2 ਬੱਚਿਆਂ ਦੀ ਮਾਂ ਨੇ ਜ਼ਹਿਰ ਖਾ ਕੇ ਕੀਤੀ ਆਤਮ-ਹੱਤਿਆ
Friday, Sep 21, 2018 - 06:19 AM (IST)

ਸਮਾਣਾ, (ਦਰਦ)- ਪਿੰਡ ਡਰੋਲੀ ਵਿਚ 10 ਸਾਲ ਪਹਿਲਾਂ ਵਿਆਹੀ 2 ਬੱਚਿਆਂ ਦੀ ਮਾਂ ਵੱਲੋਂ ਸਹੁਰਾ ਪਰਿਵਾਰ ਤੋਂ ਤੰਗ-ਪਰੇਸ਼ਾਨ ਅਤੇ ਦੁਖੀ ਹੋ ਕੇ ਕੋਈ ਜ਼ਹਿਰਲੀ ਦਵਾਈ ਪੀ ਕੇ ਆਪਣੀ ਜੀਵਨ-ਲੀਲਾ ਸਮਾਪਤ ਕਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘੱਗਾ ਪੁਲਸ ਵੱਲੋਂ ਮ੍ਰਿਤਕਾ ਦੇ ਭਰਾ ਦੇ ਬਿਆਨਾਂ ਦੇ ਆਧਾਰ ’ਤੇ ਪਤੀ, ਸੱਸ, ਸਹੁਰਾ, ਦਿਓਰ ਤੇ ਜੇਠ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਮ੍ਰਿਤਕਾ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਸਸਕਾਰ ਲਈ ਪੇਕਾ ਪਰਿਵਾਰ ਹਵਾਲੇ ਕਰ ਦਿੱਤੀ ਹੈ। ਇਸ ਸਬੰਧੀ ਮ੍ਰਿਤਕਾ ਸੁੱਖੋ ਦੇਵੀ (28) ਦੇ ਭਰਾ ਰਮੇਸ਼ ਕੁਮਾਰ ਪੁੱਤਰ ਹੰਸ ਰਾਜ ਵਾਸੀ ਬਾਜ਼ੀਗਰ ਬਸਤੀ ਬੰਮਣਾ ਨੇ ਦੱਸਿਆ ਕਿ ਉਨ੍ਹਾਂ ਆਪਣੀ ਭੈਣ ਦਾ ਵਿਆਹ ਕਰੀਬ 10 ਸਾਲ ਪਹਿਲਾਂ ਸੁੱਖਾ ਰਾਮ ਪੁੱਤਰ ਪੂਰਨ ਚੰਦ ਵਾਸੀ ਡਰੋਲੀ ਨਾਲ ਕੀਤਾ ਸੀ। ਉਸ ਕੋਲ 2 ਬੱਚੇ ਵੀ ਹਨ ਪਰ ਸਹੁਰਾ ਪਰਿਵਾਰ ਉਸ ’ਤੇ ਤਰ੍ਹਾਂ-ਤਰ੍ਹਾਂ ਦੇ ਦੋਸ਼ ਲਾ ਕੇ ਉਸ ਦੀ ਭੈਣ ਨੂੰ ਤੰਗ-ਪਰੇਸ਼ਾਨ ਕੀਤਾ ਜਾਂਦਾ ਰਿਹਾ। ਕਈ ਵਾਰ ਬੰਦੀ ਬਣਾ ਕੇ ਬੁਰੀ ਤਰ੍ਹਾਂ ਕੁੱਟਮਾਰ ਵੀ ਕੀਤੀ ਜਾਂਦੀ ਸੀ। ਉਨ੍ਹਾਂ ਦੱਸਿਆ ਕਿ ਕਈ ਵਾਰ ਪੰਚਾਇਤ ਇਕੱਠੀ ਹੋਣ ਤੋਂ ਬਾਅਦ ਫਿਰ ਤੋਂ ਇਸ ਤਰ੍ਹਾਂ ਦੀ ਗਲਤੀ ਨਾ ਕਰਨ ਦੇ ਵਿਸ਼ਵਾਸ ਤੋਂ ਬਾਅਦ ਸਹੁਰਾ ਪਰਿਵਾਰ ਉਸ ਦੀ ਭੈਣ ਨੂੰ ਵਾਪਸ ਲੈ ਜਾਂਦਾ ਸੀ। ਮੰਗਲਵਾਰ ਸ਼ਾਮ ਸਮੇਂ ਸਹੁਰੇ ਪਰਿਵਾਰ ਵੱਲੋਂ ਉਨ੍ਹਾਂ ਦੀ ਭੈਣ ਵੱਲੋਂ ਜ਼ਹਿਰੀਲਾ ਪਦਾਰਥ ਨਿਗਲਣ ਦਾ ਸਮਾਚਾਰ ਮਿਲਣ ’ਤੇ ਉਹ ਰਾਤ ਨੂੰ ਪਾਤਡ਼ਾਂ ਵਿਖੇ ਪਹੁੰਚੇ। ਇਲਾਜ ਅਧੀਨ ਉਨ੍ਹਾਂ ਦੀ ਭੈਣ ਨੂੰ ਡਾਕਟਰਾਂ ਨੇ ਪਟਿਆਲਾ ਰੈਫਰ ਕਰ ਦਿੱਤਾ। ਅਗਲੇ ਦਿਨ ਬੁੱਧਵਾਰ ਸਵੇਰੇ ਉਨ੍ਹਾਂ ਦੀ ਭੈਣ ਸੁੱਖੋ ਦੇਵੀ ਦੀ ਮੌਤ ਹੋ ਗਈ। ਘੱਗਾ ਪੁਲਸ ਥਾਣਾ ਦੇ ਜਾਂਚ ਅਧਿਕਾਰੀ ਸਾਹਿਬ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੇ ਭਰਾ ਰਮੇਸ਼ ਕੁਮਾਰ ਦੇ ਬਿਆਨਾਂ ਦੇ ਆਧਾਰ ’ਤੇ ਮ੍ਰਿਤਕਾ ਸੁੱਖੋ ਦੇ ਪਤੀ ਸੁੱਖਾ ਰਾਮ, ਸੱਸ ਮੁਖਤਿਆਰੋ, ਸਹੁਰਾ ਪੂਰਨ ਚੰਦ, ਦਿਓਰ ਬਚਨਾ ਰਾਮ ਅਤੇ ਜੇਠ ਕੰਤਾ ਰਾਮ ਵਿਰੁੱਧ ਧਾਰਾ 306 ਤਹਿਤ ਮਾਮਲਾ ਦਰਜ ਕਰ ਕੇ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਦੋਸ਼ੀ ਅਜੇ ਪੁਲਸ ਗ੍ਰਿਫਤ ’ਚੋਂ ਬਾਹਰ ਹਨ, ਜਿਨ੍ਹਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।