ਬਾਦਲ ਪਿਓ-ਪੁੱਤ, ਕੈਪਟਨ ਤੇ ਕੇਜਰੀਵਾਲ ਤਾਨਾਸ਼ਾਹ ਤੇ ਮਹਾਗੱਪੀ : ਖਹਿਰਾ

12/15/2018 11:02:00 PM

ਨਾਭਾ,(ਜੈਨ)— ਆਮ ਆਦਮੀ ਪਾਰਟੀ 'ਚੋਂ ਮੁਅੱਤਲ ਵਿਧਾਇਕ ਸੁਖਪਾਲ ਸਿੰਘ ਖਹਿਰਾ ਤੇ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਦੀ ਅਗਵਾਈ ਹੇਠ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਕੱਢਿਆ ਜਾ ਰਿਹਾ 'ਇਨਸਾਫ ਮਾਰਚ' ਅੱਜ ਨਾਭਾ ਪੁੱਜਾ ਜਿਸ ਦਾ ਇਥੇ ਸਾਬਕਾ ਡੀ. ਆਈ. ਜੀ. ਦਰਸ਼ਨ ਸਿੰਘ ਮਹਿਮੀ, ਰਾਜਿੰਦਰ ਸਿੰਘ ਕਾਲਾ ਤੇ ਹਰਵੀਰ ਢੀਂਡਸਾ ਦੀ ਅਗਵਾਈ ਹੇਠ ਸੈਂਕੜੇ ਲੋਕਾਂ ਨੇ ਭਰਵਾਂ ਸਵਾਗਤ ਕੀਤਾ। ਰੋਸ ਮੁਜ਼ਾਹਰਾ ਤੇ ਇਨਸਾਫ ਮਾਰਚ ਹਸਪਤਾਲ ਰੋਡ, ਸਬਜ਼ੀ ਮੰਡੀ, ਮੈਹਸ ਗੇਟ ਹੁੰਦਾ ਹੋਇਆ ਪਿੰਡ ਥੂਹੀ ਪੈਦਲ ਪਹੁੰਚਿਆ, ਜਿਸ  'ਚ ਬਾਦਲਕਿਆਂ ਤੇ ਕੈਪਟਨ ਅਮਰਿੰਦਰ ਸਿੰਘ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ।

ਇਸ ਦੌਰਾਨ ਖਹਿਰਾ ਨੇ ਕਿਹਾ ਕਿ ਭਲਕੇ ਰੈਲੀ 'ਚ ਅਸੀਂ 8 ਵਿਧਾਇਕ, 2 ਬੈਂਸ ਭਰਾ ਵਿਧਾਇਕ ਤੇ ਐੈੱਮ. ਪੀ. ਡਾ. ਗਾਂਧੀ ਪਟਿਆਲਾ ਲਾਗੇ ਮਹਿਮੂਦਪੁਰ ਰੈਲੀ 'ਚ ਇਤਿਹਾਸਕ ਪੰਜਾਬ ਪੱਖੀ ਪਾਰਟੀ ਬਣਾਉਣ ਦਾ ਐਲਾਨ ਕਰਾਂਗੇ। ਉਨ੍ਹਾਂ ਕਿਹਾ ਕਿ ਬਾਦਲਕਿਆਂ ਨੇ ਸ੍ਰੀ ਦਰਬਾਰ ਸਾਹਿਬ ਜਾ ਕੇ ਕੱਪੜਿਆਂ ਦੇ ਬੂਟ ਝਾੜ ਕੇ ਆਪਣੀਆਂ ਗਲਤੀਆਂ ਦਾ ਪਸ਼ਚਾਤਾਪ ਕੀਤਾ ਹੈ। ਬਾਦਲ 2 ਸਿੱਖ ਨੌਜਵਾਨਾਂ ਦੇ ਕਤਲ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਕਸੂਰਵਾਰ ਹੈ। ਕੈਪਟਨ ਅਮਰਿੰਦਰ ਭਾਵੇਂ ਉਸ ਨੂੰ ਬਚਾ ਰਿਹਾ ਹੈ ਪਰ ਉਨ੍ਹਾਂ ਨੂੰ ਰੱਬ ਦੇ ਘਰ 'ਚ ਜ਼ਰੂਰ ਹੀ ਸਜ਼ਾ ਮਿਲੇਗੀ। ਉਨ੍ਹਾਂ ਕਿਹਾ ਕਿ ਪੰਜਾਬੀਆਂ ਵਿਚ ਬਾਦਲ ਪਰਿਵਾਰ ਪ੍ਰਤੀ ਗੁੱਸਾ ਭੜਕ ਰਿਹਾ ਹੈ, ਜਿਸ ਦਾ ਖਮਿਆਜ਼ਾ ਉਨ੍ਹਾਂ ਨੂੰ ਭੁਗਤਣਾ ਪਵੇਗਾ।

ਖਹਿਰਾ ਨੇ ਕਿਹਾ ਕਿ ਕਮਲਨਾਥ ਨੂੰ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾ ਕੇ ਰਾਹੁਲ ਗਾਂਧੀ ਨੇ ਗਲਤ ਫੈਸਲਾ ਲਿਆ ਹੈ ਕਿਉਂਕਿ ਕਮਲਨਾਥ ਨੂੰ ਸਿੱਖਾਂ ਦੇ ਕਤਲਾਂ ਲਈ ਨਾਨਾਵਤੀ ਕਮਿਸ਼ਨ ਨੇ ਦੋਸ਼ੀ ਠਹਿਰਾਇਆ ਸੀ। ਉਹ ਸਿੱਖਾਂ ਦੀ ਨਸਲਕੁਸ਼ੀ ਲਈ ਜ਼ਿੰਮੇਵਾਰ ਸੀ। ਉਨ੍ਹਾਂ ਕਿਹਾ ਕਿ ਬਾਦਲ ਪਿਓ-ਪੁੱਤ, ਕੈਪਟਨ ਅਮਰਿੰਦਰ ਤੇ ਅਰਵਿੰਦ ਕੇਜਰੀਵਾਲ ਕੇਵਲ ਤਾਨਾਸ਼ਾਹ ਹੀ ਨਹੀਂ ਬਲਕਿ ਮਹਾਗੱਪੀ ਸਿਆਸਤਦਾਨ ਹਨ, ਜੋ ਡਰਾਮੇਬਾਜ਼ੀ ਕਰ ਕੇ ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਹਮੇਸ਼ਾ ਖਿਲਵਾੜ ਕਰਦੇ ਰਹੇ ਹਨ।

ਖਹਿਰਾ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਕਾਰਨ ਪੰਚਾਇਤੀ ਚੋਣਾਂ ਮੁਲਤਵੀ ਕਰਨ ਦੀ ਮੰਗ ਕੀਤੀ ਕਿਉਂਕਿ ਸ਼ਹੀਦੀ ਜੋੜ ਮੇਲੇ ਦੇ ਦਿਨਾਂ ਵਿਚ ਚੋਣਾਂ ਦੌਰਾਨ ਨਸ਼ਿਆਂ ਦੀ ਵੰਡ ਹੋਣੀ ਚਿੰਤਾਜਨਕ ਵਿਸ਼ਾ ਹੈ। ਖਹਿਰਾ ਤੇ ਗਾਂਧੀ ਨੇ ਕਿਹਾ ਕਿ ਨਾਭਾ ਨਗਰ ਕੌਂਸਲ ਦੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਫੰਡ ਦੇ ਸਕੈਂਡਲ ਖਿਲਾਫ ਇਕ ਮਹੀਨਾ ਬੀਤ ਜਾਣ ਦੇ ਬਾਵਜੂਦ ਪੁਲਸ ਕੇਸ ਦਰਜ ਨਹੀਂ ਕੀਤਾ ਗਿਆ। ਇਸ ਤੋਂ ਸਪੱਸ਼ਟ ਹੈ ਕਿ ਦਾਲ ਵਿਚ ਕੁੱਝ ਕਾਲਾ ਹੈ। ਉਨ੍ਹਾਂ ਦੁੱਖ ਪ੍ਰਗਟ ਕੀਤਾ ਕਿ ਇਕ ਪਾਸੇ ਮੁਲਾਜ਼ਮਾਂ ਦੇ ਬਿੱਲਾਂ ਦੀ ਅਦਾਇਗੀ ਤਨਖਾਹਾਂ ਤੇ ਪੈਨਸ਼ਨਾਂ, ਬਜ਼ੁਰਗ ਵਿਧਵਾ ਅੰਗਹੀਣਾਂ ਨੂੰ ਪੈਨਸ਼ਨਾਂ ਦੇਣ ਲਈ ਸਰਕਾਰ ਕੋਲ ਰਾਸ਼ੀ ਨਹੀਂ ਹੈ। ਦੂਜੇ ਪਾਸੇ ਵਿਧਾਇਕਾਂ ਦੇ ਭੱਤਿਆਂ/ਤਨਖਾਹਾਂ ਵਿਚ ਭਾਰੀ ਵਾਧਾ ਕੀਤਾ ਜਾ ਰਿਹਾ ਹੈ। ਘਰ-ਘਰ ਰੋਜ਼ਗਾਰ ਦੇਣ ਦਾ ਵਾਅਦਾ ਨਜ਼ਰਅੰਦਾਜ਼ ਕਰ ਦਿੱਤਾ ਗਿਆ ਹੈ, ਜਦਕਿ ਦਲਿਤ ਵਿਦਿਆਰਥੀਆਂ ਦੇ ਵਜ਼ੀਫੇ ਦੀ ਰਾਸ਼ੀ ਦੇ 1285 ਕਰੋੜ ਅਤੇ ਬੁਢਾਪਾ ਪੈਨਸ਼ਨਾਂ ਦੇ 1140 ਕਰੋੜ ਰੁਪਏ ਰਿਲੀਜ਼ ਨਹੀਂ ਕੀਤੇ ਗਏ ਜੋ ਕੈਪਟਨ ਸਰਕਾਰ ਲਈ ਸ਼ਰਮ ਦੀ ਗੱਲ ਹੈ।


Related News