ਸੁਖਦੇਵ ਸਿੰਘ ਢੀਂਡਸਾ ਨੇ ਅਕਾਲੀ ਦਲ ਦੀ ਪਿੱਠ ਪਿੱਛੇ ਛੁਰਾ ਮਾਰਿਆ : ਦਾਤੇਵਾਲ

01/17/2020 5:32:07 PM

ਕਿਸ਼ਨਪੁਰਾ ਕਲਾਂ (ਹੀਰੋ): ਸ਼੍ਰੋਮਣੀ ਅਕਾਲੀ ਦਲ ਵਿਚ ਹਮੇਸ਼ਾ ਮਲਾਈਆਂ ਖਾਣ-ਪੀਣ ਵਾਲੇ ਆਗੂਆਂ ਨੂੰ ਅਲਵਿਦਾ ਕਹਿਣ 'ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਜਥੇ. ਸੁਖਵਿੰਦਰ ਸਿੰਘ ਦਾਤੇਵਾਲ ਨੇ ਕਿਹਾ ਕਿ ਜਿਹੜੇ ਲੋਕ ਕਦੇ ਪਿੰਡ ਦੀ ਪੰਚਾਇਤ ਦੇ ਮੈਂਬਰ ਨਹੀਂ ਸੀ ਬਣ ਸਕਦੇ ਉਨ੍ਹਾਂ ਨੂੰ ਪਾਰਟੀ ਨੇ ਰਾਜ ਸਭਾ ਦੇ ਮੈਂਬਰ, ਕੈਬਨਿਟ ਮੰਤਰੀ ਅਤੇ ਉੱਚ ਕੋਟੀ ਦੇ ਅਹੁਦਿਆਂ 'ਤੇ ਬਿਰਾਜਮਾਨ ਕੀਤਾ, ਅੱਜ ਉਹ ਮਲਾਈਆਂ ਖਾਣ-ਪੀਣ ਵਾਲੇ ਲੋਕ ਮੌਕਾਪ੍ਰਸਤ ਵਾਲੀ ਆਪਣੀ ਉਕਾਤ ਵਿਖਾ ਗਏ।

ਅੱਜ ਇਥੇ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਚੇਅਰਮੈਨ ਜਥੇ. ਸੁਖਵਿੰਦਰ ਸਿੰਘ ਦਾਤੇਵਾਲ, ਨਿਧੜਕ ਅਕਾਲੀ ਆਗੂ ਅਸ਼ਵਨੀ ਕੁਮਾਰ ਪ੍ਰਧਾਨ ਨਗਰ ਪੰਚਾਇਤ ਕੋਟ ਈਸੇ ਖਾਂ, ਪੰਜਾਬ ਮੰਡੀ ਬੋਰਡ ਦੇ ਸਾਬਕਾ ਡਾਇਰੈਕਟਰ ਰਣਜੀਤ ਸਿੰਘ ਰਾਣਾ ਸਾਬਕਾ ਸਰਪੰਚ ਮਸੀਤਾਂ ਅਤੇ ਜ਼ਿਲਾ ਅਕਾਲੀ ਆਗੂ ਗੁਰਮੀਤ ਸਿੰਘ ਸਾਬਕਾ ਸਰਪੰਚ ਗਗੜਾ, ਸੁਰਜੀਤ ਸਿੰਘ ਸਾਬਕਾ ਸਰਪੰਚ ਰਾਮਗੜ੍ਹ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦਾ ਮਾਣ-ਸਨਮਾਨ ਸ਼ਾਇਦ ਕੋਈ ਬਾਪ ਆਪਣੇ ਸਕੇ ਪੁੱਤ ਦਾ ਵੀ ਨਾ ਕਰ ਸਕੇ, ਜਿੰਨਾ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਪੰਜਾਬ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਿੱਤਾ।

ਇਨ੍ਹਾਂ ਅਕਾਲੀ ਆਗੂਆਂ ਨੇ ਕਿਹਾ ਕਿ ਛੇ ਵਾਰ ਚੋਣ ਲੜਨ 'ਤੇ ਸੁਖਦੇਵ ਸਿੰਘ ਢੀਂਡਸਾ ਸਿਰਫ ਇਕ ਵਾਰ ਜਿੱਤਿਆ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਇਸ ਨੂੰ ਕਦੇ ਚੇਅਰਮੈਨ ਅਤੇ ਕਦੇ ਰਾਜ ਸਭਾ ਦਾ ਮੈਂਬਰ ਬਣਾਇਆ। ਇਥੇ ਹੀ ਬੱਸ ਨਹੀਂ ਢੀਂਡਸਾ ਦੇ ਪੁੱਤਰ ਅਤੇ ਜਵਾਈ ਨੂੰ ਵੱਡੀਆਂ ਅਹੁਦੇਦਾਰੀਆਂ ਨਾਲ ਨਿਵਾਜਿਆ। ਪ੍ਰਧਾਨ ਅਸ਼ਵਨੀ ਕੁਮਾਰ ਨੇ ਸਪੱਸ਼ਟ ਕੀਤਾ ਅਤੇ ਕਿਹਾ ਕਿ ਜਿਹੜੇ ਕਾਂਗਰਸ ਦੀ ਬੀ ਟੀਮ ਬਣ ਕੇ ਅਕਾਲੀ ਦਲ ਤੋਂ ਵੱਖ ਹੋ ਕੇ ਹਰ ਵਾਰ ਸ਼੍ਰੋਮਣੀ ਕਮੇਟੀ ਬਾਦਲ ਪਰਿਵਾਰ ਤੋਂ ਅਜ਼ਾਦ ਕਰਵਾਉਣ ਦੀਆਂ ਗੱਲਾਂ ਕਰਦੇ ਹਨ, ਜਦੋਂ ਕਿ ਸ਼੍ਰੋਮਣੀ ਕਮੇਟੀ ਚੋਣਾਂ ਬਾਕੀ ਚੋਣਾਂ ਵਾਂਗ ਚੋਣ ਕਮਿਸ਼ਨ ਕਰਵਾਉਂਦਾ ਹੈ ਅਤੇ ਸਿੱਖ ਕੌਮ ਹਰ ਵਾਰ ਇਨ੍ਹਾਂ ਦੀਆਂ ਜ਼ਮਾਨਤਾਂ ਜ਼ਬਤ ਕਰਵਾਉਂਦੀ ਹੈ। ਅਕਾਲੀ ਆਗੂਆਂ ਨੇ ਕਿਹਾ ਕਿ ਜਿਹੜੇ ਵਿਅਕਤੀ ਆਪਣੀ ਮਾਂ ਪਾਰਟੀ ਦੇ ਨਹੀਂ ਬਣ ਸਕੇ ਉਹ ਕਿਸੇ ਹੋਰ ਪਾਰਟੀ ਦਾ ਕੀ ਸਵਾਰ ਸਕਦੇ ਹਨ।


Shyna

Content Editor

Related News