ਪਹਿਲਾਂ ਸੁਖਬੀਰ ਆਪਣੀ ਪੀੜੀ ਹੇਠ ਸੋਟਾ ਫੇਰੇ : ਰੰਧਾਵਾ

Tuesday, Jan 15, 2019 - 11:13 PM (IST)

ਚੰਡੀਗੜ੍ਹ,(ਭੁੱਲਰ)— ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਤੇ ਸੁਖਬੀਰ ਬਾਦਲ ਵਲੋਂ ਅੱਜ ਚੰਡੀਗੜ੍ਹ 'ਚ ਪ੍ਰੈੱਸ ਕਾਨਫਰੰਸ ਕਰਕੇ ਲਾਏ ਗਏ ਦੋਸ਼ਾਂ 'ਤੇ ਸਖ਼ਤ ਪ੍ਰਤੀਕਿਰਿਆ ਕਰਦਿਆਂ ਸੀਨੀਅਰ ਕਾਂਗਰਸ ਆਗੂ ਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਜ਼ੋਰਦਾਰ ਜਵਾਬੀ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਦੂਜਿਆਂ 'ਤੇ ਇਸ ਤਰ੍ਹਾਂ ਨਿਰਆਧਾਰ ਦੋਸ਼ ਲਾਉਣ ਤੋਂ ਪਹਿਲਾਂ ਸੁਖਬੀਰ ਨੂੰ ਆਪਣੀ ਪੀੜ੍ਹੀ ਹੇਠਾਂ ਸੋਟਾ ਮਾਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਸਿਆਸੀ ਅਖਾੜੇ 'ਚ ਆਪਣੇ ਵਿਰੋਧੀਆਂ ਨੂੰ ਦਬਾਉਣ ਲਈ ਸੁਖਬੀਰ ਅਤੇ ਉਸ ਦੀ ਮੰਡਲੀ ਵਲੋਂ ਆਪਣੀਆਂ ਸ਼ਕਤੀਆਂ ਦੀ ਦੁਰਵਰਤੋਂ ਕਰਦਿਆਂ ਪੂਰੀ ਵਾਹ ਲਾਈ ਗਈ।
ਰੰਧਾਵਾ ਨੇ ਕਿਹਾ ਕਿ ਪੰਜਾਬ 'ਚ ਹਰ ਕੋਈ ਜਾਣਦਾ ਹੈ ਕਿ ਅਕਾਲੀ ਆਗੂਆਂ ਵਲੋਂ ਆਪਣੇ 10 ਸਾਲਾਂ ਦੇ ਲੰਮੇ ਕੁਸ਼ਾਸਨ ਦੌਰਾਨ ਨਿਯਮਾਂ ਨੂੰ ਆਪਣੇ ਫਾਇਦੇ ਲਈ ਤੋੜਿਆ ਮਰੋੜਿਆ ਗਿਆ। ਉਨ੍ਹਾਂ ਕਿਹਾ ਕਿ ਇਸ ਗੱਲ ਤੋਂ ਕੋਈ ਅਣਜਾਣ ਨਹੀਂ ਕਿ ਅਕਾਲੀਆਂ ਦੇ ਸਾਸ਼ਨ ਦੌਰਾਨ ਪੰਜਾਬ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਦਾ ਅੱਡਾ ਬਣ ਗਿਆ ਸੀ। ਅਜਿਹੇ ਸਮਾਜ ਵਿਰੋਧੀ ਤੱਤ ਅਕਾਲੀ 
ਆਗੂਆਂ ਦੀ ਸਰਪ੍ਰਸਤੀ ਹੇਠ ਵਧੇ ਫੁੱਲੇ ਜਿਨ੍ਹਾਂ ਨੇ ਸੂਬੇ 'ਚ ਦਹਿਸ਼ਤ ਫੈਲਾਉਣ ਲਈ ਉਨ੍ਹਾਂ ਦੀ ਖੁਲ੍ਹੇਆਮ ਵਰਤੋਂ ਕੀਤੀ। ਰੰਧਾਵਾ ਨੇ ਕਿਹਾ ਕਿ ਇਹ ਬਦਕਿਸਮਤੀ ਦੀ ਗੱਲ ਹੈ ਕਿ ਲੋਕਾਂ ਤੋਂ ਆਪਣੇ ਕੁਕਰਮਾਂ ਦੀ ਮੁਆਫ਼ੀ ਮੰਗਣ ਦੀ ਬਜਾਏ ਸੁਖਬੀਰ ਅਤੇ ਉਸ ਦੀ ਮੰਡਲੀ ਹੁਣ ਕਾਂਗਰਸੀ ਆਗੂਆਂ 'ਤੇ ਬੇਬੁਨਿਆਦ ਦੋਸ਼ ਮੜ੍ਹ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਸੂਝਵਾਨ ਲੋਕ ਸੁਖਬੀਰ ਅਤੇ ਉਸ ਦੀ ਮੰਡਲੀ ਦੇ ਦੋਗਲੇ ਚਰਿੱਤਰ ਤੋਂ ਚੰਗੀ ਤਰ੍ਹਾਂ ਜਾਣੂ ਹਨ ਅਤੇ ਨਾਲ ਹੀ ਕਿਹਾ ਕਿ ਉਹ ਅਕਾਲੀਆਂ ਦੀਆਂ ਅਜਿਹੀਆਂ ਘਟੀਆ ਚਾਲਾਂ 'ਚ ਕਦੇ ਨਹੀਂ ਫਸਣਗੇ।








 


Related News