ਸ੍ਰੀ ਮੁਕਤਸਰ ਸਾਹਿਬ ਦਾਣਾ ਮੰਡੀ ’ਚ ਕਿਸਾਨਾਂ ਨੇ ਰੁਕਵਾਈ ਨਰਮੇ ਦੀ ਬੋਲੀ, ‘ਕਿਹਾ ਹੋ ਰਹੀ ਕਿਸਾਨਾਂ ਨਾਲ ਲੁੱਟ’

09/22/2021 3:30:48 PM

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ, ਪਵਨ): ਸ੍ਰੀ ਮੁਕਤਸਰ ਸਾਹਿਬ ਦੀ ਦਾਣਾ ਮੰਡੀ ਵਿਚ ਚੱਲ ਰਹੀ ਨਰਮੇ ਦੀ ਬੋਲੀ ਨੂੰ ਅੱਜ ਮੌਕੇ ’ਤੇ ਪਹੁੰਚ ਕੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਰੁਕਵਾ ਦਿੱਤਾ। ਕਿਸਾਨ ਜਥੇਬੰਦੀਆਂ ਦੇ ਆਗੂਆਂ ਦਾ ਦੋਸ਼ ਸੀ ਕਿ ਨਰਮੇ ਦੀ ਬੋਲੀ ਦਾ ਰੇਟ ਸ੍ਰੀ ਮੁਕਤਸਰ ਸਾਹਿਬ ਮੰਡੀ ਵਿਚ ਨੇੜਲੀਆਂ ਮੰਡੀਆਂ ਨਾਲ ਪ੍ਰਤੀ ਕੁਇੰਟਲ 600-700 ਰੁਪਏ ਘੱਟ ਦਿੱਤਾ ਜਾ ਰਿਹਾ ਹੈ।ਇਸ ਤਰ੍ਹਾਂ ਕਿਸਾਨ ਦੀ ਸਿੱਧੇ ਤੌਰ ’ਤੇ ਪ੍ਰਾਈਵੇਟ ਵਪਾਰੀ ਲੁੱਟ ਕਰ ਰਹੇ ਹਨ। ਘੱਟ ਰੇਟ ਦੇ ਚੱਲਦਿਆਂ ਮੰਡੀ ’ਚੋਂ ਕਿਸਾਨ ਨਰਮਾ ਵਾਪਸ ਟਰਾਲੀਆਂ ’ਚ ਭਰ ਕੇ ਪਿੰਡ ਲੈ ਗਏ।

ਵਰਨਣਯੋਗ ਹੈ ਕਿ ਸ੍ਰੀ ਮੁਕਤਸਰ ਸਾਹਿਬ ਦਾਣਾ ਮੰਡੀ ਵਿਚ ਨਰਮੇ ਦੀ ਆਮਦ ਸ਼ੁਰੂ ਹੋ ਗਈ ਹੈ। ਪਰ ਮੰਡੀ ’ਚ ਦੋ ਹੀ ਪ੍ਰਾਈਵੇਟ ਖ਼ਰੀਦਦਾਰ ਪਹੁੰਚਣ ਕਾਰਨ ਕਿਸਾਨਾਂ ਨੂੰ ਨਰਮੇ ਦਾ ਭਾਅ ਨੇੜਲੀਆਂ ਮੰਡੀਆਂ ਤੋਂ ਕਰੀਬ 600-700 ਰੁਪਏ ਪ੍ਰਤੀ ਕੁਇੰਟਲ ਘੱਟ ਮਿਲ ਰਿਹਾ ਹੈ। ਇਸ ਦੌਰਾਨ ਅੱਜ ਨਰਮੇ ਦੀ ਬੋਲੀ ਦੌਰਾਨ ਮੌਕੇ ’ਤੇ ਪਹੁੰਚ ਕਿਸਾਨ ਜਥੇਬੰਦੀਆਂ ਦੇ ਆਗੂਆਂ ਬੋਹੜ ਸਿੰਘ ਜਟਾਣਾ, ਗੋਬਿੰਦ ਸਿੰਘ ਕੋਟਲੀ ਨੇ ਨਰਮੇ ਦੀ ਬੋਲੀ ਰੁਕਵਾ ਦਿੱਤੀ ਅਤੇ ਕਿਸਾਨ ਨਰਮੇ ਨੂੰ ਵਾਪਸ ਹੀ ਟਰਾਲੀ ਤੇ ਲੱਦ ਕੇ ਲੈ ਗਏ। ਕਿਸਾਨ ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਹੈ ਕਿ ਮਲੋਟ ਅਤੇ ਗਿੱਦੜਬਾਹਾ ਵਿਚ ਨਰਮੇ ਦਾ ਭਾਅ 7000 ਰੁਪਏ ਪ੍ਰਤੀ ਕੁਇੰਟਲ ਤੋਂ ਉਪਰ ਹੈ ਜਦਕਿ ਸ੍ਰੀ ਮੁਕਤਸਰ ਸਾਹਿਬ ਵਿਖੇ ਕੁਝ ਪ੍ਰਾਈਵੇਟ ਵਪਾਰੀ ਆਪਸ ਵਿਚ ਮਿੱਥ ਕੇ ਨਰਮੇ ਦਾ ਭਾਅ 6400- 6500 ਰੁਪਏ ਪ੍ਰਤੀ ਕੁਇੰਟਲ ਦੇ ਰਹੇ ਹਨ।

PunjabKesari

ਉਨ੍ਹਾਂ ਕਿਹਾ ਕਿ ਅਜਿਹਾ ਜਾਨ ਬੁੱਝ ਕੀਤਾ ਜਾ ਰਿਹਾ ਹੈ। ਜੇਕਰ ਅਜਿਹਾ ਹੀ ਹੋਇਆ ਤਾਂ ਉਹ ਨਰਮੇ ਦੀ ਬੋਲੀ ਮੰਡੀ ਵਿਚ ਨਹੀਂ ਲੱਗਣ ਦੇਣਗੇ। ਕਿਉਂਕਿ ਇਸ ਮੰਡੀ ਵਿਚ ਵੀ ਭਾਅ ਨੇੜਲੀਆਂ ਮੰਡੀਆਂ ਦੇ ਬਰਾਬਰ ਮਿਲਣਾ ਚਾਹੀਦਾ ਹੈ। ਉਧਰ ਇਸ ਮਾਮਲੇ ਵਿਚ ਮਾਰਕਿਟ ਕਮੇਟੀ ਸਕੱਤਰ ਬਲਕਾਰ ਸਿੰਘ ਇਸ ਗੱਲ ਨੂੰ ਤਾਂ ਮੰਨਦੇ ਹਨ ਕਿ ਨੇੜਲੀਆਂ ਮੰਡੀਆਂ ਤੋਂ ਘੱਟ ਭਾਅ ਸ੍ਰੀ ਮੁਕਤਸਰ ਸਾਹਿਬ ਵਿਖੇ ਲੱਗ ਰਿਹਾ ਹੈ। ਪਰ ਉਨ੍ਹਾਂ ਦਾ ਕਹਿਣਾ ਕਿ ਇਹ ਇਸ ਲਈ ਹੋ ਰਿਹਾ ਕਿਉਂਕਿ ਸ੍ਰੀ ਮੁਕਤਸਰ ਸਾਹਿਬ ਮੰਡੀ ਵਿਚ ਨਰਮੇ ਦੇ ਵਪਾਰੀ ਨਵਰਾਤਿਆਂ ਤੋਂ ਬਾਅਦ ਆਉਣਗੇ ਅਤੇ ਹੁਣ ਖਰੀਦ ਕਰਨ ਵਾਲੇ ਇੱਕ ਦੋ ਘਰ ਵੀ ਆ ਰਹੇ ਹਨ ਜੋ ਮਨਮਰਜ਼ੀ ਦਾ ਰੇਟ ਲਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਇਹ ਰੇਟ ਐੱਮ.ਐੱਸ.ਪੀ. ਤੋਂ ਘੱਟ ਹੁੰਦਾ ਤਾਂ ਮਾਰਕਿਟ ਕਮੇਟੀ ਕਾਰਵਾਈ ਕਰ ਸਕਦੀ ਸੀ ਪਰ ਕਿਉਂਕਿ ਇਹ ਰੇਟ ਐੱਮ.ਐੱਸ.ਪੀ. ਤੋਂ ਵੱਧ ਹੈ। ਇਸ ਲਈ ਇਸ ਤਰ੍ਹਾਂ ਦੀ ਕੋਈ ਕਾਰਵਾਈ  ਨਹੀਂ ਕੀਤੀ ਜਾ ਸਕਦੀ। ਸ੍ਰੀ ਮੁਕਤਸਰ ਸਾਹਿਬ ਮੰਡੀ ਵਿਚ ਰੇਟ ਘੱਟ ਹੋਣ ਦਾ ਅਸਲ ਕਾਰਨ ਮੰਡੀ ਵਿਚ ਨਰਮੇ ਦੇ ਵਪਾਰੀਆਂ ਦਾ ਅਜੇ ਨਾ ਆਉਣਾ ਹੈ।


Shyna

Content Editor

Related News