ਸਵਾਈਨ ਫਲੂ ਦਾ ਹੋਇਆ ਸਫਲ ਇਲਾਜ ਪਰ ਹਾਰਟ ਅਟੈਕ ਨਾਲ ਹੋ ਗਈ ਮੌਤ

Monday, Aug 26, 2019 - 07:52 PM (IST)

ਸਵਾਈਨ ਫਲੂ ਦਾ ਹੋਇਆ ਸਫਲ ਇਲਾਜ ਪਰ ਹਾਰਟ ਅਟੈਕ ਨਾਲ ਹੋ ਗਈ ਮੌਤ

ਮੋਗਾ, (ਸੰਦੀਪ)— ਡੇਢ ਮਹੀਨੇ ਪਹਿਲਾਂ ਕਸਬਾ ਬੱਧਨੀ ਕਲਾਂ ਨਿਵਾਸੀ ਇਕ ਔਰਤ ਨੂੰ ਵਿਦੇਸ਼ ਸਿੰਗਾਪੁਰ ਤੋਂ ਵਾਪਸ ਆਉਣ ਦੇ ਬਾਅਦ ਸਵਾਈਨ ਫਲੂ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ ਸੀ, ਜਿਸ 'ਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਤੁਰੰਤ ਹਰਕਤ 'ਚ ਆਉਂਦਿਆਂ ਪੀੜਤ ਔਰਤ ਦੇ ਘਰ ਪਹੁੰਚ ਕੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸਵਾਈਨ ਫਲੂ ਤੋਂ ਬਚਾਅ ਲਈ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ ਸਨ।
ਇਸ ਸਬੰਧੀ ਜ਼ਿਲ੍ਹਾ ਐਪੀਡੀਮਾਲੋਜਿਸਟ ਡਾ. ਨਰੇਸ਼ ਕੁਮਾਰ ਨੇ ਦੱਸਿਆ ਕਿ ਕਸਬਾ ਬੱਧਨੀ ਕਲਾਂ ਨਿਵਾਸੀ ਇਕ ਔਰਤ 25 ਜੂਨ ਨੂੰ ਸਿੰਗਾਪੁਰ ਗਈ ਸੀ ਤੇ 3 ਜੁਲਾਈ ਨੂੰ ਵਾਪਸ ਆਈ ਸੀ, ਜਿਸ ਨੂੰ ਵਾਪਸ ਆਪਣੇ ਘਰ ਪਹੁੰਚਦੇ ਹੀ ਅਚਾਨਕ ਤੇਜ਼ ਬੁਖਾਰ ਹੋ ਗਿਆ ਸੀ। ਅਜਿਹੇ 'ਚ ਉਸ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਮੋਗਾ ਦੇ ਇਕ ਪ੍ਰਾਈਵੇਟ ਹਸਪਤਾਲ 'ਚ ਦਾਖਲ ਕਰਵਾਇਆ ਸੀ, ਜਿਥੇ ਉਸ ਦੀ ਹਾਲਤ 'ਚ ਸੁਧਾਰ ਨਾ ਹੋਣ 'ਤੇ ਇਕ ਦਿਨ ਲਈ ਇਕ ਹੋਰ ਹਸਪਤਾਲ ਰੱਖਿਆ ਪਰ ਫਿਰ ਵੀ ਹਾਲਤ 'ਚ ਸੁਧਾਰ ਨਾ ਹੋਣ 'ਤੇ 8 ਜੁਲਾਈ ਨੂੰ ਉਸ ਨੂੰ ਡੀ.ਐੱਮ.ਸੀ. ਲੁਧਿਆਣਾ ਲਿਜਾਇਆ ਗਿਆ, ਜਿੱਥੇ 9 ਜੁਲਾਈ ਨੂੰ ਉਸ ਦੇ ਬਲੱਡ ਦੇ ਸੈਂਪਲ ਦੀ ਜਾਂਚ ਦੌਰਾਨ ਉਸ ਨੂੰ ਸਵਾਈਨ ਫਲੂ ਹੋਣ ਦੀ ਪੁਸ਼ਟੀ ਹੋਈ ਸੀ। ਇੱਥੇ ਵੀ ਹਾਲਤ 'ਚ ਸੁਧਾਰ ਨਾ ਹੋਣ 'ਤੇ ਉਸ ਨੂੰ ਦਿੱਲੀ ਦੇ ਇਕ ਪ੍ਰਸਿੱਧ ਮੈਡੀਕਲ ਕਾਲਜ ਐਂਡ ਰਿਸੋਰਸ ਸੈਂਟਰ 'ਚ ਦਾਖਲ ਕਰਵਾਇਆ ਗਿਆ, ਜਿੱਥੇ ਕੁੱਝ ਦਿਨਾਂ ਤੱਕ ਉਸ ਨੂੰ ਵੈਂਟੀਲੇਟਰ 'ਤੇ ਰੱਖਣ ਦੇ ਬਾਅਦ ਉਸ ਦੀ ਤਬੀਅਤ ਠੀਕ ਹੋ ਗਈ ਸੀ। ਡਾਕਟਰ ਉਸ ਨੂੰ ਹਸਪਤਾਲ ਤੋਂ ਡਿਸਚਾਰਜ ਕਰਨ ਦੀ ਸੋਚ ਰਹੇ ਸਨ ਕਿ ਉਸ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ। ਡਾ. ਨਰੇਸ਼ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਵਿਸ਼ੇਸ਼ ਟੀਮ ਨੂੰ ਮ੍ਰਿਤਕਾ ਦੇ ਪਿੰਡ ਭੇਜ ਕੇ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਹਸਪਤਾਲ 'ਚ ਔਰਤ ਦੀ ਦੇਖ-ਭਾਲ ਕਰਨ ਵਾਲੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਦਵਾਈਆਂ ਵੀ ਦਿੱਤੀਆਂ ਜਾਣਗੀਆਂ।


author

KamalJeet Singh

Content Editor

Related News