ਸਬਸਿਡੀ ਫਾਰਮ ਜਮ੍ਹਾ ਕਰਵਾਉਣ ਲਈ ਖ਼ੇਤੀਬਾੜੀ ਦਫ਼ਤਰ ''ਚ ਲੱਗੀਆਂ ਲੰਬੀਆਂ ਲਾਈਨਾਂ

10/16/2018 5:02:37 PM

ਸੰਗਤ ਮੰਡੀ(ਮਨਜੀਤ)— ਸਬਸਿਡੀ ਵਾਲੇ ਫਾਰਮ ਜਮ੍ਹਾ ਕਰਵਾਉਣ ਲਈ ਸੰਗਤ ਮੰਡੀ 'ਚ ਬਲਾਕ ਖ਼ੇਤੀਬਾੜੀ ਦਫ਼ਤਰ ਦੇ ਬਾਹਰ ਸਵੇਰ ਤੋਂ ਹੀ ਕਿਸਾਨਾਂ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਲੱਗ ਜਾਂਦੀਆਂ ਹਨ। ਇਹ ਵਰਤਾਰਾ ਪਿਛਲੇ ਕਈ ਦਿਨਾਂ ਤੋਂ ਇਸੇ ਤਰ੍ਹਾਂ ਹੀ ਚੱਲ ਰਿਹਾ ਹੈ। ਕਈ ਕਿਸਾਨ ਤਾਂ ਸਵੇਰ ਤੋਂ ਹੀ ਅਧਿਕਾਰੀਆਂ ਦੇ ਪਹੁੰਚਣ ਤੋਂ ਪਹਿਲਾਂ ਉਥੇ ਲਾਈਨ 'ਚ ਆ ਕੇ ਲੱਗ ਜਾਂਦੇ ਹਨ। ਸ਼ਾਮ ਤੱਕ ਇਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ। ਜਦ ਇਸ ਸਬੰਧੀ ਬਲਾਕ ਖ਼ੇਤੀਬਾੜੀ ਅਫ਼ਸਰ ਸ਼ੁਸੀਲ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਜੋ ਕਿਸਾਨ ਇਹ ਫਾਰਮ ਜਮ੍ਹਾ ਕਰਵਾ ਰਹੇ ਹਨ ਉਹ ਨਰਮੇ ਦੀ ਸਬਸਿਡੀ ਲੈਣ ਵਾਸਤੇ ਹਨ। ਉਨ੍ਹਾਂ ਦੱਸਿਆ ਕਿ ਨਰਮੇ ਵਾਲੇ ਬਲਾਕ ਦੇ ਉਨ੍ਹਾਂ 3600 ਕਿਸਾਨਾਂ ਨੂੰ ਸਬਸਿਡੀ ਦਿੱਤੀ ਜਾ ਰਹੀ ਹੈ ਜਿਨ੍ਹਾਂ ਨੇ ਖ਼ੇਤੀਬਾੜੀ ਮਾਹਰਾਂ ਦੀ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਲਾਹ 'ਤੇ ਚੱਲਦਿਆਂ ਨਰਮੇ ਦਾ ਪਾਲਣ ਪੋਸ਼ਣ ਕੀਤਾ ਸੀ।

ਵਿਭਾਗ ਵਲੋਂ ਉਨ੍ਹਾਂ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਇਕ ਏਕੜ 'ਤੇ ਲਗਭਗ ਦੋ ਹਜ਼ਾਰ ਦੇ ਕਰੀਬ ਸਬਸਿਡੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਕਣਕ ਦੇ ਬੀਜ 'ਤੇ ਸਬਸਿਡੀ ਦੇਣ ਲਈ ਖ਼ੇਤੀਬਾੜੀ ਵਿਕਾਸ ਅਫ਼ਸਰਾਂ ਦੀਆਂ ਚਾਰ ਟੀਮਾਂ ਬਣਾ ਦਿੱਤੀਆਂ ਹਨ। ਕਿਸਾਨਾਂ ਦੀ ਸਹੂਲਤ ਲਈ ਟੀਮ ਦੇ ਹਰ ਇਕ ਅਧਿਕਾਰੀ ਨੂੰ ਪਿੰਡ ਵੰਡ ਕੇ ਦੇ ਦਿੱਤੇ ਹਨ। 25 ਅਕਤੂਬਰ ਤੱਕ ਫਾਰਮ ਜਮ੍ਹਾ ਕਰਵਾਏ ਜਾ ਸਕਦੇ ਹਨ ਤੇ 29 ਅਕਤੂਬਰ ਨੂੰ ਪਰਮਿਟ ਕੱਟ ਕੇ ਦਿੱਤੇ ਜਾਣਗੇ, ਜਿਸ ਤੋਂ ਬਾਅਦ ਕਿਸਾਨ ਸਰਕਾਰ ਤੋਂ ਮਨਜ਼ੂਰਸ਼ੁਦਾ ਫਰਮਾਂ ਤੋਂ ਕਣਕ ਦਾ ਸਬਸਿਡੀ ਵਾਲਾ ਬੀਜ ਖ੍ਰੀਦ ਸਕਦੇ ਹਨ। ਹਰ ਇਕ ਬੈਗ ਪਿੱਛੇ ਸਰਕਾਰ ਵੱਲੋਂ 4 ਸੌ ਰੁਪਏ ਸਬਸਿਡੀ ਦਿੱਤੀ ਜਾਵੇਗੀ, ਇਕ ਕਿਸਾਨ ਸਿਰਫ ਪੰਜ ਬੈਗ ਹੀ ਲੈ ਸਕਦਾ ਹੈ।


Related News