ਠੱਗੀ ਦੇ ਕੇਸ ’ਚ ਮਦਦ ਕਰਨ ਦੇ ਬਹਾਨੇ ਸਬ-ਇੰਸਪੈਕਟਰ ਨੇ ਕੀਤਾ ਮਾਡਲ ਨਾਲ ਜਬਰ-ਜ਼ਨਾਹ

10/19/2018 5:05:29 AM

ਚੰਡੀਗਡ਼੍ਹ, (ਸੁਸ਼ੀਲ) : ਚੰਡੀਗਡ਼੍ਹ ਪੁਲਸ  ਦੇ ਸਬ-ਇੰਸਪੈਕਟਰ ਨੇ ਮੁੰਬਈ ਦੀ ਮਾਡਲ ਨਾਲ ਇੰਡਸਟ੍ਰੀਅਲ ਏਰੀਆ ਫੇਜ਼-2 ਦੇ ਇਕ ਹੋਟਲ ’ਚ ਜਬਰ ਜ਼ਨਾਹ ਕੀਤਾ। ਮਾਡਲ ਨੇ ਸਬ-ਇੰਸਪੈਕਟਰ ਖਿਲਾਫ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਸੈਕਟਰ-31 ਥਾਣਾ ਪੁਲਸ ਨੇ ਮਾਡਲ ਦੀ ਸ਼ਿਕਾਇਤ ’ਤੇ ਮੁਲਜ਼ਮ ਸਬ-ਇੰਸਪੈਕਟਰ ਨਵੀਨ ਫੋਗਾਟ ’ਤੇ ਜਬਰ-ਜ਼ਨਾਹ ਤੇ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਮਾਮਲਾ ਦਰਜ ਕੀਤਾ ਹੈ। ਪੁਲਸ  ਮੁਲਜ਼ਮ ਸਬ-ਇੰਸਪੈਕਟਰ ਦੀ ਭਾਲ ਕਰ ਰਹੀ ਹੈ। ਉਸ ਦਾ ਮੋਬਾਇਲ ਫੋਨ ਬੰਦ ਆ ਰਿਹਾ ਹੈ। ਪੁਲਸ ਸਬ-ਇੰਸਪੈਕਟਰ ਦੀ ਮੋਬਾਇਲ ਲੋਕੇਸ਼ਨ ਚੈੱਕ ਕਰ ਰਹੀ ਹੈ। ਪੁਲਸ ਨੇ ਦੱਸਿਆ ਕਿ ਮੁਲਜ਼ਮ ਪੁਲਸ ਲਾਈਨ ’ਚ ਡਿਊਟੀ ਕਰ ਰਿਹਾ ਸੀ। ਉਸ ਨੂੰ ਪੁਲਸ ਵਿਭਾਗ ਨੇ ਮੁਅੱਤਲ ਕਰ ਦਿੱਤਾ ਹੈ। 
  ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ
 ਮੁੰਬਈ ਦੀ ਮਾਡਲ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਨਾਲ ਧਨਾਸ ਦੇ ਨੌਜਵਾਨ ਰਾਹੁਲ ਨੇ ਪੰਜਾਬੀ ਫਿਲਮਾਂ ’ਚ ਰੋਲ ਦਿਵਾਉਣ ਦੇ ਨਾਂ ’ਤੇ 12 ਲੱਖ ਰੁਪਏ ਦੀ ਠੱਗੀ ਕੀਤੀ ਸੀ। ਮਾਡਲ ਨੇ ਰਾਹੁਲ ਖਿਲਾਫ ਸਾਈਬਰ ਸੈੱਲ ਨੂੰ ਸ਼ਿਕਾਇਤ ਦਿੱਤੀ ਸੀ। ਇਸ ਦੀ ਜਾਂਚ ਕਰ ਰਹੇ ਸਬ-ਇੰਸਪੈਕਟਰ ਨਵੀਨ ਫੋਗਾਟ ਨੇ  ਰਾਹੁਲ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਕਾਬੂ ਕੀਤਾ ਸੀ।  ਮਾਡਲ ਨੇ ਦੋਸ਼ ਲਾਇਆ ਕਿ ਇਸ ਦੌਰਾਨ ਉਨ੍ਹਾਂ ਦੀ ਸਬ-ਇੰਸਪੈਕਟਰ ਨਾਲ ਜਾਣ-ਪਛਾਣ ਹੋ ਗਈ।  ਠੱਗੀ ਦੇ ਕੇਸ ’ਚ  ਮਦਦ ਕਰਨ ਦੇ ਨਾਂ ’ਤੇ ਨਵੀਨ ਉਸ ਨਾਲ ਗੱਲਬਾਤ ਕਰਨ ਲੱਗਾ। ਕੇਸ ’ਚ ਮਦਦ ਦੇ ਨਾਂ ’ਤੇ ਮੁਲਜ਼ਮ ਸਬ-ਇੰਸਪੈਕਟਰ ਨੇ ਉਸ ਨੂੰ ਚੰਡੀਗਡ਼੍ਹ ਬੁਲਾਇਆ ਤੇ ਉਸ ਨੂੰ ਇੰਡਸਟ੍ਰੀਅਲ ਫੇਜ਼-2 ਦੇ ਹੋਟਲ ’ਚ 3 ਮਹੀਨੇ ਪਹਿਲਾਂ ਲੈ ਕੇ ਗਿਆ, ਜਿਥੇ ਸਬ-ਇੰਸਪੈਕਟਰ ਨੇ ਉਸ ਨਾਲ  ਜਬਰ-ਜ਼ਨਾਹ ਕੀਤਾ।  ਇਸ ਦੇ ਨਾਲ ਹੀ ਮੁਲਜ਼ਮ  ਨੇ ਜਬਰ-ਜ਼ਨਾਹ ਬਾਰੇ ਕਿਸੇ ਨੂੰ ਜਾਣਕਾਰੀ ਦੇਣ ’ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। 
 ਬਿਟਕਵਾਇਨ ’ਚ ਲੱਗੇ ਸਨ ਸਬ-ਇੰਸਪੈਕਟਰ ’ਤੇ ਦੋਸ਼
 ਬਿਟਕਵਾਇਨ ਮਾਮਲੇ ’ਚ ਮੁਲਜ਼ਮ  ਸੰਚਿਤ ਦੀ ਫੇਵਰ ਕਰਨ ਦੇ ਨਾਂ ’ਤੇ ਲੱਖਾਂ ਰੁਪਏ ਲੈਣ ਦੇ ਦੋਸ਼ ਜਾਂਚ ਅਧਿਕਾਰੀ ਸਬ-ਇੰਸਪੈਕਟਰ ਨਵੀਨ ਫੋਗਾਟ ’ਤੇ ਲੱਗੇ ਸਨ। ਡੀ. ਐੱਸ. ਪੀ. ਰਸ਼ਮੀ ਯਾਦਵ ਨੇ ਮਾਮਲੇ ਦੀ ਜਾਂਚ ਕੀਤੀ, ਜਿਸ ’ਚ ਨਵੀਨ ਨੂੰ ਦੋਸ਼ੀ ਪਾਇਆ ਤੇ ਉਸ ਨੂੰ ਸਾਈਬਰ ਸੈੱਲ ਤੋਂ ਪੁਲਸ ਲਾਈਨ ’ਚ ਟਰਾਂਸਫਰ ਕਰ ਦਿੱਤੀ, ਜਿਸ ਦੀ ਜਾਂਚ ਅਜੇ ਚੱਲ ਰਹੀ ਹੈ।   
 


Related News