਅਕਤੀ ਨੇ ਵੋਟ ਪਾਈ ਹੈ ਉਹ ਸਹੀ ਪਈ ਹੈ।